ਸ਼੍ਰੀ ਮਾਛੀਵਾਡ਼ਾ ਸਾਹਿਬ ( ਬਿਊਰੋ)-: ਇੱਥੋਂ ਨੇਡ਼੍ਹਿਓਂ ਲੰਘਦੀ ਸਰਹਿੰਦ ਨਹਿਰ ਦੇ ਪਵਾਤ ਪੁਲ ਕੋਲੋਂ ਕੁਝ ਲਾਲਚੀ ਅਤੇ ਬੇਦਰਦ ਹੱਤਿਆਰਿਆਂ ਵੱਲੋਂ ਬੇਜ਼ੁਬਾਨ ਗਊਆਂ ਦੀ ਹੱਤਿਆ ਕਰਕੇ ਮਾਸ ਕੱਢ ਕੇ ਲੈ ਗਏ ਅਤੇ ਉਨ੍ਹਾਂ ਦੇ ਬਾਕੀ ਅੰਗਾਂ ਨੂੰ ਨਹਿਰ ਵਿਚ ਸੁੱਟ ਦਿੱਤਾ।ਅੱਜ ਜਿਉਂ ਹੀ ਇਸ ਦਰਦਨਾਕ ਘਟਨਾ ਦਾ ਪਤਾ ਲੱਗਾ ਤਾਂ ਸਾਰੇ ਇਲਾਕੇ ਵਿਚ ਸਨਸਨੀ ਫੈਲ ਗਈ।ਪੱਤਰਕਾਰਾਂ ਵਲੋਂ ਮੌਕੇ ’ਤੇ ਜਾ ਕੇ ਦੇਖਿਅ ਗਿਆ ਕਿ ਵੱਡੀ ਮਾਤਰਾ ਵਿਚ ਕੁਝ ਗਊਆਂ ਦੇ ਅੰਗ ਪਾਣੀ ਵਿਚ ਤੈਰ ਰਹੇ ਸਨ ਅਤੇ ਕੁਝ ਥੈਲਿਆਂ ਵਿਚ ਪਾ ਕੇ ਨਹਿਰ ਵਿਚ ਸੁੱਟੇ ਹੋਏ ਸਨ।ਇਸ ਘਟਨਾ ਦਾ ਪਤਾ ਲੱਗਦਿਆਂ ਹੀ ਪਿੰਡ ਵਾਸੀਆਂ ਵਲੋਂ ਤੁਰੰਤ ਮਾਛੀਵਾਡ਼ਾ ਪੁਲਿਸ ਥਾਣਾ ਵਿਖੇ ਸੂਚਨਾ ਦਿੱਤੀ ਗਈ।ਘਟਨਾ ਦੀ ਸੂਚਨਾ ਮਿਲਦੇ ਹੀ ਜਿੱਥੇ ਥਾਣਾ ਮੁਖੀ ਵਿਜੈ ਕੁਮਾਰ ਆਪਣੀ ਟੀਮ ਸਮੇਤ ਘਟਨਾ ਸਥਾਨ ’ਤੇ ਪਹੁੰਚੇ ਉੱਥੇ ਡੀ.ਐੱਸ.ਪੀ. ਸਮਰਾਲਾ ਹਰਵਿੰਦਰ ਸਿੰਘ ਖਹਿਰਾ ਵੀ ਪਹੁੰਚ ਗਏ।ਕੁਝ ਚਿਰ ਬਾਅਦ ਹੀ ਸ਼ਿਵ ਸੈਨਾ ਆਗੂ ਰਮਨ ਵਢੇਰਾ ਅਤੇ ਸਮਾਜ ਸੇਵੀ ਨੀਰਜ ਸਿਹਾਲਾ ਵੀ ਆਪਣੇ ਸਾਥੀਆਂ ਸਮੇਤ ਘਟਨਾ ਵਾਲੀ ਥਾਂ ’ਤੇ ਪੁੱਜ ਗਏ।ਪਾਣੀ ਵਿਚ ਤੈਰਦੇ ਗਊਆਂ ਦੇ ਅੰਗਾਂ ਤੋਂ ਇਹ ਅਨੁਮਾਨ ਲਗਾਇਆ ਜਾ ਰਿਹਾ ਸੀ ਕਿ ਸ਼ਰਾਰਤੀ ਅਨਸਰਾਂ ਵਲੋਂ ਉਨ੍ਹਾਂ ਦਾ ਮਾਸ ਵੱਢ ਕੇ ਬਾਕੀ ਪੂਛਾਂ, ਚਮਡ਼ੀ ਤੇ ਹੋਰ ਅੰਗਾਂ ਨੂੰ ਥੈਲਿਆਂ ’ਚ ਬੰਦ ਕਰ ਅਤੇ ਖੁੱਲੇ ਪਾਣੀ ਵਿਚ ਸੁੱਟ ਦਿੱਤਾ ਗਿਆ। ਪਵਾਤ ਪੁਲ ਦੀ ਇੱਕ ਕੰਧ ’ਤੇ ਖੂਨ ਦੇ ਨਿਸ਼ਾਨ ਵੀ ਦਿਖਾਈ ਦਿੱਤੇ ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਇਸ ਸਥਾਨ ਤੋਂ ਗਊਆਂ ਦੇ ਅੰਗਾਂ ਨੂੰ ਨਹਿਰ ਵਿਚ ਸੁੱਟਿਆ ਗਿਆ।ਨਹਿਰ ਵਿਚ ਪਾਣੀ ਘੱਟ ਹੋਣ ਕਾਰਨ ਇਹ ਗਊਆਂ ਦੇ ਅੰਗ ਅਤੇ ਭਰੇ ਥੈਲੇ ਰੁਡ਼ ਨਾ ਸਕੇ ਜਿਸ ਕਾਰਨ ਇਹ ਦਰਦਨਾਕ ਘਟਨਾ ਸਾਹਮਣੇ ਆ ਗਈ