ਜਗਰਾਉਂ, 8 ਮਈ ( ਭਗਵਾਨ ਭੰਗੂ)-ਸ਼੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀ ਸੈ ਸਕੂਲ ਜਗਰਾਉਂ ਵਿਖੇ ਮਨਾਇਆ ਗਿਆ ਰੈੱਡ ਕ੍ਰਾਸ ਦਿਵਸ। ਦਿਵਸ ਦੀ ਸ਼ੁਰੂਆਤ ਵੰਦਨਾ ਅਤੇ ਦੀਪ ਪ੍ਰਜੱਵਲਤ ਕਰਕੇ ਕੀਤੀ ਗਈ।ਅਧਿਆਪਕਾ ਸੁਮਨ ਨੇ ਰੈੱਡ ਕ੍ਰਾਸ ਦਿਵਸ ਦੀ ਮਹੱਤਤਾ ਬਾਰੇ ਜਾਣੂ ਕਰਵਾਉਂਦਿਆਂ ਦੱਸਿਆ ਕਿ ਰੈਡ ਕ੍ਰਾਸ ਇੱਕ ਅੰਤਰਰਾਸ਼ਟਰੀ ਸੰਸਥਾ ਹੈ। ਜਿਸ ਦਾ ਮੁੱਖ ਉਦੇਸ਼ ਰੋਗੀਆਂ, ਜ਼ਖ਼ਮੀ ਅਤੇ ਯੁੱਧ ਦੌਰਾਨ ਮਨੁੱਖਾਂ ਦੀ ਦੇਖਭਾਲ ਕਰਨਾ ਹੈ ।ਰੈੱਡ ਕ੍ਰਾਸ ਮੁਹਿੰਮ ਨੂੰ ਜਨਮ ਦੇਣ ਵਾਲੇ ਮਹਾਨ ਮਾਨਵਤਾ ਪ੍ਰੇਮੀ ਹੈਨਰੀ ਡਯੁਨੇਂਟ ਦਾ ਜਨਮ 8 ਮਈ, 1828 ਨੂੰ ਹੋਇਆ ਸੀ। ਇਸ ਲਈ ਉਨ੍ਹਾਂ ਦੇ ਜਨਮ ਦਿਨ ਨੂੰ ਵਿਸ਼ਵ ਰੈੱਡ ਕ੍ਰਾਸ ਡੇ ਦੇ ਰੂਪ ਵਿੱਚ ਪੂਰੇ ਵਿਸ਼ਵ ਵਿੱਚ ਮਨਾਇਆ ਜਾਂਦਾ ਹੈ।
ਰੈੱਡ ਕ੍ਰਾਸ ਨੇ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹੋਏ ਜ਼ਖ਼ਮੀ ਸੈਨਿਕਾਂ ਅਤੇ ਨਾਗਰਿਕਾਂ ਦੀ ਮਦਦ ਕੀਤੀ ਸੀ ।ਰੈੱਡ ਕ੍ਰਾਸ ਦੇ ਇਨ੍ਹਾਂ ਸੇਵਾ ਕਾਰਜਾਂ ਕਰਕੇ ਹੀ 1917 ਵਿੱਚ ਇਸ ਸੰਸਥਾ ਨੂੰ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।ਰੈਡ ਕ੍ਰਾਸ ਦਾ ਮੁੱਖ ਦਫ਼ਤਰ ਜੇਨੇਵਾ ਵਿਚ ਹੈ ।ਜੋ ਅਲੱਗ ਅਲੱਗ ਦੇਸ਼ਾਂ ਵਿੱਚ ਸਥਾਪਿਤ ਸ਼ਾਖਾਵਾਂ ਦੇ ਨਾਲ ਤਾਲਮੇਲ ਬਿਠਾ ਕੇ ਕੰਮ ਚਲਾ ਰਿਹਾ ਹੈ ।ਕਿਸੇ ਵੀ ਦੇਸ਼ ਵਿਚ ਕਿਤੇ ਵੀ ,ਕਦੇ ਵੀ, ਕਿਸੇ ਵੀ ਤਰਾਂ ਦੀ ਆਪਦਾ ਹੋਵੇ ਇਸ ਸੰਸਥਾ ਦੇ ਸਮਾਜ ਸੇਵੀ ਪੀੜ੍ਹਤਾਂ ਨੂੰ ਮੁਫ਼ਤ ਮਦਦ ਪ੍ਰਦਾਨ ਕਰਦੇ ਹਨ।ਰੈਡ ਕ੍ਰਾਸ ਦਾ ਮੁੱਖ ਸਿਧਾਂਤ ਕਿਸੇ ਤੋਂ ਪੈਸੇ ਲਏ ਬਿਨਾ ਮਦਦ ਕਰਨਾ ਹੈ ।ਭਾਵੇਂ ਸਥਿਤੀ ਕਿਸੇ ਵੀ ਤਰ੍ਹਾਂ ਦੀ ਕਿਉਂ ਨਾ ਹੋਵੇ, ਜਿੱਥੇ ਸਰਕਾਰਾਂ ਵੀ ਕਈ ਵਾਰ ਕੁਝ ਨਹੀਂ ਕਰ ਸਕਦੀਆਂ ਓੱਥੇ ਰੈੱਡਕ੍ਰਾਸ ਔਖੇ ਤੋਂ ਔਖੇ ਸਮੇਂ ਵਿਚ ਲੋਕਾਂ ਦੀ ਮਦਦ ਕਰਦੀ ਹੈ।ਇਸ ਮੌਕੇ ਤੇ ਅਧਿਆਪਕਾ ਪਵਿੱਤਰ ਕੌਰ ਵੱਲੋਂ ਰੈੱਡ ਕ੍ਰਾਸ ਦਿਵਸ ਉੱਪਰ ਪ੍ਰਸ਼ਨ ਮੰਚ ਪ੍ਰਤੀਯੋਗਤਾ ਵੀ ਕਰਵਾਈ ਗਈ ਤੇ ਜੇਤੂ ਬੱਚਿਆਂ ਨੂੰ ਪ੍ਰਮਾਣ- ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਪ੍ਰਿੰਸੀਪਲ ਨੀਲੂ ਨਰੂਲਾ ਨੇ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਮਨੁਖਤਾ ਦੀ ਸੇਵਾ ਕਰਨਾ ਸਾਡਾ ਸਭ ਤੋਂ ਪਹਿਲਾ ਕਰਤੱਵ ਹੈ। ਮਨੁੱਖਤਾ ਦੀ ਸੇਵਾ ਤੋਂ ਵੱਡਾ ਧਰਮ ਕੋਈ ਨਹੀਂ ਹੈ। ਜਿਸ ਤਰ੍ਹਾਂ ਰੈਡ ਕ੍ਰਾਸ ਸੰਸਥਾ ਜ਼ਖ਼ਮੀ ਜਾਂ ਰੋਗੀਆਂ ਦੀ ਸਹਾਇਤਾ ਕਰਦੀ ਹੈ ,ਉਸੇ ਤਰਾਂ ਸਾਨੂੰ ਵੀ ਸਮਾਜ ਵਿਚ ਰਹਿੰਦੇ ਹੋਏ ਲੋੜਵੰਦ ਜਾਂ ਕਿਸੇ ਗਰੀਬ ਗੁਰਬੇ ਦੀ ਸਹਾਇਤਾ ਕਰਨੀ ਚਾਹੀਦੀ ਹੈ।