ਨਵੀਂ ਦਿੱਲੀ,(ਬਿਊਰੋ) ਐਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਬੁੱਧਵਾਰ ਨੂੰ ਨੈਸ਼ਨਲ ਹੈਰਾਲਡ ਮਾਮਲੇ ਵਿੱਚ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਸੰਮਨ ਜਾਰੀ ਕੀਤਾ ਹੈ।ਨੈਸ਼ਨਲ ਹੈਰਾਲਡ ਕੇਸ ਨੂੰ ਜਾਂਚ ਏਜੰਸੀ ਨੇ 2015 ਵਿੱਚ ਬੰਦ ਕਰ ਦਿੱਤਾ ਸੀ। ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਆਗੂ ਅਭਿਸ਼ੇਕ ਮਨੂ ਸਿੰਘਵੀ ਨੇ ਭਾਜਪਾ ‘ਤੇ ਸਿਆਸੀ ਵਿਰੋਧੀਆਂ ਨੂੰ ਡਰਾਉਣ ਲਈ ਕਠਪੁਤਲੀ ਏਜੰਸੀਆਂ ਦੀ ਵਰਤੋਂ ਕਰਨ ਦਾ ਦੋਸ਼ ਲਾਉਂਦਿਆਂ ਨਿੰਦਾ ਕੀਤੀ।ਕਾਂਗਰਸ ਨੇਤਾ ਰਣਦੀਪ ਸੁਰਜੇਵਾਲਾ ਦਾ ਕਹਿਣਾ ਕਿ ਜਵਾਹਰ ਲਾਲ ਨਹਿਰੂ ਨੇ 1942 ਵਿੱਚ ਨੈਸ਼ਨਲ ਹੈਰਾਲਡ ਅਖਬਾਰ ਸ਼ੁਰੂ ਕੀਤਾ ਸੀ। ਉਸ ਸਮੇਂ ਅੰਗਰੇਜ਼ਾਂ ਨੇ ਇਸਨੂੰ ਦਬਾਉਣ ਦੀ ਕੋਸ਼ਿਸ਼ ਕੀਤੀ,ਅੱਜ ਮੋਦੀ ਸਰਕਾਰ ਵੀ ਉਹੀ ਕਰ ਰਹੀ ਹੈ ਅਤੇ ਇਸ ਲਈ ਈਡੀ ਦੀ ਵਰਤੋਂ ਕੀਤੀ ਜਾ ਰਹੀ ਹੈ।ਈਡੀ ਨੇ ਤਾਂਹੀ ਸਾਡੀ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਨੋਟਿਸ ਭੇਜਿਆ ਹੈ।ਨੈਸ਼ਨਲ ਹੈਰਾਲਡ ਅਖਬਾਰ ਦੀ ਮਾਲਕੀ ਵਾਲੀ ਪਾਰਟੀ ਦੁਆਰਾ ਪ੍ਰਮੋਟ ਕੀਤੀ ਯੰਗ ਇੰਡੀਅਨ ਵਿੱਚ ਕਥਿਤ ਵਿੱਤੀ ਬੇਨਿਯਮੀਆਂ ਦੀ ਜਾਂਚ ਲਈ ਹਾਲ ਹੀ ਵਿੱਚ ਕੇਸ ਦਰਜ ਕੀਤਾ ਗਿਆ ਸੀ। ਏਜੇਂਸੀ ਦੇ ਅਧਿਕਾਰੀਆਂ ਦਾ ਕਹਿਣਾ ਕਿ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਦੀਆਂ ਅਪਰਾਧਿਕ ਧਾਰਾਵਾਂ ਤਹਿਤ ਸੋਨੀਆ ਅਤੇ ਰਾਹੁਲ ਗਾਂਧੀ ਦੇ ਬਿਆਨ ਦਰਜ ਕਰਨ ਲਈ ਉਨ੍ਹਾਂ ਨੂੰ ਸੱਦਿਆ ਗਿਆ ਹੈ।ਏਜੰਸੀ ਨੇ ਹਾਲ ਹੀ ਵਿੱਚ ਜਾਂਚ ਦੇ ਹਿੱਸੇ ਵਜੋਂ ਸੀਨੀਅਰ ਕਾਂਗਰਸੀ ਨੇਤਾਵਾਂ ਮਲਿਕਾਰਜੁਨ ਖੜਗੇ ਅਤੇ ਪਵਨ ਬਾਂਸਲ ਤੋਂ ਪੁੱਛਗਿੱਛ ਵੀ ਕੀਤੀ ਸੀ। ਇਨਕਮ ਟੈਕਸ ਦੀ ਜਾਂਚ ਮੁਤਾਬਕ ਰਾਹੁਲ ਗਾਂਧੀ ਨੇ 27 ਜੁਲਾਈ 2011 ਨੂੰ ਆਪਣੀ ਇਨਕਮ ਟੈਕਸ ਰਿਪੋਰਟ ਦਾਇਰ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਜਾਇਦਾਦ ਅਤੇ ਹੋਰ ਸਰੋਤਾਂ ਰਾਹੀਂ 68 ਲੱਖ ਰੁਪਏ ਦਾ ਵਾਧਾ ਦਿਖਾਇਆ ਸੀ।