ਲੁਧਿਆਣਾ, 18 ਜੁਲਾਈ (ਲਿਕੇਸ਼ ਸ਼ਰਮਾ) – ਲੁਧਿਆਣਾ ਦੇ ਡਿਪਟੀ ਕਮਿਸ਼ਨਰ ਅਤੇ ਐਸ.ਡੀ.ਐਮ. ਦਫ਼ਤਰਾਂ ਵਿੱਚ ਤਾਇਨਾਤ ਸਖ਼ਤ ਮਿਹਨਤੀ ਅਤੇ ਕੁਸ਼ਲ ਕਰਮਚਾਰੀਆਂ ਨੂੰ ਬਣਦਾ ਮਾਣ-ਸਨਮਾਨ ਦੇਣ ਲਈ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਵੇਕਲੀ ਪਹਿਲਕਦਮੀ ਕਰਦਿਆਂ ‘ਇੰਮਪਲਾਈ ਆਫ ਦ ਮੰਥ’ ਪੁਰਸਕਾਰ ਦੀ ਸ਼ੁਰੂਆਤ ਕੀਤੀ ਹੈ।ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਅੱਜ ਜੂਨੀਅਰ ਅਸਿਸਟੈਂਟ ਪਰਮਜੋਤ ਸਿੰਘ ਨੂੰ ‘ਇੰਮਪਲਾਈ ਆਫ ਦ ਮੰਥ’ ਐਵਾਰਡ ਦਿੱਤਾ। ਉਹ ਦਫ਼ਤਰ ਡਿਪਟੀ ਕਮਿਸ਼ਨਰ ਵਿਖੇ ਪੇਸ਼ੀ ਸ਼ਾਖਾ ਵਿੱਚ ਕੰਮ ਕਰਦਾ ਹੈ।ਦਫ਼ਤਰ ਡਿਪਟੀ ਕਮਿਸ਼ਨਰ ਅਤੇ ਐਸ.ਡੀ.ਐਮ. ਦਫ਼ਤਰਾਂ ਦੀਆਂ ਸਾਰੀਆਂ ਸ਼ਾਖਾਵਾਂ ਦੇ ਮੁਖੀ ਸਮੇਂ ਦੀ ਪਾਬੰਦਤਾ, ਇਮਾਨਦਾਰੀ, ਜ਼ਿੰਮੇਵਾਰੀ ਦੀ ਭਾਵਨਾ, ਪਹਿਲਕਦਮੀ, ਨਵੀਨਤਾਕਾਰੀ ਵਿਚਾਰਾਂ ਅਤੇ ਉਨ੍ਹਾਂ ਦੇ ਕਰਤੱਵਾਂ ਵਿੱਚ ਸਮੁੱਚੇ ਯੋਗਦਾਨ ਵਰਗੇ ਮਾਪਦੰਡਾਂ ਦੇ ਆਧਾਰ ‘ਤੇ ਯੋਗ ਕਰਮਚਾਰੀਆਂ ਨੂੰ ਪੁਰਸਕਾਰ ਲਈ ਨਾਮਜ਼ਦ ਕਰਨਗੇ।ਪਰਮਜੋਤ ਸਿੰਘ ਨੇ ਇਸ ਪਹਿਲਕਦਮੀ ਨੂੰ ਸ਼ੁਰੂ ਕਰਨ ਲਈ ਡਿਪਟੀ ਕਮਿਸ਼ਨਰ ਦਾ ਧੰਨਵਾਦ ਕੀਤਾ ਜਿਸ ਨਾਲ ਸਰਕਾਰੀ ਮੁਲਾਜ਼ਮਾਂ ਵੱਲੋਂ ਆਪਣੀ ਡਿਊਟੀ ਨਿਭਾਉਣ ਲਈ ਕੀਤੇ ਵਾਧੂ ਯਤਨਾਂ ਨੂੰ ਹੁਲਾਰਾ ਮਿਲੇਗਾ।ਡਿਪਟੀ ਕਮਿਸ਼ਨਰ ਸਾਹਨੀ ਨੇ ਆਪਣੀ ਮਿਹਨਤ, ਵੱਡਮੁੱਲੇ ਯੋਗਦਾਨ ਅਤੇ ਡਿਊਟੀ ਸਮੇਂ ਤੋਂ ਵੱਧ ਕੇ ਸੇਵਾ ਕਰਨ ਦੀ ਪ੍ਰਬਲ ਇੱਛਾ ਦਾ ਹਵਾਲਾ ਦਿੰਦੇ ਹੋਏ ਪਰਮਜੋਤ ਸਿੰਘ ਨੂੰ ਪਹਿਲਾ ‘ਇੰਮਪਲਾਈ ਆਫ ਦ ਮੰਥ’ ਬਣਨ ਲਈ ਵਧਾਈ ਦਿੱਤੀ। ਉਨ੍ਹਾਂ ਜੋਰ ਦੇ ਕੇ ਕਿਹਾ ਕਿ ਅਵਾਰਡ ਦਾ ਉਦੇਸ਼ ਸਾਰੇ ਕਰਮਚਾਰੀਆਂ ਨੂੰ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰਨਾ ਅਤੇ ਉਨ੍ਹਾਂ ਨੂੰ ਵਿਸ਼ੇਸ਼ ਸਨਮਾਨ ਦੇਣਾ ਹੈ।ਡਿਪਟੀ ਕਮਿਸ਼ਨਰ ਸਾਹਨੀ ਨੇ ਇਹ ਵੀ ਦੱਸਿਆ ਕਿ ‘ਇੰਮਪਲਾਈ ਆਫ ਦ ਮੰਥ’ ਪੁਰਸਕਾਰ ਪ੍ਰਸ਼ਾਸਨ ਦੀ ਇੱਕ ਨਿਰੰਤਰ ਵਿਸ਼ੇਸ਼ਤਾ ਹੋਵੇਗੀ ਅਤੇ ਸਾਰੇ ਕਰਮਚਾਰੀਆਂ ਨੂੰ ਆਪਣੇ ਕੰਮ ਵਿੱਚ ਉੱਤਮਤਾ ਲਈ ਉਤਸ਼ਾਹਿਤ ਕੀਤਾ।ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਾਰਦਰਸ਼ੀ ਅਤੇ ਨਿਰਪੱਖ ਪ੍ਰਸ਼ਾਸਨ ਦੇਣ ਲਈ ਵਚਨਬੱਧ ਹੈ ਅਤੇ ਇਹ ਤਾਂ ਹੀ ਸੰਭਵ ਹੈ ਜੇਕਰ ਕਰਮਚਾਰੀ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣ ਲਈ ਪ੍ਰੇਰਿਤ ਰਹਿਣ।