Home Punjab ਢਿੱਲੀਆਂ ਤਾਰਾਂ ਬਣੀਆਂ ਹਾਦਸੇ ਦਾ ਕਾਰਨ, ਕਰੰਟ ਦੀ ਲਪੇਟ ’ਚ ਆਏ ਇੱਕੋ...

ਢਿੱਲੀਆਂ ਤਾਰਾਂ ਬਣੀਆਂ ਹਾਦਸੇ ਦਾ ਕਾਰਨ, ਕਰੰਟ ਦੀ ਲਪੇਟ ’ਚ ਆਏ ਇੱਕੋ ਪਰਿਵਾਰ ਦੇ ਸੱਤ ਜੀਅ

29
0


ਸਰਦੂਲਗੜ੍ਹ,15 ਜੂਨ (ਰਾਜੇਸ਼ ਜੈਨ – ਮੁਕੇਸ਼) : ਵਾਰਡ ਨੰਬਰ 3 ਦੇ ਬੇਅੰਤ ਨਗਰ ’ਚ ਦਰੱਖਤ ਨੂੰ ਛੂੰਹਦੀ ਬਿਜਲੀ ਦੀ ਤਾਰ ਦੇ ਕਾਰਨ ਪਰਿਵਾਰ ਦੇ ਸੱਤ ਜੀਆਂ ਨੂੰ ਕਰੰਟ ਲੱਗ ਗਿਆ। ਸਾਰਿਆਂ ਨੂੰ ਤੁਰੰਤ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਦੱਸਣਯੋਗ ਹੈ ਕਿ ਸ਼ੁੱਕਰਵਾਰ ਸ਼ਾਮ ਸਰਦੂਲਗੜ੍ਹ ਦੇ ਵਾਰਡ ਨੰਬਰ 3 ਬੇਅੰਤ ਨਗਰ ਵਿਚ ਬਿਜਲੀ ਦੀਆਂ ਢਿੱਲੀਆਂ ਤਾਰਾਂ ਜੋ ਕਿ ਦਰੱਖਤ ਨੂੰ ਛੂਹ ਰਹੀਆਂ ਸਨ ਤਾਂ ਉਸ ਦੇ ਹੇਠਾਂ ਖੜ੍ਹੇ ਇਕ ਵਿਅਕਤੀ ਨੇ ਉਸ ਦਰੱਖਤ ਨੂੰ ਹੱਥ ਪਾ ਲਿਆ। ਉਹ ਕਰੰਟ ਦੀ ਲਪੇਟ ਵਿਚ ਆ ਗਿਆ। ਜਦ ਹੀ ਉਸ ਨੂੰ ਛਡਵਾਉਣ ਲਈ ਉਸ ਦੇ ਦੂਜੇ ਪਰਿਵਾਰਕ ਮੈਂਬਰ ਨੇ ਉਸ ਨਾਲ ਹੱਥ ਲਾਇਆ ਤਾਂ ਉਹ ਵੀ ਉਸ ਦੇ ਨਾਲ ਲੱਗ ਗਿਆ। ਇਸੇ ਤਰ੍ਹਾਂ ਲਗਾਤਾਰ ਪਰਿਵਾਰ ਦੇ ਸੱਤ ਜੀਅ ਕਰੰਟ ਦੀ ਲਪੇਟ ਵਿਚ ਆ ਗਏ।ਇਹ ਜਾਣਕਾਰੀ ਪਰਿਵਾਰ ਦੇ ਹੀ ਮੈਂਬਰ ਜਗਜੀਤ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸੱਤ ਜੀਆਂ ਵਿੱਚੋਂ ਚਾਰ ਜੀਅ ਗੁਰਦੀਪ ਸਿੰਘ, ਰਣਜੀਤ ਸਿੰਘ, ਕੋਮਲ ਕੌਰ, ਅਤੇ ਵੀਰਪਾਲ ਕੌਰ ਗੰਭੀਰ ਜ਼ਖ਼ਮੀ ਹੋ ਗਏ ਅਤੇ ਤਿੰਨ ਜੀਆਂ ਨੂੰ ਮਾਮੂਲੀ ਕਰੰਟ ਲੱਗਣ ਬਾਅਦ ਠੀਕ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਮੂਹ ਬੇਅੰਤ ਨਗਰ ਵੱਲੋਂ ਬਿਜਲੀ ਬੋਰਡ ਮਹਿਕਮੇ ਨੂੰ ਚਾਰ ਮਹੀਨੇ ਪਹਿਲਾਂ ਵੀ ਲਿਖਤੀ ਰੂਪ ’ਚ ਦਿੱਤਾ ਗਿਆ ਸੀ ਕਿ ਜੋ ਬਿਜਲੀ ਦੀਆਂ ਤਾਰਾਂ ਬਹੁਤ ਨੀਵੀਆਂ ਹਨ, ਇਨ੍ਹਾਂ ਨੂੰ ਉੱਚਾ ਚੁੱਕਿਆ ਜਾਵੇ ਕਿਉਂਕਿ ਇਸ ਤੋਂ ਪਹਿਲਾਂ ਵੀ ਇੱਕ ਵਿਅਕਤੀ ਇਸ ਕਰੰਟ ਦੀ ਮਾਰ ਹੇਠ ਆ ਗਿਆ ਸੀ ਪਰੰਤੂ ਉਸ ਦਾ ਬਚਾਅ ਹੋ ਗਿਆ ਪਰ ਬਿਜਲੀ ਬੋਰਡ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ, ਜਿਸ ਕਾਰਨ ਦੂਜੀ ਵਾਰ ਇਹ ਵੱਡਾ ਹਾਦਸਾ ਵਾਪਰ ਗਿਆ। ਉਨ੍ਹਾਂ ਨੇ ਬਿਜਲੀ ਬੋਰਡ ਵਿਭਾਗ ਤੋਂ ਜ਼ਖਮੀਆਂ ਲਈ ਮਾਲੀ ਸਹਾਇਤਾ ਦੀ ਮੰਗ ਵੀ ਕੀਤੀ।ਇਸ ਸਬੰਧੀ ਸਰਕਾਰੀ ਹਸਪਤਾਲ ਦੇ ਡਿਊਟੀ ਡਾਕਟਰ ਅਮਨ ਕੰਬੋਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਸ਼ਾਮ ਹਸਪਤਾਲ ਵਿਚ ਉਨ੍ਹਾਂ ਕੋਲ ਕਰੰਟ ਨਾਲ ਜ਼ਖ਼ਮੀ ਹੋਏ ਤਿੰਨ ਲੋਕ ਪਹੁੰਚੇ ਸਨ, ਜਿਨ੍ਹਾਂ ਵਿੱਚੋਂ ਇਕ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਮੁੱਢਲੀ ਸਹਾਇਤਾ ਦੇ ਕੇ ਮਾਨਸਾ ਦੇ ਸਰਕਾਰੀ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਅਤੇ ਬਾਕੀ ਦੋ ਜ਼ਖ਼ਮੀਆਂ ਦਾ ਇਲਾਜ ਸ਼ੁਰੂ ਕਰ ਦਿੱਤਾ ਜੋ ਕਿ ਖਤਰੇ ਤੋਂ ਬਾਹਰ ਹਨ।ਇਸ ਘਟਨਾ ਸੰਬੰਧੀ ਜਦੋਂ ਬਿਜਲੀ ਬੋਰਡ ਦੇ ਉਪ ਮੰਡਲ ਇੰਜੀਨੀਅਰ ਮਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਵੇਲੇ ਇੱਥੇ ਮੌਜੂਦ ਨਹੀਂ ਹਨ ਅਤੇ ਇਸ ਸਬੰਧੀ ਪੂਰੀ ਜਾਣਕਾਰੀ ਸਬੰਧਤ ਜੂਨੀਅਰ ਇੰਜੀਨੀਅਰ ਨਿਤਨ ਕੁਮਾਰ ਹੀ ਦੇ ਸਕਦੇ ਹਨ। ਇਸ ਮਾਮਲੇ ’ਚ ਜਦ ਨਿਤਿਨ ਕੁਮਾਰ ਜੇਈ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਘਟਨਾ ਦਾ ਕਾਰਨ ਇਕ ਵਿਅਕਤੀ ਛੱਤ ’ਤੇ ਚੜ੍ਹ ਕੇ ਬਿਜਲੀ ਦੀ ਤਾਰ ’ਤੇ ਬੈਠੇ ਕਬੂਤਰ ਨੂੰ ਫੜ ਰਿਹਾ ਸੀ ਤਾਂ ਅਚਾਨਕ ਉਸ ਦਾ ਹੱਥ ਬਿਜਲੀ ਦੀ ਤਾਰ ਨੂੰ ਪੈ ਗਿਆ ਅਤੇ ਬਾਅਦ ਵਿੱਚ ਉਸ ਨੂੰ ਛੁਡਾਉਣ ਦੇ ਚੱਕਰ ਵਿੱਚ ਉਸ ਦੇ ਦੂਜੇ ਪਰਿਵਾਰਿਕ ਮੈਂਬਰ ਵੀ ਇਸ ਦੀ ਲਪੇਟ ਵਿੱਚ ਆ ਗਏ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਬੇਅੰਤ ਨਗਰ ਵਾਸੀਆਂ ਵੱਲੋਂ ਕੁਝ ਮਹੀਨੇ ਪਹਿਲਾਂ ਵੀ ਮਹਿਕਮੇ ਨੂੰ ਤਾਰਾਂ ਨੀਵੀਆਂ ਹੋਣ ਸਬੰਧੀ ਸ਼ਿਕਾਇਤ ਕੀਤੀ ਸੀ ਤਾਂ ਉਨ੍ਹਾਂ ਕਿਹਾ ਕਿ ਸਾਡੇ ਕੋਲ ਅਜਿਹਾ ਕੁਝ ਨਹੀਂ ਆਇਆ। ਦੂਜੇ ਪਾਸੇ ਪਰਿਵਾਰ ਵਾਲੇ ਕਹਿ ਰਹੇ ਹਨ ਕਿ ਕਬੂਤਰ ਫੜਨ ਵਾਲੀ ਕੋਈ ਗੱਲ ਹੀ ਨਹੀਂ ਹੈ ਹੁਣ ਇਹ ਤਾਂ ਜਾਂਚ ਦਾ ਵਿਸ਼ਾ ਹੈ ਕਿ ਇਹ ਹਾਦਸਾ ਕਿਸ ਤਰ੍ਹਾਂ ਵਾਪਰਿਆ ਅਤੇ ਇਸ ਦੇ ਕੀ ਕਾਰਨ ਰਹੇ ਹਨ।