Home Religion ਛੇਵਾਂ ਹਰਭਜਨ ਹਲਵਾਰਵੀ ਯਾਦਗਾਰੀ ਪੁਰਸਕਾਰ ਅਗਾਂਹ ਵਧੂ ਕਵੀ ਸੰਤ ਸੰਧੂ ਨੂੰ ਦੇਣ...

ਛੇਵਾਂ ਹਰਭਜਨ ਹਲਵਾਰਵੀ ਯਾਦਗਾਰੀ ਪੁਰਸਕਾਰ ਅਗਾਂਹ ਵਧੂ ਕਵੀ ਸੰਤ ਸੰਧੂ ਨੂੰ ਦੇਣ ਦਾ ਫ਼ੈਸਲਾ- ਗੁਰਭਜਨ ਗਿੱਲ

84
0

ਸਮਾਗਮ 14 ਅਕਤੂਬਰ ਨੂੰ ਗੁਰੂ ਰਾਮ ਦਾਸ ਕਾਲਿਜ ਹਲਵਾਰਾ ਵਿਖੇ ਹੋਵੇਗਾ

ਲੁਧਿਆਣਾਃ 6 ਸਤੰਬਰ ( ਹਰਵਿੰਦਰ ਸਿੰਘ ਸੱਗੂ) –

-ਕਾਮਰੇਡ ਰਤਨ ਸਿੰਘ ਆਲਮੀ ਸਾਹਿਤ ਕਲਾ ਕੇਂਦਰ ਅਤੇ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟਰੇਲੀਆ (ਇਪਸਾ) ਵੱਲੋਂ ਹਰ ਸਾਲ ਦਿੱਤਾ ਜਾਂਦਾ ਹਰਭਜਨ ਹਲਵਾਰਵੀ ਯਾਦਗਾਰੀ ਪੁਰਸਕਾਰ ਇਸ ਸਾਲ ਲਈ ਪੰਜਾਬੀ ਸ਼ਾਇਰ ਸੰਤ ਸੰਧੂ ਨੂੰ ਦਿੱਤਾ ਜਾਏਗਾ। ਜਲੰਧਰ ਜ਼ਿਲ੍ਹੇ ਦੇ ਪਿੰਡ ਤਲਵੰਡੀ ਸਲੇਮ ਵਿੱਚ 1945 ਚ ਜਨਮੇ ਉਥੇ ਹੀ ਵੱਸਦੇ ਸੰਤ ਸੰਧੂ ਦਾ ਪਹਿਲਾ ਕਾਵਿ ਸੰਗ੍ਰਹਿ ਸੀਸ ਤਲੀ ‘ਤੇ 1970 ਵਿੱਚ ਪਾਸ਼ ਦੀ ਪੁਸਤਕ ਲੋਹ ਕਥਾ ਦੇ ਨਾਲ ਹੀ ਛਪਿਆ ਸੀ। ਇਹ ਪੁਰਸਕਾਰ ਕਾਮਰੇਡ ਰਤਨ ਸਿੰਘ ਹਲਵਾਰਾ ਟਰਸਟ ਦੇ ਪ੍ਰਧਾਨ ਪ੍ਰੋਃ ਗੁਰਭਜਨ ਸਿੰਘ ਗਿੱਲ ਮੀਤ ਪ੍ਰਧਾਨ ਪ੍ਰੋਃ ਗੋਪਾਲ ਸਿੰਘ ਬੁੱਟਰ ,ਜਨਰਲ ਸਕੱਤਰ ਡਾਃ ਜਗਵਿੰਦਰ ਜੋਧਾ ਤੇ ਡਾਃ ਨਿਰਮਲ ਜੌੜਾ ਨੇ ਆਸਟਰੇਲੀਆ ਵਾਲੀ ਸਹਿਯੋਗੀ ਸੰਸਥਾ ਦੇ ਅਹੁਦੇਦਾਰਾਂ ਸਰਬਜੀਤ ਸੋਹੀ ਅਤੇ ਦਲਬੀਰ ਸਿੰਘ ਹਲਵਾਰਵੀ ਦੀ ਸਹਿਮਤੀ ਨਾਲ ਐਲਾਨਿਆ ਗਿਆ।
ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਸੰਤ ਸੰਧੂ ਪੰਜਾਬੀ ਕਵਿਤਾ ਦਾ ਅਜਿਹਾ ਉੱਘਾ ਨਾਂ ਹੈ ਜਿਸ ਨੇ ਨਕਸਲਬਾੜੀ ਲਹਿਰ ਦੀ ਕਵਿਤਾ ਦੇ ਉਭਾਰ ਸਮੇਂ ਆਪਣੀ ਪਹਿਲੀ ਕਾਵਿ-ਪੁਸਤਕ “ਸੀਸ ਤਲ਼ੀ ‘ਤੇ” ਦੇ ਛਪਣ ਨਾਲ਼ ਚਰਚਾ ਵਿਚ ਆਇਆ। ਇਸੇ ਸਮੇਂ ਉਸ ਦੇ ਚਚੇਰੇ ਭਰਾ ਪਾਸ਼ ਦੀ ਪੁਸਤਕ “ਲੋਹ ਕਥਾ” ਵੀ ਸੰਤ ਸੰਧੂ ਦੇ ਹੱਥੀਂ ਛਪ ਕੇ ਆਈ। ਇਹ ਦੋਵੇਂ ਪੁਸਤਕਾਂ ਸਃ ਗੁਰਸ਼ਰਨ ਸਿੰਘ ਨਾਟਕਕਾਰ ਦੇ ਉੱਦਮ ਨਾਲ ਸੰਗਰਾਮ ਪ੍ਰਕਾਸ਼ਨ ਵੱਲੋਂ ਛਪੀਆਂ ਸਨ।
ਕਵਿਤਾ ਦੇ ਖੇਤਰ ਵਿਚ ਸੰਤ ਸੰਧੂ ਆਪਣੀ ਸਹਿਜ ਤੋਰੇ ਤੁਰਦਾ ਰਿਹਾ। ‘ ਸੀਸ ਤਲ਼ੀ ‘ਤੇ ਤੋਂ ਬਾਅਦ ਉਸ ਦੀਆਂ ਕਾਵਿ ਪੁਸਤਕਾਂ ਬਾਂਸ ਦੀ ਅੱਗ’, ‘ਪੁਲ਼ ਮੋਰਾਂ’, ‘ ਨਹੀਂ ਖਲਕ ਦੀ ਬੰਦ ਜ਼ੁਬਾਨ ਹੁੰਦੀ (ਵਿਅੰਗ ਬੋਲੀਆਂ)ਅਨੰਦਪੁਰ ਮੇਲ’ ਅਤੇ ‘ਸ਼ਾਹੀਨ ਬਾਗ਼’ ਛਪ ਚੁੱਕੀਆਂ ਹਨ।
ਡਾਃ ਜਗਵਿੰਦਰ ਜੋਧਾ ਸੰਤ ਸੰਧੂ ਦੀ ਕਾਵਿ ਸਿਰਜਣਾ ਬਾਰੇ ਖੋਜ ਪੱਤਰ ਪੜ੍ਹਨਗੇ ਜਦ ਕਿ ਪ੍ਰੋਃ ਗੋਪਾਲ ਸਿੰਘ ਬੁੱਟਰ ਸੰਤ ਸੰਧੂ ਦੇ ਜੀਵਨ ਤੇ ਸ਼ਖਸੀਅਤ ਬਾਰੇ ਸੰਬੋਧਨ ਕਰਨਗੇ। ਇਸ ਮੌਕੇ ਵਿਸ਼ਾਲ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ। ਸਮੁੱਚੇ ਸਮਾਗਮ ਨੂੰ ਮਾਲਵਾ ਟੀ ਵੀ ਵੱਲੋਂ ਲਾਈਵ ਟੈਲੀਕਾਸਟ ਕੀਤਾ ਜਾਵੇਗਾ।
ਡਾਃ ਨਿਰਮਲ ਜੌੜਾ ਨੇ ਦੱਸਿਆ ਕਿ ਕਿਸਾਨ ਸੰਘਰਸ਼ਸ਼ ਬਾਰੇ ਗੁਰਭਜਨ ਗਿੱਲ ਵੱਲੋਂ ਸੰਪਾਦਿਤ ਕਾਵਿ ਪੁਸਤਕ ਧਰਤ ਵੰਗਾਰੇ ਤਖ਼ਤ ਨੂੰ ਵੀ ਇਸ ਸਮਾਗਮ ਵਿੱਚ ਲੋਕ ਅਰਪਨ ਕੀਤਾ ਜਾਵੇਗਾ।
ਇਹ ਸਮਾਗਮ ਹਲਵਾਰਾ ਜ਼ਿਲ੍ਹਾ ਲੁਧਿਆਣਾ ਵਿਖੇ ਮਿਤੀ 14 ਅਕਤੂਬਰ ਨੂੰ ਸਵੇਰੇ 10.30 ਵਜੇ ਸ੍ਰੀ ਗੁਰੂ ਰਾਮ ਦਾਸ ਕਾਲਜ ਆਫ਼ ਐਜੂਕੇਸ਼ਨ ਹਲਵਾਰਾ ਵਿਖੇ ਵਿਸ਼ੇਸ਼ ਸਮਾਗਮ ਵਿਚ ਦਿੱਤਾ ਜਾਵੇਗਾ। ਇਸ ਸਮਾਗਮ ਵਿੱਚ ਡਾਃ ਸੁਮੇਲ ਸਿੰਘ ਸਿੱਧੂ ਕਾਮਰੇਡ ਰਤਨ ਸਿੰਘ ਯਾਦਗਾਰੀ ਵਿਸ਼ੇਸ਼ ਭਾਸ਼ਨ ਕਰਨਗੇ। ਮੁੱਖ ਮਹਿਮਾਨ ਵਜੋਂ ਡਾਃ ਸੁਖਪਾਲ ਸਿੰਘ ਚੇਅਰਮੈਨ, ਪੰਜਾਬ ਰਾਜ ਕਿਸਾਨ ਕਮਿਸ਼ਨ ਪੁੱਜਣਗੇ। ਇਹ ਜਾਣਕਾਰੀ ਦੇਂਦਿਆਂ ਕਾਮਰੇਡ ਰਤਨ ਸਿੰਘ ਯਾਦਗਾਰੀ ਟਰਸਟ ਦੇ ਮੀਤ ਪ੍ਰਧਾਨ ਤੇ ਗੁਰੂ ਰਾਮ ਦਾਸ ਕਾਲਿਜ ਦੇ ਡਾਇਰੈਕਟਰ ਪ੍ਰਿੰਸੀਪਲ ਰਣਜੀਤ ਸਿੰਘ ਧਾਲੀਵਾਲ ਨੇ ਦਿੰਦਿਆਂ ਦੱਸਿਆ ਕਿ ਗੁਰੂ ਕਾਸ਼ੀ ਯੂਨੀਃ ਦੇ ਸਾਬਕਾ ਪਰੋ ਵਾਈਸ ਚਾਂਸਲਰ ਡਾਃ ਜਗਪਾਲ ਸਿੰਘ ਅਤੇ ਕਾਮਰੇਡ ਰਤਨ ਸਿੰਘ ਦਾ ਪਰਿਵਾਰ ਵੀ ਵਿਸ਼ੇਸ਼ ਤੌਰ ਤੇ ਯੂ ਕੇ ਤੋਂ ਸਮਾਗਮ ਲਈ ਪੁੱਜ ਰਿਹਾ ਹੈ।

LEAVE A REPLY

Please enter your comment!
Please enter your name here