ਸੰਗਰੂਰ , 16 ਜੁਲਾਈ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (ਦੀ ਰਿਹਾਇਸ਼ ਦੇ ਸਾਹਮਣੇ ਪਿਛਲੇ ਢਾਈ ਮਹੀਨੇ ਤੋਂ ਮੋਰਚੇ ‘ਤੇ ਬੈਠੇ ਪੰਜਾਬ ਪੁਲਿਸ ਭਰਤੀ 2016 ‘ਚ ਵੇਟਿੰਗ ਤੇ 2017 ਵੈਰੀਫਿਕੇਸ਼ਨ ਉਮੀਦਵਾਰਾਂ ‘ਚੋਂ ਇਕ ਨੇ ਅੱਧੀ ਰਾਤ ਨੂੰ ਸਪਰੇਅ ਪੀ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਵੀਰਵਾਰ ਤੋਂ 3 ਅਤੇ ਸ਼ੁੱਕਰਵਾਰ ਤੋਂ 8 ਉਮੀਦਵਾਰ ਸਪਰੇਅ ਦੀ ਬੋਤਲ ਲੈ ਕੇ ਮਰਨ ਵਰਤ ‘ਤੇ ਬੈਠੇ ਹਨ।ਉਨ੍ਹਾਂ ਸ਼ੁੱਕਰਵਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਸ਼ਨਿੱਚਰਵਾਰ ਤਕ ਉਨ੍ਹਾਂ ਨੂੰ ਨਿਯੁਕਤੀ ਪੱਤਰ ‘ਚ ਦਿੱਤੇ ਗਏ ਤਾਂ ਉਹ ਖੁਦਕੁਸ਼ੀ ਕਰ ਲੈਣਗੇ।ਸ਼ੁੱਕਰਵਾਰ ਰਾਤ ਨੌਜਵਾਨ ਗੁਰਜੀਤ ਸਿੰਘ ਨੇ ਜ਼ਹਿਰ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਤੁਰੰਤ ਸਿਵਲ ਹਸਪਤਾਲ ਸੰਗਰੂਰ ਲਿਆਂਦਾ ਗਿਆ। ਡਾਕਟਰ ਨੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਪਰ ਨੌਜਵਾਨ ਨੇ ਇਲਾਜ ਦੌਰਾਨ ਡਾਕਟਰ ਦਾ ਵਿਰੋਧ ਕੀਤਾ। ਧਰਨੇ ਵਾਲਾ ਥਾਂ ‘ਤੇ ਇਕ ਹੋਰ ਨੌਜਵਾਨ ਨੇ ਫਾਹਾ ਲਾਉਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਬਾਕੀ ਮੈਂਬਰਾਂ ਨੇ ਬਚਾ ਲਿਆ। ਜ਼ਿਕਰਯੋਗ ਹੈ ਕਿ 10 ਮਈ ਤੋਂ ਪੰਜਾਬ ਪੁਲਿਸ ਭਰਤੀ 2016 ਅਤੇ 2017 ਵੈਰੀਫਿਕੇਸ਼ਨ ਦੇ ਉਮੀਦਵਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਪੱਕੇ ਧਰਨੇ ‘ਤੇ ਬੈਠੇ ਹਨ।ਲੋਕ ਸਭਾ ਜ਼ਿਮਨੀ ਚੋਣਾਂ ਤੋਂ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਜੁਲਾਈ ਦੇ ਪਹਿਲੇ ਹਫ਼ਤੇ ਉਨ੍ਹਾਂ ਦਾ ਮਾਮਲਾ ਵਿਚਾਰਿਆ ਜਾਵੇਗਾ ਤੇ ਉਨ੍ਹਾਂ ਦੀ ਨਿਯੁਕਤੀ ਲਈ ਸਰਕਾਰ ਵੱਲੋਂ ਛੇਤੀ ਤੋਂ ਛੇਤੀ ਵਿਚਾਰ ਕੀਤਾ ਜਾਵੇਗਾ। ਪਰ ਜੁਲਾਈ ਦਾ ਅੱਧਾ ਮਹੀਨਾ ਬੀਤ ਜਾਣ ਦੇ ਬਾਵਜੂਦ ਸਰਕਾਰ ਵੱਲੋਂ ਅਜੇ ਤਕ ਉਨ੍ਹਾਂ ਦੀ ਨਿਯੁਕਤੀ ਸਬੰਧੀ ਕੋਈ ਫੈਸਲਾ ਨਹੀਂ ਲਿਆ ਗਿਆ ਜਿਸ ਕਾਰਨ 11 ਮੈਂਬਰ ਮਰਨ ਵਰਤ ‘ਤੇ ਬੈਠੇ ਹਨ, ਉਨ੍ਹਾਂ ਖੁਦਕੁਸ਼ੀ ਕਰਨ ਦਾ ਐਲਾਨ ਕਰ ਚੁੱਕੇ ਹਨ।
