– ਆਗਾਮੀ ਮੌਨਸੂਨ ਸੀਜ਼ਨ ਤੋਂ ਪਹਿਲਾਂ ਬੁੱਢੇ ਨਾਲੇ ਦੀ ਸਫਾਈ ਦਾ ਕੰਮ ਪੂਰੇ ਜੋਰਾਂ-ਸ਼ੋਰਾਂ ਨਾਲ ਜਾਰੀ
– ਹਲਕਾ ਉੱਤਰੀ ਦੇ ਵਸਨੀਕਾਂ ਨੂੰ ਬਰਸਾਤੀ ਮੌਸਮ ਦੌਰਾਨ ਦਰਪੇਸ਼ ਮੁਸ਼ਕਿਲਾਂ ਤੋਂ ਨਿਜਾਤ ਦੁਆਉਣ ਲਈ ਹਾਂ ਵਚਨਬੱਧ – ਵਿਧਾਇਕ ਚੌਧਰੀ ਮਦਨ ਲਾਲ ਬੱਗਾ
ਲੁਧਿਆਣਾ, 23 ਮਈ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ) – ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਦੀ ਪਹਿਲਕਦਮੀ ਅਤੇ ਨਗਰ ਨਿਗਮ ਕਮਿਸ਼ਨਰ ਸ਼ੇਨਾ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਆਗਾਮੀ ਮੌਨਸੂਨ ਸੀਜ਼ਨ ਤੋਂ ਪਹਿਲਾਂ ਬੁੱਢੇ ਨਾਲ ਵਿੱਚੋਂ ਗਾਰ ਕੱਢਣ ਦਾ ਕੰਮ ਪੂਰੇ ਜੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ।
ਵਿਧਾਇਕ ਬੱਗਾ ਵੱਲੋਂ ਮੌਕੇ ‘ਤੇ ਸਫਾਈ ਕਾਰਜ਼ਾਂ ਦਾ ਜਾਇਜਾ ਵੀ ਲਿਆ ਗਿਆ। ਇਸ ਮੌਕੇ ਉਨ੍ਹਾਂ ਨਾਲ ਐਸ.ਈ. ਸ. ਰਜਿੰਦਰ ਸਿੰਘ, ਏ.ਸੀ.ਪੀ. ਟ੍ਰੈਫਿਕ ਸ. ਗੁਰਤੇਜ਼ ਸਿੰਘ, ਐਸ.ਡੀ.ਓ. ਸ. ਸੁਖਦੀਪ ਸਿੰਘ, ਸਾਰੇ ਜੇ.ਈ. ਸਹਿਬਾਨ, ਸ੍ਰੀ ਅਮਨ ਬੱਗਾ ਖੁਰਾਨਾ, ਸ੍ਰੀ ਬਿੱਟੂ ਭਨੋਟ, ਸ੍ਰੀ ਨਵੀਨ ਕਠਪਾਲ, ਲੱਕੀ ਵਰਮਾ ਅਤੇ ਹੋਰ ਵੀ ਮੌਜੂਦ ਸਨ।
ਵਿਧਾਇਕ ਬੱਗਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ‘ਬੂਹੇ ਆਈ ਜੰਝ ਤੇ ਬਿੰਨ੍ਹੋ ਕੁੜੀ ਦੇ ਕੰਨ’ ਵਾਲੀ ਨੀਤੀ ਅਖਤਿਆਰ ਕਰਦਿਆਂ ਬਰਸਾਤੀ ਮੌਸਮ ਸੁਰੂ ਹੋ ਜਾਣ ਤੋਂ ਬਾਅਦ ਕਾਰਵਾਈ ਅਮਲ ਵਿੱਚ ਲਿਆਈ ਜਾਂਦੀ ਸੀ।
ਉਨ੍ਹਾਂ ਕਿਹਾ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਹਿਲਕਦਮੀ ਕਰਦਿਆਂ ਆਗਾਮੀ ਬਰਸਾਤੀ ਮੌਸਮ ਸੁਰੂ ਹੋਣ ਤੋਂ ਪਹਿਲਾਂ ਬੁੱਢੇ ਨਾਲੇ ਦੀ ਸਫਾਈ ਕਰਵਾਈ ਜਾ ਰਹੀ ਹੈ ਜੋਕਿ ਉਨ੍ਹਾਂ ਦਾ ਡ੍ਰੀਮ ਪ੍ਰੋਜੈਕਟ ਵੀ ਹੈ। ਉਨ੍ਹਾਂ ਦੱਸਿਆ ਕਿ ਅੱਜ 1 ਪੋਕਲੇਨ, 12 ਟਿੱਪਰ ਅਤੇ 4 ਜੇ.ਸੀ.ਬੀ. ਮਸ਼ੀਨਾਂ ਦੀ ਸਹਾਇਤਾ ਨਾਲ ਸਥਾਨਕ ਚਾਂਦ ਸਿਨੇਮਾ ਪੁਲੀ ਤੋਂਂ ਹਲਕਾ ਲੁਧਿਆਣਾ ਉੱਤਰੀ ਵਿੱਚ ਵਗਦੇ ਬੁੱਢੇ ਨਾਲੇ ਦੀ ਗਾਰ ਕੱਢੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬੀਤੇ ਸਮੇਂ ਵਿੱਚ ਇਹ ਗਾਰ ਕੱਢ ਕੇ ਬੁੱਢੇ ਨਾਲੇ ਦੇ ਨਾਲ-ਨਾਲ ਢੇਰ ਲਗਾ ਦਿੱਤੇ ਜਾਂਦੇ ਸਨ ਜੋਕਿ ਮੀਂਹ ਪੈਣ ਮੌਕੇ ਮੁੜ ਬੁੱਢੇ ਨਾਲੇ ਵਿੱਚ ਰੁੜ੍ਹ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਅੱਜ ਬੁੱਢੇ ਨਾਲੇ ਵਿੱਚੋਂ ਕੂੜਾ ਕਰਕਟ ਕੱਢ ਕੇ ਨਾਲੋ-ਨਾਲ ਟਿੱਪਰਾਂ ਵਿੱਚ ਲੋਡ ਕਰਵਾਇਆ ਗਿਆ ਅਤੇ ਕਰੀਬ 65 ਟਿੱਪਰ ਕੂੜੇ ਦੇ ਨਾਲੇ ਵਿੱਚੋਂ ਬਾਹਰ ਕੱਢੇ ਗਏ। ਉਨ੍ਹਾਂ ਇਹ ਵੀ ਦੱਸਿਆ ਕਿ ਅੱਜ 100 ਦੇ ਕਰੀਬ ਟਿੱਪਰ ਗਾਰ ਕੱਢਣ ਦਾ ਟੀਚਾ ਮਿੱਥਿਆ ਗਿਆ ਹੈ।
ਵਿਧਾਇਕ ਬੱਗਾ ਨੇ ਦੱਸਿਆ ਕਿ ਬੁੱਢੇ ਨਾਲੇ ਦੀ ਅਗਾਉਂ ਸਫਾਈ ਨਾਲ ਹਲਕਾ ਉੱਤਰੀ ਦੇ 10-12 ਵਾਰਡਾਂ ਨੂੰ ਰਾਹਤ ਮਿਲੇਗੀ ਕਿਉਂਕਿ ਬਰਸਾਤੀ ਮੌਸਮ ਦੌਰਾਨ ਬੁੱਢੇ ਨਾਲੇ ਦੀ ਸਹੀ ਢੰਗ ਨਾਲ ਸਫਾਈ ਨਾ ਹੋਣ ਕਰਕੇ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ੍ਹ ਜਾਂਦਾ ਸੀ ਜਿਸ ਕਾਰਨ ਵਸਨੀਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਇਲਾਕੇ ਦੇ ਲੋਕ ਨਰਕ ਭਰਿਆ ਜੀਵਨ ਬਤੀਤ ਕਰਦੇ ਸਨ।