ਫ਼ਾਜ਼ਿਲਕਾ,(ਰਾਜੇਸ਼ ਜੈਨ – ਅਸ਼ਵਨੀ) : ਫਾਜ਼ਿਲਕਾ ਮਲੋਟ ਰੋਡ ਤੇ ਅਰਨੀਵਾਲਾ ਦੇ ਨਜ਼ਦੀਕ ਪਿੰਡ ਇਸਲਾਮ ਵਾਲਾ ਦੇ ਬੱਸ ਅੱਡੇ ਕੋਲ ਵਗਦੀ ਗੰਗ ਕਨਾਲ ਨਹਿਰ ਤੇ ਪੈਦੇ ਪੁੱਲ ਕੋਲ ਇਕ ਜੀਪ ਦੇ ਨਹਿਰ ਵਿਚ ਡਿੱਗ ਜਾਣ ਨਾਲ ਜੀਪ ਸਵਾਰ ਪਤੀ-ਪਤਨੀ ਦੀ ਮੌਤ ਹੋ ਗਈ। ਜਦ ਕਿ ਉਨ੍ਹਾਂ ਦੇ ਪੁੱਤਰ ਨੂੰ ਪਿੰਡ ਵਾਸੀਆਂ ਲੇ ਬਚਾ ਲਿਆ । ਮਿਲੀ ਜਾਣਕਾਰੀ ਅਨੁਸਾਰ ਜਸਮਤ ਸਿੰਘ ਪੁੱਤਰ ਧੀਰਜਪਾਲ ਸਿੰਘ ਵਾਸੀ ਇਸਲਾਮ ਵਾਲਾ ਉਮਰ ਕਰੀਬ 36 ਸਾਲ ਜੋ ਕਿ ਮਲੋਟ ਦੀ ਤਰਫੋਂ ਆਪਣੀ ਜੀਪ ਵਿਚ ਆਪਣੀ ਪਤਨੀ ਰੁਪਿੰਦਰ ਕੌਰ ਅਤੇ ਕਰੀਬ 15 ਸਾਲਾ ਪੁੱਤਰ ਅਭੀ ਨਾਲ ਸਵਾਰ ਹੋ ਕੇ ਪਿੰਡ ਨੂੰ ਆ ਰਿਹਾ ਸੀ । ਜਦ ਉਹ ਆਪਣੇ ਪਿੰਡ ਦੇ ਬੱਸ ਅੱਡੇ ਕੋਲ ਪੁੱਜਾ ਤਾ ਉਸ ਦੀ ਜੀਪ ਦੂਜੀ ਸਾਈਡ ਤੇ ਜਾ ਕੇ ਗੰਗ ਨਹਿਰ ਵਿਚ ਡਿੱਗ ਪਈ। ਜਸਮਤ ਸਿੰਘ ਦਾ ਪੁੱਤਰ ਅਭੀ ਨਹਿਰ ਵਿਚ ਬੁਰਜੀ ਦੇ ਨਾਲ ਜਾ ਡਿੱਗਾ ਅਤੇ ਉਸ ਨੂੰ ਬੁਰਜੀ ਦੀ ਸਪੋਟ ਮਿਲ ਜਾਣ ਕਰਕੇ ਉਹ ਨਹਿਰ ਦੇ ਪਾਣੀ ਦੇ ਵਾਹਅ ਵਿਚ ਅੱਗੇ ਰੁੜ੍ਹ ਜਾਣ ਤੋਂ ਬਚਾਅ ਹੋ ਗਿਆ। ਬੱਸ ਅੱਡੇ ਤੇ ਮੌਜੂਦ ਲੋਕਾਂ ਵਲੋਂ ਅਭੀ ਨੂੰ ਬਚਾਅ ਲਿਆ ਅਤੇ ਪਿੰਡ ਦੇ ਨੌਜਵਾਨਾਂ ਵਲੋਂ ਨਹਿਰ ਵਿਚ ਡੁੱਬੇ ਪਤੀ ਪਤਨੀ ਦੀ ਭਾਲ ਕੀਤੀ ਗਈ ਅਤੇ ਕਰੀਬ ਅੱਧੇ ਘੰਟੇ ਮਗਰੋਂ ਦੋਵਾ ਨੂੰ ਜੀਪ ਸਮੇਤ ਨਹਿਰ ਵਿਚੋਂ ਕੱਢ ਲਿਆ। ਜਿਨ੍ਹਾਂ ਨੂੰ ਫਾਜਿਲਕਾ ਹਸਪਤਾਲ ਲਿਜਾਇਆ ਗਿਆ। ਜਿਥੇ ਦੋਵਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਪਤੀ -ਪਤਨੀ ਦੀ ਮੌਤ ਮਗਰੋਂ ਉਨ੍ਹਾਂ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ।
