ਲੁਧਿਆਣਾ , 16 ਜੂਨ ( ਵਿਕਾਸ ਮਠਾੜੂ, ਧਰਮਿੰਦਰ)-: ਸਮਾਜ ਸੇਵੀ ਸੰਸਥਾ, ਸੋਸਾਇਟੀ ਫਾਰ ਕੰਜ਼ਰਵੇਸ਼ਨ ਐਂਡ ਹੀਲਿੰਗ ਆਫ ਐਨਵਾਇਰਮੈਂਟ (ਸੋਚ) ਵੱਲੋਂ ਪੰਜਾਬੀ ਮਾਂ-ਬੋਲੀ ਦੇ ਪ੍ਰਸਿੱਧ ਕਵੀ ਤੇ ਲੇਖਕ ਡਾ. ਸੁਰਜੀਤ ਪਾਤਰ ਅਤੇ ਉੱਘੇ ਖੇਤੀਬਾੜੀ ਵਿਗਿਆਨੀ ਤੇ ਪੀਏਯੂ ਦੇ ਸਾਬਕਾ ਉਪ ਕੁਲਪਤੀ ਡਾ. ਮਨਜੀਤ ਸਿੰਘ ਕੰਗ ਨੂੰ ਸਮਰਪਿਤ ਅਵਾਰਡਾਂ ਦਾ ਐਲਾਨ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਥਿਤ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਉਣ ਤੋਂ ਬਾਅਦ ਕੀਤਾ ਗਿਆ। ਇਸ ਮੌਕੇ ਡਾ. ਪਾਤਰ ਅਤੇ ਡਾ. ਕੰਗ ਨਾਲ ਸਬੰਧਤ ਯਾਦਾਂ ਨੂੰ ਤਾਜ਼ਾ ਕਰਦਿਆਂ ਉਹਨਾਂ ਨੂੰ ਸ਼ਰਧਾਂਜਲੀ ਵੀ ਭੇਂਟ ਕੀਤੀ ਗਈ, ਜਿਹੜੇ ਸੋਚ ਸੰਸਥਾ ਦੇ ਸਲਾਹਕਾਰ ਸਨ। ਇਸ ਤੋਂ ਇਲਾਵਾ, ਸੋਚ ਸੰਸਥਾ ਦੇ ਮੁਖੀ ਡਾ. ਬਲਵਿੰਦਰ ਸਿੰਘ ਲੱਖੇਵਾਲੀ ਦੁਆਰਾ ਲਿਖੀ ਪੁਸਤਕ “ਗੁਰੂ ਨਾਨਕ ਬਾਣੀ ਵਿਚ ਕੁਦਰਤ” ਵੀ ਡਾ. ਪਾਤਰ ਨੂੰ ਸਮਰਪਿਤ ਕੀਤੀ ਗਈ।
ਇਸ ਮੌਕੇ ਅੱਜ ਦੇ ਸਮਾਗਮ ਦੀ ਸ਼ੁਰੂਆਤ ਸ਼੍ਰੀ ਸੁਖਮਨੀ ਸਾਹਿਬ ਦੇ ਭੋਗ ਪਾ ਕੇ ਵਾਹਿਗੁਰੂ ਅੱਗੇ ਅਰਦਾਸ ਕਰਨ ਤੋਂ ਬਾਅਦ ਕੀਤੀ ਗਈ। ਇਸ ਤੋਂ ਬਾਅਦ ਕੀਰਤਨ ਉਪਰੰਤ ਸਮਾਗਮ ਵਿੱਚ ਮੌਜੂਦ ਸਮੂਹ ਸ਼ਸੀਤਾ ਵੱਲੋਂ ਡਾ. ਸੁਰਜੀਤ ਪਾਤਰ ਅਤੇ ਡਾ. ਮਨਜੀਤ ਸਿੰਘ ਕੰਗ ਨੂੰ ਸ਼ਰਧਾਂਜਲੀ ਭੇਟ ਦਿੱਤੀ ਗਈ।
ਡਾ. ਬਲਵਿੰਦਰ ਸਿੰਘ ਲੱਖੇਵਾਲੀ ਨੇ ਸੋਚ ਸੰਸਥਾ ਨਾਲ ਡਾ. ਪਾਤਰ ਤੇ ਡਾ. ਕੰਗ ਦੇ ਡੂੰਘੇ ਸੰਬੰਧਾਂ ਦਾ ਜ਼ਿਕਰ ਕੀਤਾ, ਜਿਹੜੇ ਸੰਸਥਾ ਦੇ ਸਲਾਹਕਾਰ ਹੋਣ ਦੇ ਨਾਲ-ਨਾਲ ਸਮਾਜ ਵਿੱਚ ਵੀ ਵੱਡਾ ਰੁਤਬਾ ਰੱਖਦੇ ਸਨ। ਉਹਨਾਂ ਨੇ ਕਿਹਾ ਕਿ ਇਹਨਾਂ ਦੋਨਾਂ ਉੱਘੀਆਂ ਸ਼ਖਸੀਅਤਾਂ ਦੀ ਪ੍ਰੇਰਨਾ ਸਦਕਾ ਸੰਸਥਾ ਵੱਲੋਂ ਵਾਤਾਵਰਨ ਦੀ ਸੰਭਾਲ ਸਣੇ ਲੋਕ ਇਤਨਾ ਜੁੜੇ ਕਈ ਟੀਚਿਆਂ ਤੇ ਕੰਮ ਸ਼ੁਰੂ ਕੀਤਾ। ਇਹਨਾਂ ਦੇ ਵਿਚਾਰ ਹਮੇਸ਼ਾ ਸਾਡੇ ਵਿੱਚ ਮੌਜੂਦ ਰਹਿਣਗੇ।
ਫਿਲਮੀ ਅਦਾਕਾਰ ਮਲਕੀਤ ਸਿੰਘ ਰੋਣੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਡਾ. ਪਾਤਰ ਅਤੇ ਡਾ. ਕੰਗ ਵਰਗੀਆਂ ਸ਼ਖਸੀਅਤਾਂ ਦੁਨੀਆਂ ਵਿੱਚ ਕਦੇ-ਕਦਾਰ ਹੀ ਪੈਦਾ ਹੁੰਦੀਆਂ ਹਨ ਤੇ ਉਹਨਾਂ ਨੂੰ ਯੁਗ ਪੁਰਸ਼ ਦੱਸਿਆ।
ਇਸੇ ਤਰ੍ਹਾਂ, ਡਾ. ਸੁਰਜੀਤ ਪਾਤਰ ਦੇ ਛੋਟੇ ਭਰਾ ਉਪਕਾਰ ਸਿੰਘ ਨੇ ਕਿਹਾ ਕਿ ਉਹ ਡਾ. ਪਾਤਰ ਦੀ ਲੇਖਣੀ ਅਤੇ ਜ਼ਿੰਦਗੀ ਜਿਉਣ ਦੇ ਤਰੀਕੇ ਤੋਂ ਬਹੁਤ ਪ੍ਰਭਾਵਿਤ ਸਨ। ਇਸਦਾ ਕਾਰਨ ਉਹਨਾਂ ਦਾ ਛੋਟਾ ਭਰਾ ਹੋਣਾ ਨਹੀਂ, ਸਗੋਂ ਉਹਨਾਂ ਦੀ ਲੇਖਣੀ ਤੇ ਜ਼ਿੰਦਗੀ ਜਿਉਣ ਦਾ ਤਰੀਕਾ ਬਹੁਤ ਅਲੱਗ ਹੋਣ ਦੇ ਨਾਲ-ਨਾਲ ਪ੍ਰੇਰਣਾ ਦਿੰਦਾ ਸੀ।
ਡਾ. ਰਣਜੀਤ ਸਿੰਘ ਤਾਂਬੜ ਨੇ ਖੇਤੀ ਦੇ ਖੇਤਰ ਵਿੱਚ ਡਾ. ਕੰਗ ਦੇ ਵਡਮੁੱਲੇ ਯੋਗਦਾਨ ਨੂੰ ਯਾਦ ਕੀਤਾ ਅਤੇ ਕਿਹਾ ਕਿ ਡਾ. ਕੰਗ ਨੇ ਪੰਜਾਬ ਦੇ ਖੇਤੀ ਨੂੰ ਅਮਰੀਕਾ ਦੇ ਪੱਧਰ ਤੇ ਅੱਗੇ ਵਧਾਉਣ ਉੱਪਰ ਕੰਮ ਕੀਤਾ। ਇਸੇ ਤਰ੍ਹਾਂ,ਉਹਨਾਂ ਨੇ ਡਾ. ਪਾਤਰ ਦੀ ਸਾਹਿਤ ਖੇਤਰ ਨੂੰ ਦੇਣ ਅਤੇ ਡਾ. ਰੰਧਾਵਾ ਤੋਂ ਲੈ ਕੇ ਹੁਣ ਤੱਕ ਦੇ ਉਹਨਾਂ ਨਾਲ ਜੁੜੇ ਸਫਰ ਬਾਰੇ ਗੱਲ ਕੀਤੀ।
ਜਦਕਿ ਫਿਲਮੀ ਅਦਾਕਾਰ ਗੁਰਪ੍ਰੀਤ ਸਿੰਘ ਘੁੱਗੀ ਨੇ ਭਾਵੁਕ ਹੁੰਦਿਆਂ ਕਿਹਾ ਕਿ ਡਾ. ਪਾਤਰ ਦੀਆਂ ਲਿਖਤਾਂ ਹਮੇਸ਼ਾ ਸਾਡੇ ਵਿੱਚ ਮੌਜੂਦ ਰਹਿਣਗੀਆਂ। ਹਾਲਾਂਕਿ ਉਹਨਾਂ ਦੇ ਵਿਛੋੜੇ ਨਾਲ ਸਾਹਿਤ ਖੇਤਰ ਵਿੱਚ ਇੱਕ ਵੱਡਾ ਨੁਕਸਾਨ ਹੋਇਆ ਹੈ, ਜਿਸਨੂੰ ਪੂਰਾ ਨਹੀਂ ਕੀਤਾ ਜਾ ਸਕੇਗਾ।
ਇਸ ਦੌਰਾਨ ਸੰਤ ਬਾਬਾ ਗੁਰਮੀਤ ਸਿੰਘ ਜੀ ਨੇ ਕੁਦਰਤ ਅਤੇ ਬਾਬਾ ਨਾਨਕ ਵਿਚਾਲੇ ਸਬੰਧਾਂ ਦਾ ਜ਼ਿਕਰ ਕੀਤਾ। ਇਸ ਮੌਕੇ ਡਾ. ਸੁਰਜੀਤ ਪਾਤਰ ਦੇ ਪਰਿਵਾਰਕ ਮੈਂਬਰਾਂ ਸਣੇ ਸਮੂਹ ਸ਼ਖਸ਼ੀਅਤਾਂ ਵੱਲੋਂ ਡਾ. ਬਲਵਿੰਦਰ ਸਿੰਘ ਲੱਖੇਵਾਲੀ ਵੱਲੋਂ ਲਿਖੀ ਕਿਤਾਬ “ਗੁਰੂ ਨਾਨਕ ਬਾਣੀ ਵਿਚ ਕੁਦਰਤ” ਨੂੰ ਡਾ. ਪਾਤਰ ਨੂੰ ਸਮਰਪਿਤ ਕੀਤੀ ਗਈ। ਜਿਨਾਂ ਵੱਲੋਂ ਫਿਲਮੀ ਅਦਾਕਾਰ ਗੁਰਪ੍ਰੀਤ ਘੁੱਗੀ ਅਤੇ ਡੀਐਮਸੀ ਹਸਪਤਾਲ ਦੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪ੍ਰੀਤ ਵਾਂਡਰ ਨੂੰ ਸਿਰੋਪਾ ਭੇਟ ਕਰਕੇ ਸਮਾਨਿਤ ਕੀਤਾ ਗਿਆ, ਜਿਹੜੇ ਅੱਜ ਤੋਂ ਸੋਚ ਸੰਸਥਾ ਦੇ ਸਲਾਹਕਾਰ ਵਜੋਂ ਭੂਮਿਕਾ ਨਿਭਾਉਣਗੇ ਅਤੇ ਲੋਕਹਿਤ ਵਿੱਚ ਜਾਰੀ ਕੰਮਾਂ ਨੂੰ ਹੋਰ ਅੱਗੇ ਵਧਾਉਣਗੇ।ਅਖੀਰ ਵਿੱਚ ਨਗਰ ਨਿਗਮ ਜੋਨ-ਡੀ ਦੇ ਜੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋ ਵੱਲੋਂ ਸਮਾਗਮ ਵਿੱਚ ਸ਼ਾਮਿਲ ਹੋਣ ਵਾਲੀਆਂ ਸਾਰੀਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ ਗਿਆ।
ਜਿੱਥੇ ਹੋਰਨਾ ਤੋਂ ਇਲਾਵਾ, ਡਾ. ਸੁਰਜੀਤ ਪਾਤਰ ਦੇ ਪਰਿਵਾਰਕ ਮੈਂਬਰ, ਬ੍ਰਜਮੋਹਨ ਭਾਰਦਵਾਜ, ਸੋਚ ਐਨ.ਜੀ.ਓ ਦੇ ਚਰਨਦੀਪ ਸਿੰਘ, ਅਮਰਜੀਤ ਸਿੰਘ ਧਾਮੀ, ਡਾ: ਮਨਮੀਤ ਕੌਰ, ਵਿਕਾਸ ਸ਼ਰਮਾ, ਸਰਬਜੀਤ ਕੌਰ, ਰਾਹੁਲ ਕੁਮਾਰ ਵੀ ਮੌਜੂਦ ਰਹੇ।