Home Political ਪੰਜਾਬ ਸੂਬਾ 22-23 ਅਗਸਤ ਨੂੰ ਸਥਾਈ ਵਿਕਾਸ ਦੇ ਟੀਚਿਆਂ ਦੇ ਸਥਾਨੀਕਰਨ ਸਬੰਧੀ...

ਪੰਜਾਬ ਸੂਬਾ 22-23 ਅਗਸਤ ਨੂੰ ਸਥਾਈ ਵਿਕਾਸ ਦੇ ਟੀਚਿਆਂ ਦੇ ਸਥਾਨੀਕਰਨ ਸਬੰਧੀ ਪਿੰਡਾਂ ਵਿੱਚ ਸਵੈ-ਨਿਰਭਰ ਢਾਂਚੇ ਬਾਰੇ ਕੌਮੀ ਪੱਧਰ ਦੀ ਵਰਕਸ਼ਾਪ

61
0

ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਵੱਲੋਂ ਸਬੰਧਤ ਵਿਭਾਗਾਂ ਨੂੰ ਜ਼ਰੂਰੀ ਨਿਰਦੇਸ਼ ਜਾਰੀ

ਚੰਡੀਗੜ, 11 ਅਗਸਤ (ਰਾਜੇਸ਼ ਜੈਨ, ਲਿਕੇਸ਼ ਸ਼ਰਮਾਂ) –

ਕੇਂਦਰੀ ਪੰਚਾਇਤੀ ਰਾਜ ਮੰਤਰਾਲੇ ਵੱਲੋਂ ਸਥਾਈ ਵਿਕਾਸ ਦੇ ਟੀਚਿਆਂ ਦੇ ਸਥਾਨੀਕਰਨ ਦੇ ਸਬੰਧੀ ਵੱਖ-ਵੱਖ ਸੂਬਿਆਂ ਨੂੰ ਦਿੱਤੇ 9 ਥੀਮਜ਼ ’ਤੇ ਕਰਵਾਈਆਂ ਜਾਣ ਵਾਲੀਆਂ ਕੌਮੀ ਵਰਕਸ਼ਾਪਾਂ ਵਿੱਚੋਂ ਪੰਜਾਬ ਸੂਬਾ ਪਹਿਲੀ ਵਰਕਸ਼ਾਪ 22 ਤੇ 23 ਅਗਸਤ ਨੂੰ ਕਰਵਾ ਰਿਹਾ ਹੈ। ਇਸ ਵਰਕਸ਼ਾਪ ਦਾ ਵਿਸ਼ਾ ‘ਪਿੰਡਾਂ ਵਿੱਚ ਸਵੈ-ਨਿਰਭਰ ਢਾਂਚਾ’ ਹੋਵੇਗਾ ਜਿਸ ਦਾ ਭਾਵ ਪਿੰਡਾਂ ਦੇ ਵਸਨੀਕਾਂ ਲੋੜੀਂਦੇ ਸਹੂਲਤਾਂ ਆਪਣੇ ਹੀ ਪਿੰਡ ਵਿੱਚ ਹਾਸਲ ਕਰ ਸਕਣ। 

ਇਹ ਜਾਣਕਾਰੀ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਅੱਜ ਇਥੇ ਪੰਜਾਬ ਸਿਵਲ ਸਕੱਤਰੇਤ ਸਥਿਤ ਕਮੇਟੀ ਰੂਮ ਵਿਖੇ ਵਰਕਸ਼ਾਪ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਸੱਦੀ ਮੀਟਿੰਗ ਦੀ ਪ੍ਰਧਾਨਗੀ ਉਪਰੰਤ ਦਿੱਤੀ। ਪੰਜਾਬ ਦੇ ਮੁੱਖ ਮੰਤਰੀ ਤੇ ਕੇਂਦਰੀ ਪੰਚਾਇਤੀ ਰਾਜ ਮੰਤਰੀ ਉਚੇਚੇ ਤੌਰ ਉਤੇ ਇਸ ਵਰਕਸ਼ਾਪ ਵਿੱਚ ਸ਼ਾਮਲ ਹੋਣਗੇ।

ਮੁੱਖ ਸਕੱਤਰ ਨੇ ਕੌਮੀ ਪੱਧਰ ਦੀ ਵਰਕਸ਼ਾਪ ਨੂੰ ਸਫਲ ਬਣਾਉਣ ਲਈ ਸਬੰਧਤ ਵਿਭਾਗਾਂ ਨੂੰ ਜ਼ਰੂਰੀ ਨਿਰਦੇਸ਼ਾਂ ਦਿੰਦਿਆਂ ਹਰ ਵਿਭਾਗ ਵਿੱਚ ਇਕ ਨੋਡਲ ਅਫਸਰ ਨਾਮਜ਼ਦ ਕਰਨ ਲਈ ਆਖਿਆ। ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿੰਡਾਂ ਦੇ ਸਰਵਪੱਖੀ ਵਿਕਾਸ ਅਤੇ ਬਿਹਤਰ ਬੁਨਿਆਦੀ ਢਾਂਚਾ ਸਥਾਪਤ ਕਰਨ ਦੀ ਵਚਨਬੱਧਤਾ ਤਹਿਤ ਇਹ ਵਰਕਸ਼ਾਪ ਬਹੁਤ ਸਹਾਈ ਸਿੱਧ ਹੋਵੇਗੀ ਜਿਸ ਵਿੱਚ ਦੇਸ਼ ਦੇ ਸਾਰੇ ਸੂਬਿਆਂ ਦੀਆਂ ਪੰਚਾਇਤੀ ਰਾਜ ਸੰਸਥਾਵਾਂ ਦੇ 1500 ਦੇ ਕਰੀਬ ਨੁਮਾਇਦੇ ਸ਼ਾਮਲ ਹੋਣਗੇ। ਇਨਾਂ ਵਿੱਚੋਂ 500 ਨੁਮਾਇੰਦੇ ਦੂਜੇ ਸੂਬਿਆਂ ਅਤੇ ਪੰਜਾਬ ਦੀਆਂ ਅਗਾਂਹਵਧੂ ਪੰਚਾਇਤਾਂ ਦੇ 1000 ਮੈਂਬਰ ਹਿੱਸਾ ਲੈਣਗੇ। ਆਪਸੀ ਵਿਚਾਰ ਵਟਾਂਦਰੇ ਨਾਲ ਇਕ-ਦੂਜੇ ਪਿੰਡਾਂ ਵਿੱਚ ਹੋਏ ਕੰਮਾਂ ਦੇ ਤਜ਼ਰਬੇ ਸਾਂਝੇ ਕਰਨਗੇ। ਪੰਜਾਬ ਦੇ ਮਾਡਲ ਪਿੰਡਾਂ ਵਿੱਚ ਸਥਾਪਤ ਢਾਂਚੇ ਦੀ ਵਰਕਸ਼ਾਪ ਦੌਰਾਨ ਜਾਣਕਾਰੀ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਸਥਾਈ ਵਿਕਾਸ ਅਧੀਨ ਪਿੰਡਾਂ ਦੇ ਬੁਨਿਆਦੀ ਢਾਂਚੇ ਦੇ ਨਾਲ ਸੰਪੂਰਨ ਵਿਕਾਸ ਕਰਨਾ ਹੈ ਜਿਸ ਵਿੱਚ ਵਾਤਾਵਰਣ, ਸਮਾਜਿਕ ਪੱਖ ਵੀ ਸ਼ਾਮਲ ਹਨ। ਉਨਾਂ ਕਿਹਾ ਕਿ ਟਿਕਾਊ ਵਿਕਾਸ ਦੇ ਟੀਚਿਆਂ ਤਹਿਤ ਦਿੱਤੇ 9 ਥੀਮਜ਼ ਦਾ ਮਕਸਦ ਆਉਣ ਵਾਲੇ ਸਮੇਂ ਵਿੱਚ ਪਿੰਡਾਂ ਨੂੰ ਸਮੇਂ ਦਾ ਹਾਣੀ ਬਣਾਉਣਾ ਹੈ।

ਸ੍ਰੀ ਜੰਜੂਆ ਨੇ ਦੱਸਿਆ ਕਿ ਪੰਜਾਬ ਲਈ ਇਹ ਮਾਣ ਵਾਲੀ ਵਾਲੀ ਗੱਲ ਹੈ ਕਿ ਪਿੰਡਾਂ ਨਾਲ ਜੁੜੇ ਵਿਸ਼ੇ ਸਬੰਧੀ ਪੰਜਾਬ ਸਥਾਈ ਵਿਕਾਸ ਦੇ ਟੀਚਿਆਂ ਨਾਲ ਜੁੜੀ ਕੌਮੀ ਪੱਧਰ ਦੀ ਵਰਕਸ਼ਾਪ ਦੀ ਮੇਜ਼ਬਾਨੀ ਕਰ ਰਿਹਾ ਹੈ ਅਤੇ ਪੰਜਾਬ ਪਹਿਲਾ ਸੂਬਾ ਹੈ ਜਿਹੜਾ 9 ਥੀਮਜ਼ ਵਿੱਚੋਂ ਪਹਿਲੀ ਵਰਕਸ਼ਾਪ ਕਰਵਾ ਰਿਹਾ ਹੈ। ਉਨਾਂ ਦੱਸਿਆ ਕਿ ਪਹਿਲੇ ਦਿਨ ਪੰਜਾਬ ਸੂਬੇ ਵਿੱਚ ਦੀਆਂ ਪੰਚਾਇਤਾਂ ਸਬੰਧੀ ਸੈਸ਼ਨ ਹੋਣਗੇ ਜਦੋਂ ਕਿ ਦੂਜੇ ਦਿਨ ਦੇ ਸੈਸ਼ਨਾਂ ਵਿੱਚ ਹੋਰਨਾਂ ਸੂਬਿਆਂ ਦੀਆਂ ਪੰਚਾਇਤਾਂ ਸ਼ਾਮਲ ਹੋਣਗੀਆਂ।

ਇਸ ਵਰਕਸ਼ਾਪ ਦਾ ਪ੍ਰਬੰਧਨ ਕਰ ਰਹੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ ਨੇ ਵਰਕਸ਼ਾਪ ਸਬੰਧੀ ਕੀਤੀਆਂ ਤਿਆਰੀਆਂ, ਪ੍ਰਬੰਧਾਂ ਅਤੇ ਹੋਰਨਾਂ ਸੂਬਿਆਂ ਤੋਂ ਆਉਣ ਵਾਲੇ ਮਹਿਮਾਨਾਂ ਦੇ ਠਹਿਰਨ, ਆਉਣ-ਜਾਣ ਦੇ ਕੀਤੇ ਇੰਤਜ਼ਾਮ ਬਾਰੇ ਜਾਣਕਾਰੀ ਦਿੱਤੀ।

ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਵਧੀਕ ਮੁੱਖ ਸਕੱਤਰ ਵਿਕਾਸ ਸਰਵਜੀਤ ਸਿੰਘ, ਪ੍ਰਮੁੱਖ ਸਕੱਤਰ ਜਲ ਸਪਲਾਈ ਤੇ ਸੈਨੀਟੇਸ਼ਨ ਡੀ.ਕੇ.ਤਿਵਾੜੀ, ਪ੍ਰਮੁੱਖ ਸਕੱਤਰ ਯੋਜਨਾ ਵਿਕਾਸ ਪ੍ਰਤਾਪ, ਡਾਇਰੈਕਟਰ ਪ੍ਰਸ਼ਾਸਕੀ ਸੁਧਾਰ ਗਿਰਿਸ਼ ਦਿਆਲਨ, ਸੰਯੁਕਤ ਕਮਿਸ਼ਨਰ ਵਿਕਾਸ ਅਮਿਤ ਕੁਮਾਰ, ਸਟੇਟ ਟਰਾਂਸਪੋਰਟ ਕਮਿਸ਼ਨਰ ਵਿਮਲ ਕੁਮਾਰ ਸੇਤੀਆ, ਵਿਸ਼ੇਸ਼ ਸਕੱਤਰ ਸਿਹਤ ਭੁਪਿੰਦਰ ਸਿੰਘ, ਡਿਪਟੀ ਕਮਿਸ਼ਨਰ ਮੁਹਾਲੀ ਅਮਿਤ ਤਲਵਾੜ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਵਧੀਕ ਡਾਇਰੈਕਟਰ ਸੰਦੀਪ ਸਿੰਘ ਹਾਜ਼ਰ ਸਨ।

LEAVE A REPLY

Please enter your comment!
Please enter your name here