ਅੰਮ੍ਰਿਤਸਰ, 20 ਜੁਲਾਈ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-: ਪੁਲਿਸ ਜ਼ਿਲ੍ਹਾ ਦਿਹਾਤੀ ਅੰਮ੍ਰਿਤਸਰ ਅਧੀਨ ਆਉਂਦੇ ਥਾਣਾ ਘਰਿੰਡਾ ਦੇ ਕਸਬਾ ਭਕਨਾ ਤੋਂ ਹੁਸ਼ਿਆਰ ਨਗਰ ਨੂੰ ਜਾਣ ਵਾਲੀ ਲਿੰਕ ਸੜਕ ਤੇ ਗੈਂਗਸਟਰ ਤੇ ਸਥਾਨਕ ਪੁਲਿਸ ਵਿਚਕਾਰ ਜੰਮ ਕੇ ਗੋਲਾਬਾਰੀ ਚੱਲ ਰਹੀ ਹੈ ਜਿੱਥੇ ਕਿ ਦੋ ਜ਼ਿਲ੍ਹਿਆਂ ਦੀ ਪੁਲਿਸ ਨੇ ਇਸ ਚੱਲ ਰਹੀ ਗੋਲੀ ਵਿੱਚ ਸ਼ਮੂਲੀਅਤ ਕਰ ਕੇ ਗੈਂਗਸਟਰਾਂ ਦਾ ਸਾਹਮਣਾ ਕੀਤਾ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਗੈਂਗਸਟਰ ਮਨਪ੍ਰੀਤ ਸਿੰਘ ਕੁੱਸਾ ਅਤੇ ਜਗਰੂਪ ਸਿੰਘ ਉਰਫ਼ ਰੂਪਾ ਇਸ ਸੁੰਨਸਾਨ ਇਲਾਕੇ ਵਿੱਚ ਬਣੀ ਪੁਰਾਣੀ ਹਵੇਲੀ ਵਿੱਚ ਲੁਕੇ ਹੋਏ ਸਨ।ਅੰਮ੍ਰਿਤਸਰ ਦੇ ਜ਼ਿਲ੍ਹਾ ਦਿਹਾਤੀ ਪੁਲਿਸ ਦੇ ਅਧੀਨ ਆਉਂਦੇ ਖੇਤਰ ਭਕਨਾ ਤੋਂ ਹੁਸ਼ਿਆਰ ਨਗਰ ਲਿੰਕ ਸੜਕ ਤੇ ਸਥਿਤ ਇਕ ਬਾਹਰਵਾਰ ਡੇਰੇ ਤੇ ਪੁਲਿਸ ਨੂੰ ਗੈਂਗਸਟਰ ਜਗਰੂਪ ਰੂਪਾ ਤੇ ਮਨੂੰ ਕੁੱਸਾ ਦੇ ਲੁਕੇ ਹੋਣ ਬਾਰੇ ਸੂਚਨਾ ਪ੍ਰਾਪਤ ਹੋਈ ਸੀ ਜਿਸ ‘ਤੇ ਭਾਰੀ ਪੁਲਿਸ ਫੋਰਸ ਨੇ ਮੌਕੇ ਉੱਤੇ ਪੁੱਜ ਕੇ ਗੈਂਗਸਟਰਾਂ ਦਾ ਸਾਹਮਣਾ ਕਰਨਾ ਸ਼ੁਰੂ ਕਰ ਦਿੱਤਾ ਜਿੱਥੇ ਕਿ ਖ਼ਬਰ ਲਿਖੇ ਜਾਣ ਤੱਕ ਅਜੇ ਵੀ ਗੈਂਗਸਟਰ ਅਤੇ ਪੁਲੀਸ ਵਿਚਕਾਰ ਗੋਲੀਬਾਰੀ ਚੱਲ ਰਹੀ ਹੈ।ਦੱਸ ਦੇਈਏ ਕਿ ਦੋਵੇਂ ਸਿੱਧੂ ਮੂਸੇਵਾਲਾ ਨੂੰ ਮਾਰਨ ਵਾਲੇ ਤਿੰਨ ਸ਼ੂਟਰਾਂ ਵਿੱਚ ਸ਼ਾਮਲ ਸਨ, ਜੋ ਕਿ ਹਾਲ ਹੀ ਵਿੱਚ ਇੱਕ ਵੀਡੀਓ ਫੁਟੇਜ ਵਿੱਚ ਮੋਗਾ ਵਿੱਚ ਘੁੰਮਦੇ ਦੇਖੇ ਗਏ ਸੀ। ਇਸ ਸਬੰਧੀ ਜਦੋਂ ਪੁਲੀਸ ਨੂੰ ਪਤਾ ਲੱਗਾ ਤਾਂ ਹਵੇਲੀ ਨੂੰ ਚਾਰੋਂ ਪਾਸਿਓਂ ਘੇਰ ਲਿਆ ਗਿਆ ਹੈ। ਮੁੱਠਭੇੜ ਅਜੇ ਜਾਰੀ ਹੈ। ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋ ਰਹੀ ਹੈ।