ਜਗਰਾਉਂ , 16 ਅਪ੍ਰੈਲ ( ਵਿਕਾਸ ਮਠਾੜੂ )- ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਬੀਤੇ ਐਤਵਾਰ ਨੂੰ ਸ਼ਹਿਰ ਵਿੱਚ’ ਖਾਲਸਾ ਮਾਰਚ'( ਨਗਰ ਕੀਰਤਨ) ਦਾ ਆਯੋਜਨ ਕੀਤਾ ਗਿਆ ਸੀ ਜਿਸ ਵਿੱਚ ਜਿੱਥੇ ਸੰਗਤਾਂ ਨੇ ਕੇਸਰੀ/ ਦਸਤਾਰਾਂ/ ਦੁਮਾਲੇ ਤੇ ਦੁਪੱਟੇ ਆਪਣੇ ਸਿਰਾਂ ਤੇ ਸਜਾਏ ਹੋਏ ਸਨ, ਉੱਥੇ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਜਥੇਬੰਦੀਆਂ ਨੇ ਵੀ ਆਪਣੇ ਰਵਾਇਤੀ ਹਥਿਆਰਾਂ ਅਤੇ ਬਾਣੇ ਨਾਲ ਲੈਸ ਖਾਲਸਾ ਮਾਰਚ ਵਿੱਚ ਸ਼ਿਰਕਤ ਕੀਤੀ। ਨਗਰ ਕੀਰਤਨ ਵਿੱਚ ਨਿਹੰਗ ਸਿੰਘਾਂ ਦਾ ਜਾਹੋ ਜਲਾਲ ਦੇਖ ਕੇ ਸੰਗਤਾਂ ਵੀ ਬੜੀਆਂ ਉਤਸਾਹਤ ਨਜ਼ਰ ਆ ਰਹੀਆਂ ਸਨ। ਨਗਰ ਕੀਰਤਨ ਦੇ ਪ੍ਰਬੰਧਕਾਂ ਵੱਲੋਂ ਨਗਰ ਕੀਰਤਨ ਦੀ ਸਮਾਪਤੀ ਤੇ ਗੁਰਦੁਆਰਾ ਭਜਨਗੜ੍ ਵਿਖੇ ਸਾਰੀਆਂ ਨਿਹੰਗ ਜਥੇਬੰਦੀਆਂ ਦਾ ਸਤਿਕਾਰ ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਆਖਿਆ ਕਿ ਗੁਰੂ ਦੀਆਂ ਲਾਡਲੀਆਂ ਫੌਜਾਂ ਦੀ ਸ਼ਮੂਲੀਅਤ ਨੇ ਖਾਲਸਾ ਮਾਰਚ ਵਿੱਚ ਸ਼ਾਮਿਲ ਸੰਗਤਾਂ ਦੇ ਚਾਅ ਨੂੰ ਦੁਗਣਾ- ਚੌਗਣਾ ਕਰ ਦਿੱਤਾ ਤੇ ਸੰਗਤਾਂ ਵੀ ਆਪ ਮੁਹਾਰੇ ਹੀ ਜੈਕਾਰੇ ਗਜਾਉਂਦੀਆਂ ਰਹੀਆਂ ।