Home Political ਕਿਸਾਨਾਂ ਨੂੰ ਵੱਡੀ ਰਾਹਤ: ਮੁੱਖ ਮੰਤਰੀ ਨੇ ਟਿਊਬਵੈੱਲਾਂ ਦਾ ਲੋਡ ਵਧਾਉਣ ਦੀ...

ਕਿਸਾਨਾਂ ਨੂੰ ਵੱਡੀ ਰਾਹਤ: ਮੁੱਖ ਮੰਤਰੀ ਨੇ ਟਿਊਬਵੈੱਲਾਂ ਦਾ ਲੋਡ ਵਧਾਉਣ ਦੀ ਫੀਸ 4750 ਤੋਂ ਘਟਾ ਕੇ 2500 ਰੁਪਏ ਕੀਤੀ

81
0

ਸਾਡਾ ਟੀਚਾ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣਾ: ਭਗਵੰਤ ਮਾਨ

ਚੰਡੀਗੜ, 9 ਜੂਨ ( ਰਾਜੇਸ਼ ਜੈਨ, ਭਗਵਾਨ ਭੰਗੂ) –

ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣ ਦੀ ਵਚਨਬੱਧਤਾ ਦੁਹਰਾਉਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਟਿਊਬਵੈੱਲਾਂ ਦਾ ਲੋਡ ਵਧਾਉਣ ਦੀ ਫੀਸ ਮੌਜੂਦਾ 4750 ਰੁਪਏ ਤੋਂ ਘਟਾ ਕੇ 2500 ਰੁਪਏ ਕਰਨ ਦਾ ਐਲਾਨ ਕੀਤਾ ਹੈ।

ਇੱਥੋਂ ਜਾਰੀ ਇਕ ਪ੍ਰੈੱਸ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ‘‘ਸਾਡੇ ਸੂਬੇ ਦੇ ਅਨਾਜ ਉਤਪਾਦਕਾਂ ਨੂੰ ਉਨਾਂ ਦੀ ਆਪਣੀ ਸਰਕਾਰ ਦਾ ਇਹ ਇਕ ਨਿਮਾਣਾ ਜਿਹਾ ਤੋਹਫ਼ਾ ਹੈ।’’

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਮੁੱਢ-ਕਦੀਮੋਂ ਖੇਤੀਬਾੜੀ ਆਧਾਰਤ ਅਰਥਚਾਰਾ ਰਿਹਾ ਹੈ ਅਤੇ ਇੱਥੋਂ ਦੀ ਵਸੋਂ ਦਾ ਵੱਡਾ ਹਿੱਸਾ ਖੇਤੀਬਾੜੀ ਉਤੇ ਨਿਰਭਰ ਕਰਦਾ ਹੈ। ਉਨਾਂ ਝੋਰਾ ਪ੍ਰਗਟਾਇਆ ਕਿ ਅਜੋਕੇ ਦੌਰ ਵਿੱਚ ਕਿਸਾਨ ਇਹ ਨਹੀਂ ਚਾਹੁੰਦਾ ਕਿ ਉਸ ਦਾ ਪੁੱਤ ਖੇਤੀ ਕਰੇ ਕਿਉਕਿ ਖੇਤੀ ਵਿੱਚੋਂ ਕਮਾਈ ਘਟ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਰੁਝਾਨ ਬਦਲਣ ਦੀ ਲੋੜ ਹੈ, ਜਿਸ ਲਈ ਕਿਸਾਨਾਂ ਦੀਆਂ ਲਾਗਤਾਂ ਘਟਾਉਣੀਆਂ ਪੈਣਗੀਆਂ ਤਾਂ ਕਿ ਖੇਤੀਬਾੜੀ ਲਾਹੇਵੰਦ ਧੰਦਾ ਬਣੇ।

ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਟਿਊਬਵੈੱਲਾਂ ਦਾ ਲੋਡ ਵਧਾਉਣ ਲਈ ਲਗਦੀ ਵੱਡੀ ਫੀਸ ਭਰਨ ਵਿੱਚ ਦਿੱਕਤਾਂ ਦਰਪੇਸ਼ ਸਨ, ਜਿਸ ਕਾਰਨ ਇਸ ਫੀਸ ਨੂੰ ਤਕਰੀਬਨ 50 ਫੀਸਦੀ ਘਟਾ ਦਿੱਤਾ ਹੈ। ਉਨਾਂ ਉਮੀਦ ਜ਼ਾਹਰ ਕੀਤੀ ਕਿ ਇਸ ਨਾਲ ਸੂਬੇ ਦੇ ਮਿਹਨਤਕਸ਼ ਕਿਸਾਨਾਂ, ਜਿਨਾਂ ਦੇਸ਼ ਦੇ ਅੰਨ ਭੰਡਾਰ ਵਿੱਚ ਵੱਡਾ ਯੋਗਦਾਨ ਪਾ ਕੇ ਮੁਲਕ ਨੂੰ ਖੁਰਾਕ ਪੱਖੋਂ ਆਤਮ ਨਿਰਭਰ ਬਣਾਇਆ, ਨੂੰ ਲੋੜੀਂਦੀ ਰਾਹਤ ਮਿਲੇਗੀ। ਭਗਵੰਤ ਮਾਨ ਨੇ ਕਿਹਾ ਕਿ ਖੇਤੀਬਾੜੀ ਨੂੰ ਹੋਰ ਲਾਹੇਵੰਦ ਬਣਾਉਣ ਲਈ ਇਸ ਦਿਸ਼ਾ ਵਿੱਚ ਹੋਰ ਕਦਮ ਚੁੱਕੇ ਜਾਣਗੇ।

LEAVE A REPLY

Please enter your comment!
Please enter your name here