ਹੁਸ਼ਿਆਰਪੁਰ, 15 ਜੂਨ (ਅਨਿਲ – ਸੰਜੀਵ) : ਕੁਵੈਤ ਵਿਚ ਇਮਾਰਤ ਵਿਚ ਅੱਗ ਲੱਗਣ ਨਾਲ ਮਾਰੇ ਗਏ ਹੁਸ਼ਿਆਰਪੁਰ ਦੇ ਪਿੰਡ ਕੱਕੋਂ ਦੇ ਵਾਸੀ ਹਿੰਮਤ ਰਾਏ ਦੀ ਮਿ੍ਤਕ ਦੇਹ ਸ਼ਨੀਵਾਰ ਤੜਕੇ ਇਥੇ ਪਹੁੰਚੀ। ਕੱਕੋਂ ਵਿਚ ਹੀ ਹਿੰਮਤ ਰਾਏ ਦੇ ਪਰਿਵਾਰ ਦੇ ਨਾਲ ਰਹਿਣ ਵਾਲਾ ਉਸਦਾ ਭਾਣਜਾ ਇੰਦਰਜੀਤ ਸਿੰਘ ਉਸਦੀ ਲਾਸ਼ ਲਿਆਉਣ ਲਈ ਸ਼ੁੱਕਰਵਾਰ ਨੂੰ ਦਿੱਲੀ ਪਹੁੰਚ ਗਿਆ ਸੀ। ਪ੍ਰਸ਼ਾਸਨ ਵੱਲੋਂ ਭੇਜੀ ਗਈ ਐਂਬੂਲੈਂਸ ਵਿਚ ਉਹ ਲਾਸ਼ ਲੈ ਕੇ ਸ਼ੁੱਕਰਵਾਰ ਦੇਰ ਸ਼ਾਮ ਦਿੱਲੀ ਤੋਂ ਰਵਾਨਾ ਹੋਇਆ ਅਤੇ ਸ਼ਨੀਵਾਰ ਸਵੇਰੇ ਕਰੀਬ ਪੰਜ ਵਜੇ ਉਹ ਇਥੇ ਪਹੁੰਚਿਆ।ਇੰਦਰਜੀਤ ਨੇ ਦੱਸਿਆ ਕਿ ਉਸ ਦੇ ਮਾਮੇ ਹਿੰਮਤ ਰਾਏ ਦੀ ਇਕ ਲੜਕੀ ਤਾਂ ਇਥੇ ਹੀ ਹੈ ਦੂਸਰੀ ਵਿਦੇਸ਼ ਵਿਚ ਰਹਿੰਦੀ ਹੈ, ਜੋ ਇਥੇ ਪਹੁੰਚ ਚੁੱਕੀ ਹੈ ਅਤੇ ਉਸ ਦਾ ਇਕ 15 ਸਾਲ ਦਾ ਲੜਕਾ ਵੀ ਹੈ। ਉਸ ਨੇ ਦੱਸਿਆ ਕਿ ਹਿੰਮਤ ਰਾਏ ਦਾ ਇਕ ਹੋਰ ਭਾਣਜਾ ਗਰੀਸ ਵਿਚ ਰਹਿੰਦਾ ਹੈ, ਜੋ ਕੱਲ੍ਹ ਸ਼ਾਮ ਤੱਕ ਇਥੇ ਪਹੁੰਚੇਗਾ। ਇਸ ਤੋਂ ਬਾਅਦ 17 ਜੂਨ ਸੋਮਵਾਰ ਸਵੇਰੇ 9-10 ਵਜੇ ਦੇ ਕਰੀਬ ਪਿੰਡ ਵਿਚ ਹੀ ਹਿੰਮਤ ਰਾਏ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਫਿਲਹਾਲ ਲਾਸ਼ ਨੂੰ ਸਿੱਖ ਵੈਲਫੇਅਰ ਸੋਸਾਇਟੀ ਦੇ ਸਿੰਗੜੀਵਾੜਾ ਸਥਿਤ ਲਾਸ਼ ਘਰ ਵਿਚ ਰੱਖਿਆ ਗਿਆ ਹੈ। ਇੰਦਰਜੀਤ ਨੇ ਕਿਹਾ ਕਿ ਉਸ ਦੇ ਮਾਮੇ ਦੀ ਲਾਸ਼ ਲਿਆਉਣ ਲਈ ਕੇਂਦਰ ਸਰਕਾਰ, ਰਾਜ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ ਹੈ।