ਪਠਾਨਕੋਟ 01 ਮਈ (ਰਾਜੇਸ਼ ਜੈਨ) : ਐਤਵਾਰ ਦੇਰ ਸ਼ਾਮ ਮਾਧੋਪੁਰ ਵਿਖੇ ਅੱਪਰਬਾਰੀ ਦੁਆਬ ਨਹਿਰ ਵਿਚ ਐਕਸਯੂਵੀ ਕਾਰ ਡਿੱਗਣ ਕਾਰਨ ਪਾਣੀ ਦੇ ਤੇਜ਼ ਵਹਾਅ ਵਿਚ 3 ਲੋਕ ਰੁੜ੍ਹ ਗਏ ਸਨ। ਇਨ੍ਹਾਂ ਵਿਚੋਂ ਇਕ ਵਿਅਕਤੀ ਦੀ ਲਾਸ਼ ਨੂੰ ਐਤਵਾਰ ਦੇਰ ਰਾਤ ਅਤੇ ਦੋ ਲਾਸ਼ਾਂ ਸੋਮਵਾਰ ਸਵੇਰੇ ਐੱਨਡੀਆਰਐੱਫ ਦੀ ਟੀਮ ਨੇ ਬਰਾਮਦ ਕਰ ਲਈਆਂ।ਇਸ ਮੌਕੇ ਥਾਣਾ ਇੰਚਾਰਜ ਅਨਿਲ ਪਵਾਰ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਅਸ਼ੋਕ ਕੁਮਾਰ ਵਾਸੀ ਮਿਰਜ਼ਾਪੁਰ, ਵਿਸ਼ਾਲ ਵਾਸੀ ਪਠਾਨਕੋਟ, ਅਜੈ ਬਬਲੂ ਵਾਸੀ ਚੰਡੀਗੜ੍ਹ ਦੇ ਰੂਪ ਵਜੋਂ ਹੋਈ ਹੈ ਜਦਕਿ ਸੁਰਿੰਦਰ ਸ਼ਰਮਾ ਵਾਸੀ ਅਲਵਰ ਰਾਜਸਥਾਨ, ਪਿ੍ਰੰਸ ਰਾਜ ਵਾਸੀ ਵੈਸ਼ਾਲੀ, ਬਿਹਾਰ ਨਹਿਰ ’ਚੋਂ ਨਿਕਲਣ ’ਚ ਕਾਮਯਾਬ ਹੋ ਗਏ ਸਨ।ਪੁਲਿਸ ਨੂੰ ਦਿੱਤੇ ਬਿਆਨ ’ਚ ਮ੍ਰਿਤਕ ਵਿਸ਼ਾਲ ਦੇ ਭਰਾ ਗੌਰਵ ਕੁਮਾਰ ਵਾਸੀ ਪਠਾਨਕੋਟ ਨੇ ਦੱਸਿਆ ਕਿ ਐਤਵਾਰ ਸ਼ਾਮ ਨੂੰ ਉਹ ਕਾਰ ਰਾਹੀਂ ਮਾਧੋਪੁਰ ਵੱਲ ਆ ਰਿਹਾ ਸੀ। ਰਸਤੇ ’ਚ ਸੰਤੁਲਨ ਵਿਗੜਨ ਕਾਰਨ ਕਾਰ ਨਹਿਰ ’ਚ ਜਾ ਡਿੱਗੀ, ਜਿਸ ’ਚੋਂ 2 ਵਿਅਕਤੀ ਤੈਰ ਕੇ ਬਾਹਰ ਨਿਕਲਣ ’ਚ ਕਾਮਯਾਬ ਹੋ ਗਏ ਜਦਕਿ 3 ਲੋਕ ਡੁੱਬ ਗਏ ਸਨ ਜਿਨ੍ਹਾਂ ਦੀ ਐੱਨਡੀਆਰਐੱਫ ਟੀਮ ਟੀਮ ਵੱਲੋਂ ਭਾਲ ਸ਼ੁਰੂ ਕੀਤੀ ਗਈ ਸੀ। ਇਸੇ ਦੌਰਾਨ ਮਿਰਜ਼ਾਪੁਰ ਵਾਸੀ ਅਸ਼ੋਕ ਕੁਮਾਰ ਦੀ ਲਾਸ਼ ਐਤਵਾਰ ਦੇਰ ਰਾਤ ਨੂੰ ਹੀ ਬਰਾਮਦ ਹੋ ਗਈ ਸੀ ਜਦਕਿ ਦੋ ਲਾਸ਼ਾਂ ਸਵੇਰੇ ਬਰਾਮਦ ਹੋਈਆਂ ਜਿਨ੍ਹਾਂ ਦੀ ਪਛਾਣ ਵਿਸ਼ਾਲ ਵਾਸੀ ਪਠਾਨਕੋਟ ਅਤੇ ਅਜੈ ਬਬਲੂ ਵਾਸੀ ਚੰਡੀਗੜ੍ਹ ਦੇ ਰੂਪ ਵਜੋਂ ਹੋਈ।ਕਾਰ ਵਿਚ ਸਵਾਰ ਸਾਰੇ ਵਿਅਕਤੀ ਪੀਐੱਨਬੀ ਬੈਂਕ, ਸੈਲੀ ਰੋਡ, ਪਠਾਨਕੋਟ ਵਿਖੇ ਤਾਇਨਾਤ ਸਨ। ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਠਾਨਕੋਟ ਭੇਜ ਦਿੱਤਾ ਗਿਆ ਹੈ। ਸੁਜਾਨਪੁਰ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।