ਬਰਨਾਲਾ, 8 ਮਈ (ਭਗਵਾਨ ਭੰਗੂ) : ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ. ਜਗਦੀਸ਼ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਸਮੈਮ ਅਤੇ ਸੀਆਰਐਮ ਸਕੀਮ ਤਹਿਤ ਖੇਤੀ ਮਸ਼ੀਨਰੀ ‘ਤੇ ਸਬਸਿਡੀ ਦਿੱਤੀ ਗਈ ਸੀ।ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੂੰ ਖੇਤੀ ਮਸ਼ੀਨਰੀ ‘ਤੇ ਸਬਸਿਡੀ ਮਿਲੀ ਹੈ, ਉਹ ਕਿਸਾਨ ਸਿਰਫ ਆਪਣੇ ਖੇਤਾਂ ਵਿੱਚ ਹੀ ਇਸ ਦੀ ਵਰਤੋਂ ਨਹੀਂ ਕਰ ਰਹੇ ਬਲਕਿ ਇਹ ਕਿਸਾਨ ਇਸ ਨੂੰ ਹੋਰਨਾਂ ਕਿਸਾਨਾਂ ਨੂੰ ਕਿਰਾਏ ਤੇ ਦੇ ਕੇ ਇਸ ਤੋਂ ਕਮਾਈ ਵੀ ਕਰ ਰਹੇ ਹਨ। ਮੁੱਖ ਖੇਤੀਬਾੜੀ ਅਫਸਰ ਬਰਨਾਲਾ ਨੇ ਦੱਸਿਆ ਕਿ ਕਿਸਾਨਾਂ ਨੂੰ ਨੁਮੈਟਿਕ ਪਲਾਂਟਰ ਸਬਸਿਡੀ ‘ਤੇ ਦਿੱਤੇ ਗਏ ਸਨ, ਉਨ੍ਹਾਂ ਕਿਸਾਨਾਂ ਨੇ ਆਪਣੇ ਖੇਤ ਤੋਂ ਇਲਾਵਾ ਹੋਰਨਾਂ ਕਿਸਾਨਾਂ ਨੂੰ 1200 ਰੁਪਏ ਪ੍ਰਤੀੇ ਏਕੜ ਦੇ ਹਿਸਾਬ ਨਾਲ ਕਿਰਾਏ ‘ਤੇ ਦੇ ਕੇ ਵਧੀਆ ਕਮਾਈ ਦਾ ਸਾਧਨ ਬਣਾਇਆ ਹੋਇਆ ਹੈ। ਕਿਸਾਨ ਇਸ ਦਾ ਲਾਭ ਉਠਾ ਰਹੇ ਹਨ। ਕਿਸਾਨ ਨਿਰਮਲ ਸਿੰਘ ਪਿੰਡ ਸੁਖਪੁਰਾ ਮੌੜ ਨੇ ਦੱਸਿਆ ਕਿ ਇਸੇ ਸਾਲ ਉਸਨੂੰ ਨੁਮੈਟਿਕ ਪਲਾਂਟਰ ‘ਤੇ ਸਬਸਿਡੀ ਮਿਲੀ ਸੀ, ਉਹਨਾਂ ਨੇ ਆਪਣੇ ਖੇਤ ਤੋਂ ਇਲਾਵਾ 150 ਏਕੜ ਦੇ ਕਰੀਬ ਕਿਰਾਏ ‘ਤੇ ਮੱਕੀ ਦੀ ਬਿਜਾਈ ਕਰਕੇ ਕਮਾਈ ਕੀਤੀ ਹੈ। ਕਿਸਾਨ ਨੇ ਦੱਸਿਆ ਕਿ ਕਿਸਾਨ ਨੂੰ ਮਸ਼ੀਨ ‘ਤੇ ਸਬਸਿਡੀ ਮਿਲਣ ਦਾ ਬਹੁਤ ਲਾਹ ਮਿਲਿਆ ਹੈ।
ਮੁੱਖ ਖੇਤੀਬਾੜੀ ਅਫਸਰ ਬਰਨਾਲਾ ਤੇ ਟੀਮ ਨੇ ਕਿਸਾਨ ਜੈਪਾਲ ਸਿੰਘ, ਸਿਮਰਤਪਾਲ ਸਿੰਘ ਸੇਖਾ ਦੇ ਖੇਤ ਵਿੱਚ ਵਿਜ਼ਟ ਕਰਨ ‘ਤੇ ਕਿਸਾਨ ਨੇ ਦੱਸਿਆ ਕਿ ਉਹ ਨੁਮਾਟਿਕ ਪਲਾਂਟਰ ਨਾਲ ਮੱਕੀ ਤੇ ਨਰਮੇ ਦੀ ਫਸਲ ਦੀ ਬਿਜਾਈ ਕਰ ਰਿਹਾ ਹੈ, ਜਿਸ ਦਾ ਕਿਸਾਨ ਨੂੰ ਲਾਭ ਹੋ ਰਿਹਾ ਹੈ।
ਇਸ ਤੋਂ ਬਾਅਦ ਕਿਸਾਨ ਗੁਰਮੀਤ ਸਿੰਘ, ਲੱਖਾ ਸਿੰਘ ਹੰਡਿਆਇਆ ਦੇ ਖੇਤ ਵਿੱਚ ਲੇਜ਼ਰ ਲੈਂਡ ਲੈਵਲਰ ਨਾਲ ਪੱਧਰ ਕੀਤੇ ਜਾ ਰਹੇ ਖੇਤਾਂ ਦਾ ਨਿਰੀਖਣ ਕੀਤਾ। ਕਿਸਾਨ ਲੇਜ਼ਰ ਲੈਂਡ ਲੈਵਲਰ ਕਿਰਾਏ ‘ਤੇ ਦੇ ਕੇ ਕਮਾਈ ਕਰ ਰਿਹਾ ਹੈ। ਮੁੱਖ ਖੇਤੀਬਾੜੀ ਅਫਸਰ ਬਰਨਾਲਾ ਨੇ ਕਿਹਾ ਕਿ ਬਰਨਾਲਾ ਜ਼ਿਲ੍ਹੇ ਵਿੱਚ ਵੱਡੀ ਗਿਣਤੀ ਵਿੱਚ ਖੇਤੀ ਮਸ਼ੀਨਰੀ ਉਪਲਬਧ ਹੈ, ਜਿਸ ਦੀ ਵਰਤੋਂ ਕਰਕੇ ਕਿਸਾਨ ਆਧੁਨਿਕ ਤੇ ਵਿਗਿਆਨਕ ਤਰੀਕੇ ਨਾਲ ਬਿਜਾਈ ਕਰਕੇ ਸਮੇਂ ਦੀ ਬਚਤ ਕਰਨ ਦੇ ਨਾਲ ਵਾਤਾਵਰਣ ਨੂੰ ਸਾਫ ਰੱਖਣ ਵਿੱਚ ਵੀ ਸਹਾਇਤਾ ਮਿਲੇਗੀ।ਇਸ ਮੌਕੇ ਡਾ. ਗੁਰਚਰਨ ਸਿੰਘ, ਬਲਾਕ ਖੇਤੀਬਾੜੀ ਅਫਸਰ ਸਹਿਣਾ ਗੁਰਿੰਦਰ ਸਿੰਘ ਖੇਤੀਬਾੜੀ ਇੰਜੀਨੀਅਰ, ਬੇਅਤ ਸਿੰਘ ਤਕਨੀਸ਼ੀਅਨ ਗਰੇਡ – 1, ਸੁਨੀਤਾ ਰਾਣੀ, ਸਤਨਾਮ ਸਿੰਘ ਤੇ ਹੋਰ ਕਿਸਾਨ ਹਾਜ਼ਰ ਸਨ।