ਅੰਮ੍ਰਿਤਸਰ, 6 ਮਈ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-ਅੰਮ੍ਰਿਤਸਰ ਦੇ ਜੀ.ਟੀ ਰੋਡ ’ਤੇ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਸੈਂਟਰਲ ਬੈਂਕ ਆਫ ਇੰਡੀਆ ਜੀ.ਟੀ. ਰੋਡ ਸੰਤ ਐਵੇਨਿਊ ਵਿਚ ਲੁਟੇਰਿਆਂ ਨੇ ਬੈਂਕ ਦੇ ਅੰਦਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਇਸ ਸਬੰਧੀ ਬੈਂਕ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੈਂਕ ਦੇ ਅੰਦਰ ਚਾਰ ਨੌਜਵਾਨ ਕਸਟਮਰ ਦੇ ਰੂਪ ਵਿਚ ਆਏ, ਜਿਨ੍ਹਾਂ ਨੇ ਕਰੀਬ ਪੌਣੇ ਛੇ ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ।ਲੁਟੇਰੇ ਲੁੱਟ ਤੋਂ ਬਾਅਦ ਚਿੱਟੇ ਰੰਗ ਦੀ ਕਾਰ ’ਚ ਸਵਾਰ ਹੋ ਕੇ ਫ਼ਰਾਰ ਹੋ ਗਏ,ਜਿਸ ਦੀ ਸੂਚਨਾ ਉਨ੍ਹਾਂ ਨੇ ਪੁਲਸ ਨੂੰ ਦੇ ਦਿੱਤੀ ਹੈ।ਇਸ ਮਾਮਲੇ ਦੇ ਸਬੰਧ ’ਚ ਅੰਮ੍ਰਿਤਸਰ ਪੁਲਸ ਕਮਿਸ਼ਨਰ ਅਰੁਨ ਪਾਲ ਸਿੰਘ ਨੇ ਕਿਹਾ ਕਿ ਬੈਂਕ ਵਿੱਚ ਹੋਈ ਲੁੱਟ ਦੀ ਜਦੋਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਤਾਂ ਉਹ ਆਪਣੀ ਪੁਲਸ ਟੀਮ ਨਾਲ ਇੱਥੇ ਪਹੁੰਚ ਗਏ।ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।ਪੁਲਸ ਕਮਿਸ਼ਨਰ ਨੇ ਕਿਹਾ ਕਿ ਸਾਢੇ ਪੰਜ ਲੱਖ ਤੋਂ ਵੱਧ ਰੁਪਏ ਦੀ ਲੁੱਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਉਨ੍ਹਾਂ ਵੱਲੋਂ ਨਜ਼ਦੀਕੀ ਸੀ.ਸੀ.ਟੀ.ਵੀ. ਕੈਮਰੇ ਵੀ ਖੰਘਾਲੇ ਜਾ ਰਹੇ ਹਨ,ਜਿਸ ਸਦਕਾ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
