ਡੇਰਾਬਸੀ, 10 ਜੂਨ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-: ਮੋਹਾਲੀ ਦੇ ਡੇਰਾਬਸੀ ‘ਚ ਦਿਨ-ਦਿਹਾੜੇ ਲੁੱਟ-ਖੋਹ ਦੀ ਘਟਨਾ ਸਾਹਮਣੇ ਆਈ ਹੈ।ਜਾਣਕਾਰੀ ਮੁਤਾਬਕ ਦੋ ਬਾਈਕ ‘ਤੇ ਆਏ ਕੁਝ ਲੁਟੇਰੇ ਇਕ ਵਪਾਰੀ ਤੋਂ ਕਰੋੜਾਂ ਰੁਪਏ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ।ਬਦਮਾਸ਼ਾਂ ਵੱਲੋਂ ਗੋਲੀ ਚਲਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।ਲੁੱਟ ਦੀ ਵਾਰਦਾਤ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਡੇਰਾਬਸੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।ਜਾਣਕਾਰੀ ਅਨੁਸਾਰ ਡੇਰਾਬਸੀ-ਬਰਵਾਲਾ ਚੌਕ ਨੇੜੇ ਸਥਿਤ ਐਸ.ਬੀ.ਆਈ ਬੈਂਕ ਕੋਲ ਇਕ ਪ੍ਰਾਪਰਟੀ ਡੀਲਰ ਦੇ ਦਫ਼ਤਰ ਦੇ ਬਾਹਰ ਲੁਟੇਰਿਆਂ ਨੇ ਗੋਲੀ ਚਲਾ ਕੇ ਵਪਾਰੀ ਤੋਂ ਡੇਢ ਕਰੋੜ ਰੁਪਏ ਦੇ ਕਰੀਬ ਲੁੱਟ ਲਏ।ਬਦਮਾਸ਼ਾਂ ਵੱਲੋਂ ਕੀਤੀ ਗੋਲੀਬਾਰੀ ਕਾਰਨ ਮੁਹੰਮਦ ਸਾਜਿਦ ਨਾਂ ਦੇ ਵਿਅਕਤੀ ਨੂੰ ਗੋਲੀ ਲੱਗੀ ਹੈ।ਸ਼ਰਾਰਤੀ ਅਨਸਰਾਂ ਦੀ ਗੋਲੀਬਾਰੀ ‘ਚ ਮੋਹੰਮਦ ਸਾਜਿਦ ਜੋ ਕਿ ਗਲੀ ‘ਚ ਰੇਹੜੀ ਲਗਾ ਕੇ ਸਬਜ਼ੀ ਵੇਚਦਾ ਸੀ,ਜ਼ਖਮੀ ਹੋ ਗਿਆ। ਜ਼ਖਮੀਆਂ ਨੂੰ ਪਹਿਲਾਂ ਡੇਰਾਬਸੀ ਸਿਵਲ ਹਸਪਤਾਲ ਪਹੁੰਚਾਇਆ ਗਿਆ।ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਚੰਡੀਗੜ੍ਹ ਦੇ ਜੀਐਮਸੀਐਚ 32 ਰੈਫਰ ਕਰ ਦਿੱਤਾ ਹੈ।ਪਤਾ ਲੱਗਾ ਹੈ ਕਿ ਲੁੱਟ ਤੋਂ ਪਹਿਲਾਂ ਹਰਜੀਤ ਸਿੰਘ ਨਾਗਪਾਲ ਦੇ ਪ੍ਰਾਪਰਟੀ ਡੀਲਰ ਦੇ ਦਫ਼ਤਰ ਨੇੜੇ ਐਸ.ਬੀ.ਆਈ. ਜਿੱਥੇ ਦੋ ਕਾਰੋਬਾਰੀਆਂ ਵਿਚਾਲੇ ਜ਼ਮੀਨ ਦਾ ਸੌਦਾ ਚੱਲ ਰਿਹਾ ਸੀ।ਇਸ ਤੋਂ ਬਾਅਦ ਉਨ੍ਹਾਂ ਵਿਚਕਾਰ ਝਗੜਾ ਹੋ ਗਿਆ, ਜਿਸ ਤੋਂ ਬਾਅਦ ਵਪਾਰੀ ਤੋਂ ਲੁੱਟ ਦੀ ਇਹ ਘਟਨਾ ਵਾਪਰੀ ਹੈ। ਲੁਟੇਰਿਆਂ ਨੇ ਭੱਜਦੇ ਹੋਏ ਦੋ ਗੋਲੀਆਂ ਚਲਾਈਆਂ, ਜਿਨ੍ਹਾਂ ਵਿੱਚੋਂ ਇਕ ਗੋਲੀ 37 ਸਾਲਾ ਮੁਹੰਮਦ ਸਾਜਿਦ ਨੂੰ ਲੱਗੀ। ਬਦਮਾਸ਼ ਭੱਜ ਗਏ ਅਤੇ ਬੰਦੂਕ ਦਿਖਾ ਕੇ ਉਥੇ ਖੜ੍ਹੇ ਨੌਜਵਾਨ ਗੋਵਿੰਦਾ ਦੀ ਬਾਈਕ ਖੋਹ ਲਈ। ਇਸ ਤੋਂ ਬਾਅਦ ਸਾਰੇ ਲੁਟੇਰੇ ਦੋ ਬਾਈਕ ‘ਤੇ ਵੱਖ-ਵੱਖ ਦਿਸ਼ਾਵਾਂ ‘ਚ ਫਰਾਰ ਹੋ ਗਏ।ਸ਼ਿਕਾਇਤਕਰਤਾ ਪ੍ਰਾਪਰਟੀ ਡੀਲਰ ਹਰਜੀਤ ਨਾਗਪਾਲ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਆਪਣੀ ਜੱਦੀ ਜ਼ਮੀਨ ਕਿਸੇ ਨੂੰ ਵੇਚ ਦਿੱਤੀ ਸੀ, ਜਿਸ ਦੇ ਬਦਲੇ ਉਹ ਉਸ ਨੂੰ ਇਕ ਕਰੋੜ ਨਕਦ ਦੇਣ ਲਈ ਉਸ ਦੇ ਦਫਤਰ ਆਇਆ ਸੀ।ਹਰਜੀਤ ਨੇ ਦੋਸ਼ ਲਾਇਆ ਕਿ ਉਹ ਲੁਟੇਰੇ ਨਿਕਲੇ ਹਨ।ਇਨ੍ਹਾਂ ਵਿੱਚੋਂ ਚਾਰ ਵਿਅਕਤੀ ਉਸ ਨੂੰ ਬੰਦੂਕ ਦਿਖਾ ਕੇ ਉਸ ਦੇ ਦਫ਼ਤਰ ਵਿੱਚੋਂ ਪੈਸੇ ਲੈ ਕੇ ਫਰਾਰ ਹੋ ਗਏ ਹਨ।ਇਸ ਦੇ ਨਾਲ ਹੀ ਸੂਚਨਾ ਮਿਲਦੇ ਹੀ ਡੇਰਾਬਸੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਆਸਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।ਇਸ ਦੇ ਨਾਲ ਹੀ ਬਦਮਾਸ਼ਾਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਵੀ ਚਲਾਈ ਜਾ ਰਹੀ ਹੈ।