ਅੰਮ੍ਰਿਤਸਰ, 18 ਜੁਲਾਈ ( ਰਾਜੇਸ਼ ਜੈਨ, ਭਗਵਾਨ ਭੰਗੂ)-: ਥਾਣਾ ਸਦਰ ਅਧੀਨ ਪੈਂਦੇ ਮੁਸਤਫਾਬਾਦ ਇਲਾਕੇ ਵਿੱਚ ਐਤਵਾਰ ਦੇਰ ਰਾਤ ਹਰਨਾਮ ਸਿੰਘ (25) ਦੀ ਸ਼ੱਕੀ ਹਾਲਾਤ ‘ਚ ਮੌਤ ਹੋ ਗਈ। ਪਰਿਵਾਰ ਦਾ ਦੋਸ਼ ਹੈ ਕਿ ਹਰਨਾਮ ਦੇ ਸਿਰ ‘ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ, ਗਲੇ ‘ਤੇ ਨੀਲ ਦੇ ਨਿਸ਼ਾਨ ਸਨ। ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ।ਮੁਸਤਫਾਬਾਦ ਨਿਵਾਸੀ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਰਨਾਮ ਸਿੰਘ ਦਾ ਵਿਆਹ ਇਕ ਸਾਲ ਪਹਿਲਾਂ ਹਰਸ਼ਾ ਛੀਨਾ ਦੀ ਲੜਕੀ ਨਾਲ ਹੋਇਆ ਸੀ। ਹਰਨਾਮ ਮਜੀਠਾ ਰੋਡ ‘ਤੇ ਤਿਰੂਪਤੀ ਨਾਂ ਦੀ ਟੈਕਸਟਾਈਲ ਫੈਕਟਰੀ ਦੀ ਕਾਰ ਚਲਾਉਂਦਾ ਸੀ ਤੇ ਕਿਸੇ ਤਰ੍ਹਾਂ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ। ਪਰਿਵਾਰ ਨੇ ਦੱਸਿਆ ਕਿ ਹਰਨਾਮ ਬਹੁਤ ਹੀ ਸਾਦੇ ਸੁਭਾਅ ਦਾ ਆਦਮੀ ਸੀ। ਉਸ ਨੇ ਕਦੇ ਆਪਣੇ ਕੋਲ ਮੋਬਾਈਲ ਵੀ ਨਹੀਂ ਰੱਖਿਆ। ਹਰ ਰੋਜ਼ ਸਵੇਰੇ ਅੱਠ ਵਜੇ ਉਹ ਕੰਮ ਲਈ ਘਰੋਂ ਨਿਕਲਦਾ ਸੀ। ਪਰ ਐਤਵਾਰ ਨੂੰ ਛੁੱਟੀ ਹੋਣ ਕਾਰਨ ਉਹ ਦੁਪਹਿਰ ਸਮੇਂ ਆਪਣੇ ਦੋਸਤਾਂ ਨਾਲ ਕਿਸੇ ਕੰਮ ਲਈ ਘਰੋਂ ਨਿਕਲਿਆ ਸੀ। ਰਾਤ ਕਰੀਬ 9 ਵਜੇ ਹਰਨਾਮ ਸਿੰਘ ਨੇ ਆਪਣੀ ਪਤਨੀ ਨੂੰ ਆਪਣੇ ਦੋਸਤ ਸੁਖਚੈਨ ਦੇ ਮੋਬਾਈਲ ਨੰਬਰ ਤੋਂ ਫ਼ੋਨ ‘ਤੇ ਦੱਸਿਆ ਕਿ ਉਹ ਕੁਝ ਦੇਰ ਬਾਅਦ ਘਰ ਵਾਪਸ ਆ ਰਿਹਾ ਹੈ | ਉਸ ਤੋਂ ਬਾਅਦ ਉਹ ਘਰ ਨਹੀਂ ਪਰਤਿਆ ਤੇ ਪਰਿਵਾਰਕ ਮੈਂਬਰ ਸਾਰੀ ਰਾਤ ਉਸ ਦੀ ਭਾਲ ਕਰਦੇ ਰਹੇ। ਸਵੇਰੇ ਸੁਖਚੈਨ ਸਿੰਘ ਤੇ ਉਸਦੇ ਹੋਰ ਸਾਥੀਆਂ ਸਮੇਤ ਹਰਨਾਮ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਹਰਨਾਮ ਸਿੰਘ ਦੀ ਲਾਸ਼ ਮੁਸਤਫਾਬਾਦ ਨੇੜੇ ਸੀਮਿੰਟ ਦੇ ਡੰਪ ਕੋਲ ਪਈ ਮਿਲੀ। ਉਸ ਦੇ ਸਿਰ ‘ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਗਿਆ ਸੀ। ਨੱਕ ਵਿੱਚੋਂ ਖੂਨ ਵਹਿ ਰਿਹਾ ਸੀ ਅਤੇ ਗਲੇ ਵਿੱਚ ਨੀਲ ਦੇ ਨਿਸ਼ਾਨ ਦਿਖਾਈ ਦੇ ਰਹੇ ਸਨ।
