Home Uncategorized ਵੇਅਰ ਹਾਊਸ ਗੁਦਾਮ ’ਚੋਂ 84 ਬੋਰੀਆਂ ਕਣਕ ਚੋਰੀ, ਤਿੰਨ ਮੁਲਜ਼ਮ ਗ੍ਰਿਫ਼ਤਾਰ

ਵੇਅਰ ਹਾਊਸ ਗੁਦਾਮ ’ਚੋਂ 84 ਬੋਰੀਆਂ ਕਣਕ ਚੋਰੀ, ਤਿੰਨ ਮੁਲਜ਼ਮ ਗ੍ਰਿਫ਼ਤਾਰ

32
0


ਬਟਾਲਾ,14 ਜੁਲਾਈ (ਭਗਵਾਨ ਭੰਗੂ – ਲਿਕੇਸ਼ ਸ਼ਰਮਾ) : ਬਟਾਲਾ ਦੇ ਅਲੀਵਾਲ ਰੋਡ ’ਤੇ ਸਥਿਤ ਪੰਜਾਬ ਸਟੇਟ ਵੇਅਰ ਹਾਊਸ ਦੇ ਗੁਦਾਮ ’ਚੋਂ 10 ਲੁਟੇਰਿਆਂ ਵੱਲੋਂ ਤਿੰਨ ਚੌਕੀਦਾਰਾਂ ਨੂੰ ਤੇਜ਼ ਹਥਿਆਰਾਂ ਦੇ ਡਰਾਵੇ ਨਾਲ ਬੰਧਕ ਬਣਾ ਕੇ 84 ਬੋਰੀਆਂ ਕਣਕ ਚੋਰੀ ਕਰਨ ਦੇ ਮਾਮਲੇ ‘ਚ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਕੁਝ ਹੋਰ ਮੁਲਜ਼ਮ ਅਜੇ ਵੀ ਫ਼ਰਾਰ ਹਨ।ਥਾਣਾ ਸਿਵਲ ਲਾਈਨ ਦੇ ਐੱਸਐੱਚਓ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਅਲੀਵਾਲ ਰੋਡ ਸਥਿਤ ਪੰਜਾਬ ਵੇਅਰ ਹਾਊਸ ਗੁਦਾਮ ਦੇ ਮੈਨੇਜਰ ਮੇਜਰ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਸੀ ਕਿ 8 ਜੁਲਾਈ ਦੀ ਤੜਕਸਾਰ 4 ਵਜੇ ਦੇ ਕਰੀਬ 10 ਅਣਪਛਾਤੇ ਵਿਅਕਤੀ ਗੁਦਾਮ ’ਚ ਦਾਖ਼ਲ ਹੋ ਕੇ ਤਿੰਨ ਚੌਕੀਦਾਰਾਂ ਨੂੰ ਬੰਧਕ ਬਣਾ ਕੇ 84 ਬੋਰੀਆਂ ਕਣਕ ਲੈ ਗਏ ਸਨ। ਐੱਸਐੱਚਓ ਨੇ ਦੱਸਿਆ ਕਿ ਪੁਲਿਸ ਨੇ ਮੈਨੇਜਰ ਮੇਜਰ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਇਸ ਲੁੱਟ-ਖੋਹ ਵਿਚ ਸ਼ਾਮਲ ਲੁਟੇਰਿਆਂ ਦੀ ਪਛਾਣ ਕਰਨ ਲਈ ਕਾਰਵਾਈ ਸ਼ੁਰੂ ਕੀਤੀ ਅਤੇ ਪੁਲਿਸ ਵੱਲੋਂ ਕਈ ਸੀਸੀਟੀਵੀ ਕੈਮਰਿਆਂ ਨੂੰ ਸਕੈਨ ਕੀਤਾ ਗਿਆ ਤਾਂ ਮਾਮਲਾ ਹੱਲ ਹੋ ਗਿਆ।ਉਸ ਨੇ ਦੱਸਿਆ ਕਿ ਪਤਾ ਲੱਗਾ ਹੈ ਕਿ ਇਸ ਲੁੱਟ ਦੀ ਵਾਰਦਾਤ ’ਚ ਅਮਿਤ ਕੁਮਾਰ ਉਰਫ਼ ਸਾਈਂ ਵਾਸੀ ਫੋਕਲ ਪੁਆਇੰਟ, ਸੁਨੀਲ ਕੁਮਾਰ ਉਰਫ਼ ਨਿੱਕਾ ਵਾਸੀ ਹਰਨਾਮ ਨਗਰ, ਹਰਜੀਤ ਸਿੰਘ ਉਰਫ਼ ਬਾਬਾ ਵਾਸੀ ਅਹਿਮਦਾਬਾਦ ਤੇ ਉਨ੍ਹਾਂ ਦੇ ਕੁਝ ਸਾਥੀ ਸ਼ਾਮਲ ਸਨ। ਐੱਸਐੱਚਓ ਨੇ ਦੱਸਿਆ ਕਿ ਪੁਲਿਸ ਵੱਲੋਂ ਤਿੰਨਾਂ ਨੂੰ ਕਾਬੂ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਸੀ ਕਿ ਪੁਲਿਸ ਨੂੰ ਸੂਚਨਾ ਮਿਲੀ ਕਿ ਉਕਤ ਤਿੰਨਾਂ ਨੂੰ ਅੰਮ੍ਰਿਤਸਰ ਬਾਈਪਾਸ ’ਤੇ ਇਕ ਬੋਲੈਰੋ ਪਿਕਅੱਪ ਵੈਨ ਵਿਚ ਦੇਖਿਆ ਗਿਆ, ਜਿਸ ’ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਮੌਕੇ ’ਤੇ ਪਹੁੰਚ ਕੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਫਿਲਹਾਲ ਪੁਲਿਸ ਨੇ ਆਪਣੇ ਵੱਲੋਂ ਸਿਰਫ਼ 5 ਦੇ ਕਰੀਬ ਕਣਕ ਦੀਆਂ ਬੋਰੀਆਂ ਹੀ ਬਰਾਮਦ ਕੀਤੀਆਂ ਹਨ, ਕਿਉਂਕਿ ਉਨ੍ਹਾਂ ਵੱਲੋਂ ਕੁਝ ਕਣਕ ਦੀਆਂ ਬੋਰੀਆਂ ਵੇਚੀਆਂ ਗਈਆਂ ਹਨ। ਇਸ ਦੌਰਾਨ ਉਸ ਦੇ ਹੋਰ ਸਾਥੀਆਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਮੁਲਜ਼ਮਾਂ ਦੀ ਗੱਡੀ ਵੀ ਕਬਜ਼ੇ ’ਚ ਲੈ ਲਈ ਗਈ ਹੈ।