ਚੰਡੀਗੜ੍ਹ :3 ਸਤੰਬਰ ( ਰਾਜੇਸ਼ ਜੈਨ, ਭਗਵਾਨ ਭੰਗੂ)-ਪੰਜਾਬ ਦੇ ਡੀਜੀਪੀ ਵੀਕੇ ਭਾਵਰਾ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਵੀਕੇ ਭਾਵਰਾ ਨੂੰ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਦੱਸ ਦਈਏ ਕਿ ਭਾਵਰਾ ਲੰਬੀ ਛੁੱਟੀ ‘ਤੇ ਚਲੇ ਗਏ ਸਨ। ਉਨ੍ਹਾਂ ਦੀ ਥਾਂ ‘ਤੇ ਗੌਰਵ ਯਾਦਵ ਨੂੰ ਵਧੀਕ ਡੀਜੀਪੀ ਵਜੋਂ ਨਿਯੁਕਤ ਕੀਤਾ ਗਿਆ ਸੀ। ਫਿਲਹਾਲ ਹੁਣ ਗੌਰਵ ਯਾਦਵ ਹੀ DGP ਰਹਿਣਗੇ।ਸਰਕਾਰ ਨੇ ਗੌਰਵ ਯਾਦਵ ਨੂੰ ਡੀਜੀਪੀ ਵਜੋਂ ਬਰਕਰਾਰ ਰੱਖਣ ਦਾ ਹੁਕਮ ਜਾਰੀ ਕੀਤਾ ਹੈ। ਯੂਪੀਐਸਸੀ ਦੀ ਪ੍ਰਵਾਨਗੀ ਨਾਲ ਡੀਜੀਪੀ ਵੀਕੇ ਭਾਵਰਾ ਨੂੰ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਬਣਾਇਆ ਗਿਆ ਹੈ। ਸਰਕਾਰ ਨੇ ਸ਼ਨੀਵਾਰ ਨੂੰ ਇਹ ਹੁਕਮ ਜਾਰੀ ਕੀਤਾ। ਭਾਵਰਾ ਕੱਲ੍ਹ ਛੁੱਟੀਆਂ ਤੋਂ ਵਾਪਸ ਆ ਰਹੇ ਹਨ।ਵੀਕੇ ਭਾਵਰਾ ਸੂਬੇ ਦੀ ਪਿਛਲੀ ਕਾਂਗਰਸ ਸਰਕਾਰ ਦੌਰਾਨ ਡੀਜੀਪੀ ਬਣੇ ਸਨ। ਉਹਨਾਂ ਦੀ ਨਿਯੁਕਤੀ ਯੂਪੀਐਸਸੀ ਪੈਨਲ ਆਉਣ ਤੋਂ ਬਾਅਦ ਕੀਤੀ ਗਈ ਸੀ। ਸੁਪਰੀਮ ਕੋਰਟ ਵੱਲੋਂ ਬਣਾਏ ਨਿਯਮਾਂ ਮੁਤਾਬਕ ਇਹ ਨਿਯੁਕਤੀ 2 ਸਾਲ ਲਈ ਕੀਤੀ ਗਈ ਹੈ। ਪਿਛਲੀ ਸਰਕਾਰ ਨੇ ਯੂਪੀਐਸਸੀ ਨੂੰ 10 ਆਈਪੀਐਸ ਅਧਿਕਾਰੀਆਂ ਦਾ ਪੈਨਲ ਭੇਜਿਆ ਸੀ। ਉਨ੍ਹਾਂ ਵਿੱਚੋਂ 3 ਅਧਿਕਾਰੀ ਸ਼ਾਰਟਲਿਸਟ ਹੋਣ ਤੋਂ ਬਾਅਦ ਆਏ ਹਨ ਜਿਸ ਵਿੱਚੋਂ ਵੀਕੇ ਭਾਵਰਾ ਨੂੰ ਨਿਯੁਕਤ ਕੀਤਾ ਗਿਆ ਸੀ।