ਮੋਹਾਲੀ, 24 ਜੂਨ ( ਰਾਜੇਸ਼ ਜੈਨ, ਭਗਵਾਨ ਭੰਗੂ)-: ਡੇਰਾਬੱਸੀ ‘ਚ ਦਿਨ-ਦਿਹਾੜੇ ਹੋਈ ਇਕ ਕਰੋੜ ਦੀ ਲੁੱਟ ਦੀ ਗੁੱਥੀ ਨੂੰ ਕੁਝ ਦਿਨਾਂ ‘ਚ ਸੁਲਝਾ ਕੇ ਪੁਲਿਸ ਨੇ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਕੁਝ ਦਿਨ ਪਹਿਲਾਂ ਡੇਰਾਬੱਸੀ ਦੇ ਇਕ ਪ੍ਰਾਪਰਟੀ ਡੀਲਰ ਤੋਂ ਕੁਝ ਸ਼ਰਾਰਤੀ ਅਨਸਰਾਂ ਨੇ ਕਰੋੜਾਂ ਰੁਪਏ ਲੁੱਟ ਲਏ ਸਨ। ਬਦਮਾਸ਼ਾਂ ਨੇ ਗੋਲੀ ਚਲਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ।ਮੋਹਾਲੀ ਦੇ ਐਸ.ਐਸ.ਪੀ ਵਿਵੇਕਸ਼ੀਲ ਸੋਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਸੀਂ ਇੱਕ ਸਾਂਝਾ ਆਪ੍ਰੇਸ਼ਨ ਕਰਦੇ ਹੋਏ ਡੇਰਾਬੱਸੀ ਵਿੱਚ ਇੱਕ ਕਰੋੜ ਦੀ ਲੁੱਟ ਦੇ ਸਾਰੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਇਸ ਸਾਂਝੇ ਆਪ੍ਰੇਸ਼ਨ ਵਿੱਚ ਮਹਾਰਾਸ਼ਟਰ ਦੀ ਕੋਲਹਾਪੁਰ ਪੁਲਿਸ ਅਤੇ ਪੰਜਾਬ ਪੁਲਿਸ ਦੀ ਮਦਦ ਨਾਲ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਮੁਲਜ਼ਮਾਂ ਵੱਲੋਂ ਲੁੱਟੀ ਗਈ ਇੱਕ ਕਰੋੜ ਰੁਪਏ ਦੀ ਰਕਮ ਅਤੇ ਲੁੱਟ ਵਿੱਚ ਵਰਤੇ ਗਏ ਦੇਸੀ ਰਿਵਾਲਵਰ ਅਤੇ 2 ਵਾਹਨ ਬਰਾਮਦ ਕੀਤੇ ਹਨ ਅਤੇ ਇਨ੍ਹਾਂ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਕੁਝ ਮੁਲਜ਼ਮਾਂ ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਹੈ।ਦੱਸ ਦੇਈਏ ਕਿ ਬਰਵਾਲਾ ਚੌਕ ਨੇੜੇ ਐੱਸ.ਬੀ.ਆਈ ਬੈਂਕ ਦੇ ਬਾਹਰ ਇਕ ਵਿਅਕਤੀ ਤੋਂ ਕਰੋੜਾਂ ਰੁਪਏ ਲੁੱਟ ਕੇ ਲੁਟੇਰੇ ਫਰਾਰ ਹੋ ਗਏ ਸਨ। ਬਦਮਾਸ਼ਾਂ ਨੇ ਗੋਲੀਆਂ ਚਲਾ ਕੇ ਮੁਹੰਮਦ ਸਾਜਿਦ ਨਾਂ ਦੇ ਵਿਅਕਤੀ ਤੋਂ ਪੈਸਿਆਂ ਨਾਲ ਭਰਿਆ ਬੈਗ ਖੋਹ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ ਸਨ।