ਪਟਿਆਲਾ, 15 ਜੂਨ 2024 – ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ 2024-25 ਦੇ ਅਕਾਦਮਿਕ ਸੈਸ਼ਨ ਲਈ ਅੰਡਰ-ਗ੍ਰੈਜੂਏਟ ਪ੍ਰੋਗਰਾਮਾਂ ਵਿੱਚ ਦਾਖ਼ਲੇ ਲਈ ਕਾਉਂਸਲਿੰਗ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਮੈਰਿਟ ਸੂਚੀ ਜਾਰੀ ਕਰ ਦਿੱਤੀ ਗਈ ਹੈ।ਕੇਂਦਰੀ ਦਾਖ਼ਲਾ ਸੈੱਲ ਦੇ ਕੋਆਰਡੀਨੇਟਰ ਪ੍ਰੋ. ਗੁਲਸ਼ਨ ਬਾਂਸਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਰਿਟ ਸੂਚੀ ਵਿੱਚ ਚੁਣੇ ਗਏ ਵਿਦਿਆਰਥੀ 18 ਜੂਨ, 2024 ਸ਼ਾਮ 5 ਵਜੇ ਤੱਕ ਆਪਣੀ ਦਾਖ਼ਲਾ ਫ਼ੀਸ ਆਨਲਾਈਨ ਜਾਂ ਐੱਸ. ਬੀ. ਆਈ.ਈ-ਕੁਲੈਕਟ ਵਿਧੀ ਰਾਹੀਂ ਅਦਾ ਕਰ ਸਕਦੇ ਹਨ। ਐੱਸ. ਬੀ. ਆਈ.ਈ-ਕੁਲੈਕਟ ਵਿਧੀ ਰਾਹੀਂ ਫ਼ੀਸ ਦਾ ਭੁਗਤਾਨ ਕਰਨ ਵਾਲ਼ੇ ਵਿਦਿਆਰਥੀਆਂ ਲਈ 18 ਜੂਨ ਤੱਕ ਸਬੰਧਤ ਵਿਭਾਗ ਵਿੱਚ ਫ਼ੀਸ ਦੀ ਅਦਾਇਗੀ ਦੀ ਰਸੀਦ ਜਮ੍ਹਾਂ ਕਰਾਉਣੀ ਲਾਜ਼ਮੀ ਹੋਵੇਗੀ।ਉਨ੍ਹਾਂ ਦੱਸਿਆ ਕਿ 13 ਅਤੇ 14 ਜੂਨ, 2024 ਨੂੰ ਕਾਉਂਸਲਿੰਗ ਸੈਸ਼ਨਾਂ ਵਿੱਚ ਵਿਦਿਆਰਥੀਆਂ ਵੱਲੋਂ ਭਰਪੂਰ ਉਤਸ਼ਾਹ ਵਿਖਾਇਆ ਗਿਆ। ਦਾਖ਼ਲਾ ਲੈਣ ਦੇ ਇੱਛੁਕ ਵਿਦਿਆਰਥੀਆਂ ਦੀ ਗਿਣਤੀ ਵਿੱਚ ਮਹੱਤਵਪੂਰਨ ਵਾਧਾ ਦਰਜ ਕੀਤਾ ਗਿਆ। ਖਾਸ ਤੌਰ ਉੱਤੇ ਪੰਜ ਸਾਲਾ ਏਕੀਕ੍ਰਿਤ ਬੀ.ਬੀ.ਏ.-ਐੱਮ. ਬੀ. ਏ. ਅਤੇ ਬੀ.-ਕੌਮ.-ਐਮ.ਕਾਮ, ਬੀ.ਕੌਮ. (ਆਨਰਜ਼), ਬੀ. ਫਾਰਮੇਸੀ, ਬੀ.ਪੀ.ਟੀ. ਹੋਟਲ ਅਤੇ ਟੂਰਿਜ਼ਮ ਮੈਨੇਜਮੈਂਟ, ਮਲਟੀ-ਡਿਸਿਪਲਨਰੀ ਪੰਜ ਸਾਲਾ ਏਕੀਕ੍ਰਿਤ ਪ੍ਰੋਗਰਾਮ ਅਤੇ ਸਾਰੇ ਇੰਜੀਨੀਅਰਿੰਗ ਕੋਰਸਾਂ ਵਿੱਚ ਦਾਖ਼ਲੇ ਦਾ ਵਧਿਆ ਹੋਇਆ ਰੁਝਾਨ ਵੇਖਣ ਨੂੰ ਮਿਲਿਆ।ਪ੍ਰੋ. ਬਾਂਸਲ ਨੇ ਦਾਖ਼ਲਾ ਸੈੱਲ ਦੇ ਕੋ-ਕੋਆਰਡੀਨੇਟਰਾਂ ਅਤੇ ਪ੍ਰੋਗਰਾਮਰ ਦਲਬੀਰ ਸਿੰਘ ਅਤੇ ਸੰਤਬੀਰ ਸਿੰਘ ਸਮੇਤ ਦਾਖ਼ਲਾ ਸੈੱਲ ਦੀ ਸਮੁੱਚੀ ਟੀਮ ਦੀ ਸ਼ਲਾਘਾ ਕਰਦਿਆਂ ਇਸ ਪ੍ਰਕਿਰਿਆ ਦੇ ਸੁਚਾਰੂ ਢੰਗ ਨਾਲ਼ ਨੇਪਰੇ ਚੜ੍ਹਨ ਨੂੰ ਯਕੀਨੀ ਬਣਾਉਣ ਲਈ ਕੀਤੇ ਗਏ ਸਮਰਪਿਤ ਯਤਨਾਂ ਸੰਬੰਧੀ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਇਸ ਪ੍ਰਕਿਰਿਆ ਵਿੱਚ ਸਰਗਰਮ ਭਾਗੀਦਾਰੀ ਲਈ ਸਾਰੇ ਵਿਭਾਗਾਂ ਦੇ ਮੁਖੀਆਂ, ਪ੍ਰੋਗਰਾਮ ਕੋਆਰਡੀਨੇਟਰਾਂ, ਅਧਿਆਪਨ ਅਤੇ ਗ਼ੈਰ-ਅਧਿਆਪਨ ਸਟਾਫ਼ ਦਾ ਵੀ ਧੰਨਵਾਦ ਕੀਤਾ।