ਮਾਨ ਸਰਕਾਰ ਕਰੇ ਸਵੈਪੜਚੋਲ
ਪੰਜਾਬ ’ਚ ਸ਼ੁਰੂ ਤੋਂ ਹੀ ਆਮ ਆਦਮੀ ਪਾਰਟੀ ਨੂੰ ਭਰਪੂਰ ਪਿਆਰ ਅਤੇ ਸਤਿਕਾਰ ਮਿਲਿਆ ਹੈ। ਪੰਜਾਬ ਵਿਚ ਪਹਿਲੀ ਵਾਰ ਸੰਸਦ ਮਿਲੇ, ਫਿਰ ਦਿੱਲੀ ਤੋਂ ਬਾਅਦ ਪੰਜਾਬ ਵਿਚ ਪ੍ਰਚੰਡ ਬਹੁਮਤ ਵਾਲੀ ਸਰਕਾਰ ਬਣਾਈ। ਜਿਸ ਵਿਚ 92 ਵਿਧਾਇਕ ਆਪ ਦੇ ਚੁਣੇ ਗਏ। ਇਸ ਹਿਸਾਬ ਨਾਲ ਪੰਜਾਬ ਵਿਚ ਆਪ ਦੇ ਜਿਸ ਤਰ੍ਹਾਂ ਸਾਰੇ ਹਲਕਿਆਂ ਵਿਚ ਵਿਧਾਇਕ ਹੋਣ ਉਸਦੇ ਤਾਂ ਪੰਜਾਬ ਵਿਚ 13 ਮੈਂਬਰਪਾਰਲੀਮੈਂਟ ਹਨਣੇ ਚਾਹੀਦੇ ਸਨ। ਪਰ ਹਾਲਾਤ ਇਸਤੋਂ ਬਿਲਕੁਲ ਉਲਟ ਹੋ ਗਏ। ਲੋਕ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ 50% ਤੋਂ ਵੱਧ ਸੀਟਾਂ ਤੇ ਹਾਰ ਗਏ। ਜੇਕਰ ਇਸ ਸਮੇਂ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੁੰਦੀਆਂ ਹਨ, ਤਾਂ ਆਮ ਆਦਮੀ ਪਾਰਟੀ 30-35 ਸੀਟਾਂ ’ਤੇ ਸਿਮਟ ਜਾਵੇਗੀ। ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੇ ਨਾਅਰੇ ਅਨੁਸਾਰ ਪੰਜਾਬ ਵਿੱਚ 13-0 ਦਾ ਅੰਕੜਾ ਮਿਲੇਗਾ, ਪਰ ਆਮ ਆਦਮੀ ਪਾਰਟੀ ਦੇਸ਼ ਭਰ ਵਿੱਚੋਂ ਸਿਰਫ਼ ਤਿੰਨ ਸੀਟਾਂ ਹੀ ਹਾਸਲ ਕਰ ਸਕੀ ਹੈ ਅਤੇ ਉਹ ਵੀ ਪੰਜਾਬ ਵਿੱਚ ਹੀ। ਪੰਜਾਬ ਵਿਚ ਨਸ਼ੇ, ਭ੍ਰਿਸ਼ਟਾਚਾਰ, ਰੇਤ ਮਾਫ਼ੀਆ ਅਤੇ ਗੁੰਡਾਗਰਦੀ ਨੂੰ ਖ਼ਤਮ ਕਰਨ ਦੇ ਨਾਂ ’ਤੇ ਆਪ ਸੱਤਾ ਵਿੱਚ ਆਈ ਹੈ। ਪੰਜਾਬ ਨੂੰ ਪੂਰੀ ਉਮੀਦ ਸੀ ਕਿ ਜੋ ਕਾਂਗਰਸ ਅਤੇ ਅਕਾਲੀ ਦਲ ਨਹੀਂ ਕਰ ਸਕੇ, ਉਹ ਆਮ ਆਦਮੀ ਪਾਰਟੀ ਕਰੇਗੀ। ਪਰ ਇਨ੍ਹਾਂ ਸਾਰੇ ਮਾਮਲਿਆਂ ਵਿਚ ਪੰਜਾਬ ਦੇ ਲੋਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਅਤੇ ਮਾਨ ਸਰਕਾਰ ਬੁਰੀ ਤਰ੍ਹਾਂ ਫੇਲ ਸਾਬਤ ਹੋਈ। ਇੱਥੇ ਇੱਕ ਹੋਰ ਗੱਲ ਧਿਆਨ ਦੇਣ ਯੋਗ ਹੈ ਕਿ ਪੰਜਾਬ ਵਿੱਚ ਸੱਤਾ ਸੰਭਾਲਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਨੇ 600 ਯੂਨਿਟ ਬਿਜਲੀ ਮੁਆਫ਼ ਕੀਤੀ ਸੀ, ਜਿਸ ਦਾ ਲਾਭ ਸੂਬੇ ਦੇ ਹਰ ਵਰਗ ਨੂੰ ਮਿਲ ਰਿਹਾ ਹੈ । ਸਰਕਾਰ ਵੱਲੋਂ ਇਸ ਤਰ੍ਹਾਂ ਦਆਂ ਸਹੂਲਤਾਂ ਪ੍ਰਧਾਨ ਕਰਨ ਦੇ ਬਾਵਜੂਦ ਵੀ ਲੋਕ ਸਭਾ ਚੋਣਾਂ ’ਚ ਇਸ ਦਾ ਕੋਈ ਫਾਇਦਾ ਨਹੀਂ ਹੋ ਸਕਿਆ। ਪੰਜਾਬ ਦੀਆਂ ਸਾਰੀਆਂ ਸੀਟਾਂ ’ਤੇ ਆਮ ਆਦਮੀ ਪਾਰਟੀ ਦਾ ਵੱਕਾਰ ਦਾਅ ’ਤੇ ਲੱਗਾ ਹੋਇਆ ਸੀ। ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ ਤੋਂ ਲੈ ਕੇ ਲੋਕ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਸੱਤਾ ’ਚ ਹੋਣ ਦੇ ਬਾਵਜੂਦ ਪਾਰਟੀ ਨੂੰ 10 ਸੀਟਾਂ ’ਤੇ ਨਿਰਾਸ਼ਾਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪੰਜਾਬ ’ਚ ਭ੍ਰਿਸ਼ਟਾਚਾਰ ਹੁਣ ਵੀ ਚਰਮ ਸੀਮਾ ਤੇ ਹੈ। ਨਗਰ ਕੌਂਸਲਾਂ ਅਤੇ ਤਹਿਸੀਲਾਂ ’ਚ ਐਨਓਸੀ ਦੇ ਨਾਂ ਤੇ ਵੱਡੀ ਪੱਧਰ ’ਤੇ ਲੁੱਟ ਹੋ ਰਹੀ ਹੈ। ਦਫਤਰਾਂ ’ਚ ਚੱਲ ਰਿਹਾ ਭ੍ਰਿਸ਼ਟਾਚਾਰ, ਲਗਾਤਾਰ ਖਬਰਾਂ ’ਚ ਰਹਿਣ ਦੇ ਬਾਵਜੂਦ ਸਰਕਾਰ ਨੇ ਇਸ ਵੱਲ ਕੋਈ ਧਿਆਨ ਦੇਣਾ ਜ਼ਰੂਰੀ ਨਹੀਂ ਸਮਝਿਆ। ਨਗਰ ਕੌਸਲਾਂ ’ਚ ਹੀ ਐਨ.ਓ.ਸੀ ਦੇ ਨਾਂ ਤੇ ਸ਼ਰੇਆਮ ਲੁੱਟ ਹੁੰਦੀ ਰਹੀ ਅਤੇ ਤਹਿਸੀਲ ਦਫਤਰਾਂ ਵਿਚ ਰਜਿਸਟਰੀਆਂ ਦੇ ਨਾਂ ਤੇ ਲੁੱਟ ਹੁੰਦੀ ਰਹੀ। ਇਸ ਲੁੱਟ ਦੀ ਅਖਬਰਾਂ ਵਿਚ ਵੀ ਚਰਚਾ ਰਹੀ ਅਤੇ ਹਲਕੇ ਦੇ ਵਿਧਾਇਕਾਂ ਨੂੰ ਵੀ ਇਸ ਲੁੱਟ ਬਾਰੇ ਭਲੀਭਾਂਤ ਜਾਣਕਾਰੀ ਹੈ ਪਰ ਉਸਦੇ ਬਾਵਜੂਦ ਸਰਕਾਰ ਨਵੇ ਅੱਖਾਂ ਮੀਚੀ ਰੱਖੀਆਂ। ਰੇਤ ਮਾਫੀਆ ਦੀ ਗੱਲ ਕਰੀਏ ਤਾਂ ਰੇਤ ਮਾਫੀਆ ਵੀ ਪਹਿਲਾਂ ਹੀ ਜ਼ਿਆਦਾ ਤਾਕਤਵਰ ਅਤੇ ਸਰਗਰਮ ਹੋ ਕੇ ਲੁੱਟ ਮਚਾ ਰਿਹਾ ਹੈ। ਸਰਕਾਰ ਨੇ 5 ਰੁਪਏ ਰੇਤ ਦੇਣ ਦਾ ਵਾਅਦਾ ਕੀਤਾ ਅਤੇ ਸਰਕਾਰੀ ਖੱਡਾਂ ਚਲਾਉਣ ਦੀ ਗੱਲ ਆਖੀ ਪਰ 35 ਤੋਂ 40 ਰੁਪਏ ਤੱਕ ਰੇਤ ਮਿਲ ਰਹੀ ਹੈ। ਨਸ਼ੇ ਦੀ ਗੱਲ ਕਰੀਏ ਤਾਂ ਪੰਜਾਬ ਵਿਚ ਨਸ਼ੇ ਨੇ ਹਰ ਹੱਦ ਪਾਰ ਕਰ ਦਿੱਤੀ ਹੈ। ਰੋਜਾਨਾ ਨੌਜਵਾਨ ਨਸ਼ੇ ਦੀ ਭੇਂਟ ਚੜ੍ਹ ਰਹੇ ਹਨ। ਪੰਜਾਬ ’ਚ ਗੁੰਡਾਗਰਦੀ ਦੀਆਂ ਘਟਨਾਵਾਂ ਵੀ ਸਰਕਾਰ ਨੂੰ ਸਮੇਂ ਸਮੇਂ ਤੇ ਸ਼ਰਮਸਾਰ ਕਰਦੀਆਂ ਹਨ। ਇਸ ਤੋਂ ਇਲਾਵਾ ਪਾਰਟੀ ਦੇ ਵਲੰਟੀਅਰਾਂ ਨੂੰ ਛੱਡ ਕੇ ਪਾਰਟੀ ਵਲੋਂ ਦਲ ਬਦਲੂਆਂ ’ਤੇ ਜ਼ਿਆਦਾ ਭਰੋਸਾ ਕੀਤਾ ਗਿਆ। ਪਰ ਪਾਰਟੀ ’ਚ ਵਾਲੰਟਰੀਆਂ ਦੀ ਚੁੱਪ ਦਾ ਨੁਕਸਾਨ ਜ਼ਰੂਰ ਝੱਲਣਾ ਪਿਆ ਪਰ ਦਲ ਬਦਲੂ ਕੋਈ ਵੋਟ ਨਹੀਂ ਪੁਆ ਸਕੇ। ਇਸ ਤੋਂ ਇਲਾਵਾ ਵੀ ਕਈ ਅਜਿਹੀਆਂ ਘਟਨਾਵਾਂ ਵਾਪਰੀਆਂ, ਜਿਨ੍ਹਾਂ ਨੇ ਪਾਰਟੀ ਪ੍ਰਤੀ ਗੁੱਸਾ ਜਾਹਿਰ ਕੀਤਾ। ਜਿਸ ਵਿਚ ਭਾਈ ਅੰਮ੍ਰਿਤਪਾਲ ਸਿੰਘ ਨੂੰ ਐਮਐਸਏ ਵਰਗਾ ਕਾਨੂੰਨ ਲਗਾ ਕੇ ਡਿਬਰੂਗੜ੍ਹ ਜੇਲ ਵਿਚ ਨਜਰਬੰਦ ਕੀਤਾ ਗਿਆ। ਜੇਕਰ ਭਾਈ ਅੰਮ੍ਰਿਤਪਾਲ ਸਿੰਘ ਨੇ ਕੋਈ ਅਜਿਹਾ ਕੰਮ ਕੀਤਾ ਸੀ ਤਾਂ ਉਸਦੇ ਅਨੁਸਾਰ ਧਾਰਾਵਾਂ ਲਗਾ ਕੇ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਸੀ , ਨਾ ਕਿ ਉਸਨੂੰ ਡਿਬਰੂਗੜ੍ਹ ਵਰਗੀ ਬਾਹਰੀ ਜੇਲ ਵਿਚ ਭੇਜਣਾ ਚਾਹੀਦਾ ਸੀ। ਇਸੇ ਗੱੁਸੇ ਨੂੰ ਮੁੱਖ ਰੱਖ ਕੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਤੋਂ ਭਾਰੀ ਬਹੁਮਤ ਨਾਲ ਜਿਤਾਇਆ ਅਤੇ ਫਿਰੋਜ਼ਪੁਰ ਤੋਂ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਪਾਰਲੀਮੈਂਟ ਵਿਚ ਭੇਜ ਕੇ ਆਪਣਾ ਗੁੱਸਾ ਸਰਕਾਰ ਖਿਲਾਫ ਜਾਹਿਰ ਕੀਤਾ। ਇਸ ਮਾਮਲੇ ਨੂੰ ਲੈ ਕੇ ਲੋਕਾਂ ਨੇ ਇਕ ਵਾਰੀ ਪੰਜਾਬ ਦੀ ਮਾਨ ਸਰਕਾਰ ਨੂੰ ਆਪਣੀ ਗਲਤੀ ਦਾ ਅਹਿਸਾਸ ਕਰਵਾਇਆ। ਇਥੇ ਇਕ ਗੱਲ ਤਾਂ ਸਾਫ ਹੋ ਗਈ ਹੈ ਕਿ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਮੁਫਤ ਸਹੂਲਤ ਦਿੰਦੇ ਹੋ ਤਾਂ ਉਨ੍ਹਾਂ ਨਾਲ ਚੋਣਾਂ ’ਚ ਕੋਈ ਫਾਇਦਾ ਨਹੀਂ ਹੁੰਦਾ। ਇਸ ਲਈ ਸਰਕਾਰ ਦੇ ਕੋਲ ਅਜੇ ਵੀ 2 ਸਾਲ ਬਾਕੀ ਹਨ, ਇਸ ਦੌਰਾਨ ਲੋਕਾਂ ਨੂੰ ਭਿ੍ਰਸ਼ਟਾਚਾਰ, ਰੇਤ ਮਾਫੀਆ, ਨਸ਼ਾਖੋਰੀ ਅਤੇ ਗੁੰਡਾਗਰਦੀ ਨੂੰ ਖਤਮ ਕਰਨ ਲਈ ਕੰਮ ਕਰਨਾ ਚਾਹੀਦਾ ਹੈ। ਜੇਕਰ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਹਾਲਾਤ ਬਣੇ ਰਹੇ ਅਤੇ ਇਨ੍ਹਾਂ ਮਾਮਲਿਆਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਵੀ ਉਸੇ ਤਰ੍ਹਾਂ ਦਾ ਹਸ਼ਰ ਹੋ ਸਕਦਾ ਹੈ ਜਿਸ ਤਰ੍ਹਾਂ ਦਾ ਅਕਾਲੀ ਦਲ ਅਤੇ ਕਾਂਗਰਸ ਦਾ ਹੋਇਆ ਸੀ। ਭਾਰੀ ਬਹੁਮਤ ਨਾਲ ਜਿੱਤ ਕੇ ਸਰਕਾਰ ਬਨਾਉਣ ਵਾਲੀ ਆਪ ਇਸ ਵਾਰ ਲੋਕ ਸਭਾ ਚੋਣਾਂ ਵਿਚ ਕਾਂਗਰਸ ਤੋਂ ਬੁਰੀ ਤਰ੍ਹਾਂ ਨਾਲ ਮਾਤ ਖਾ ਗਈ ਹੈ ਅਤੇ ਨਾ ਸੰਭਲਿਆ ਗਿਆ ਤਾਂ ਅਗਲੀ ਵਾਰ ਕਾਂਗਰਸ ਨੂੰ ਅੱਗੇ ਆਉਣ ਤੋਂ ਰੋਕ ਨਹੀਂ ਸਕੋਗੇ।
ਹਰਵਿੰਦਰ ਸਿੰਘ ਸੱਗੂ।
98723-27899