ਲੁਧਿਆਣਾ , 4 ਮਈ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-ਟਿੱਬਾ ਖੇਤਰ ਦੇ ਗੁਰੂ ਗੋਬਿੰਦ ਸਿੰਘ ਨਗਰ ’ਚ ਹੋਏ ਕਤਲ ਮਾਮਲੇ ’ਚ ਨਵਾਂ ਖੁਲਾਸਾ ਹੋਇਆ ਹੈ।ਮਰਨ ਵਾਲਾ ਇਸਲਾਮ, ਕਾਤਲ ਮੁਹੰਮਦ ਮਹਿਫੂਜ਼ ਦਾ ਰਿਸ਼ਤੇ ’ਚ ਮਾਮਾ ਲੱਗਦਾ ਸੀ। ਗਾਂਜੇ ਦਾ ਨਸ਼ਾ ਕਰਨ ਦੌਰਾਨ ਦੋਵਾਂ ’ਚ ਝਗਡ਼ਾ ਹੋਇਆ ਸੀ।ਝਗਡ਼ਾ ਉਧਾਰ ਪੈਸੇ ਮੰਗਣ ਤੋਂ ਸ਼ੁਰੂ ਹੋਇਆ ਤੇ ਬਾਅਦ ’ਚ ਮਾਮਲਾ ਕਤਲ ਤਕ ਪਹੁੰਚ ਗਿਆ। ਮਹਿਫੂਜ਼ ਦੀ ਪਤਨੀ ਉਸ ਨੂੰ ਛੱਡ ਚੁੱਕੀ ਸੀ।ਉਹ ਇਸ ਗੱਲ ਤੋਂ ਵੀ ਪਰੇਸ਼ਾਨ ਸੀ।ਹੁਣ ਉਹ ਰਮਜ਼ਾਨ ਦੇ ਮਹੀਨੇ ਕੀਤੇ ਗੁਨਾਹ ’ਤੇ ਪਛਤਾਵਾ ਕਰ ਰਿਹਾ ਹੈ।ਪੁਲਿਸ ਨੇ ਉਸ ਨੂੰ ਮੰਗਲਵਾਰ ਅਦਾਲਤ ’ਚ ਪੇਸ਼ ਕੀਤਾ, ਜਿਥੋਂ ਉਸ ਨੂੰ ਦੋ ਦਿਨਾ ਰਿਮਾਂਡ ’ਤੇ ਲਿਆ ਗਿਆ ਹੈ। ਪੁਲਿਸ ਲਾਸ਼ ਦੇ ਬਾਕੀ ਟੁੱਕਡ਼ਿਆਂ ਦੀ ਭਾਲ ਕਰ ਰਹੀ ਹੈ।ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਹੋਏ ਪੁਲਿਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਨੇ ਦੱਸਿਆ ਕਿ ਇਸਲਾਮ ਯੂਪੀ ਦਾ ਰਹਿਣ ਵਾਲਾ ਸੀ ਤੇ 25 ਹਜ਼ਾਰ ਰੁਪਏ ਲੈ ਕੇ ਲੁਧਿਆਣਾ ’ਚ ਕੱਪਡ਼ੇ ਖ਼ਰੀਦਣ ਆਇਆ ਸੀ।ਇਸ ਦੌਰਾਨ ਉਹ ਮਹਿਫੂਜ਼ ਕੋਲ ਰੁਕਿਆ ਸੀ। ਦੋਵਾਂ ’ਚ ਪੈਸੇ ਉਧਾਰ ਦੇਣ ਨੂੰ ਲੈ ਕੇ ਝਗਡ਼ਾ ਹੋਇਆ ਤੇ ਮੁਲਜ਼ਮ ਨੇ ਇਸਲਾਮ ਦੇ ਗਲ਼ ’ਚ ਚਾਕੂ ਮਾਰ ਕਰ ਕੇ ਕਤਲ ਕਰ ਦਿੱਤਾ।ਹੱਤਿਆ ਤੋਂ ਬਾਅਦ ਉਸ ਨੇ ਲਾਸ਼ ਦੇ ਆਰੀ ਨਾਲ ਤਿੰਨ ਟੁੱਕਡ਼ੇ ਕੀਤੇ ਤੇ ਰੇਹਡ਼ੀ ’ਤੇ ਲੱਦ ਕੇ ਨਹਿਰ ’ਚ ਸੁੱਟ ਆਇਆ।ਪੁਲਿਸ ਨੂੰ ਹਾਲੇ ਇਕ ਲੱਤ ਤੇ ਇਕ ਬਾਂਹ ਹੀ ਬਰਾਮਦ ਹੋਈ ਹੈ।ਬਾਕੀ ਟੁੱਕੜਿਆਂ ਦੀ ਭਾਲ ਕੀਤੀ ਜਾ ਰਹੀ ਹੈ।