ਚੰਡੀਗੜ, 10 ਸਤੰਬਰ: ( ਰਾਜਨ ਜੈਨ) –
ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੀ ਭਲਾਈ ਲਈ ਬੁਨਿਆਦੀ ਸਹੂਲਤਾਂ ਅਤੇ ਸਾਫ ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇਸ ਦਿਸਾ ਵਿੱਚ ਕਦਮ ਚੁੱਕਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਮਾਲੇਰਕੋਟਲਾ ਦੇ ਸੁੰਦਰੀਕਰਨ ਅਤੇ ਵਿਕਾਸ ਲਈ ਸੂਬਾ ਸਰਕਾਰ ਵੱਲੋਂ 734.98 ਲੱਖ ਰੁਪਏ ਖਰਚੇ ਜਾਣਗੇ। ਵਿਭਾਗ ਨੇ ਇਨਾਂ ਕੰਮਾਂ ਲਈ ਕਾਰਵਾਈ ਸੁਰੂ ਕਰ ਦਿੱਤੀ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਡਾ. ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਵੱਖ-ਵੱਖ ਕੰਮਾਂ ਲਈ ਸੇਵਾਵਾਂ ਲਈਆਂ ਜਾਣਗੀਆਂ ਤਾਂ ਜੋ ਮਾਲੇਰਕੋਟਲਾ ਦੇ ਵਿਕਾਸ, ਸਫਾਈ ਅਤੇ ਰੱਖ-ਰਖਾਅ ਦੇ ਕੰਮ ਨੂੰ ਹੋਰ ਸੁਚਾਰੂ ਢੰਗ ਨਾਲ ਨੇਪਰੇ ਚਾੜਿਆ ਜਾ ਸਕੇ। ਆਮ ਮੁਰੰਮਤ ਤੋਂ ਇਲਾਵਾ ਸਹਿਰ ਦੀਆਂ ਵੱਖ-ਵੱਖ ਸੜਕਾਂ ਅਤੇ ਗਲੀਆਂ ਵਿੱਚ ਟਾਈਲਾਂ ਲਗਾਉਣ, ਇੰਟਰਲਾਕਿੰਗ ਅਤੇ ਮਿੱਟੀ ਭਰਨ ਦਾ ਕੰਮ ਕੀਤਾ ਜਾਵੇਗਾ।
ਇਸੇ ਤਰਾਂ ਸੱਤਾ ਚੌਕ ਤੋਂ ਕੇਲੋਂ ਗੇਟ ਮਲੇਰਕੋਟਲਾ ਤੱਕ ਦਾ ਸੁੰਦਰੀਕਰਨ, ਸੀਸੀ ਫਲੋਰਿੰਗ, ਸਹਿਰ ਵਿੱਚ ਵਾਟਰ ਸਪਲਾਈ ਲਾਈਨ ਦੀ ਮੁਰੰਮਤ ਅਤੇ ਰੱਖ-ਰਖਾਅ, ਟ੍ਰੀ ਗਾਰਡ ਲਗਾਉਣ ਦਾ ਕੰਮ ਵੀ ਨੇਪਰੇ ਚਾੜਿਆ ਜਾਵੇਗਾ।
ਡਾ. ਨਿੱਜਰ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਕੰਮ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਅਤੇ ਨਿਯਮਾਂ ਦੀ ਸੁਚੱਜੇ ਢੰਗ ਨਾਲ ਪਾਲਣਾ ਕਰਨ।