ਲੁਧਿਆਣਾ,(ਰਾਜੇਸ਼ ਜੈਨ-ਲਿਕੇਸ ਸ਼ਰਮਾ) – ਨੈਸ਼ਨਲ ਲੌਜਿਸਟਿਕਸ ਪਾਲਿਸੀ ਦੀ ਸ਼ੁਰੂਆਤ ਮੌਕੇ, ਰਾਕੇਸ਼ ਕਾਂਸਲ,ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਦੀ ਅਗਵਾਈ ਹੇਠ ਸਥਾਨਕ ਜ਼ਿਲ੍ਹਾ ਉਦਯੋਗ ਕੇਂਦਰ ਦੇ ਮੀਟਿੰਗ ਹਾਲ ਵਿਖੇ ਰਾਜ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ।ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਬੀਤੇ ਕੱਲ੍ਹ ਨੈਸ਼ਨਲ ਲੌਜਿਸਟਿਕਸ ਪਾਲਿਸੀ ਦੀ ਸ਼ੁਰੂਆਤ ਕੀਤੀ ਗਈ।ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਆਯੋਜਿਤ ਇਸ ਸਮਾਗਮ ਮੌਕੇ ਪੰਜਾਬ ਸੂਬੇ ਦੇ ਨੁਮਾਇੰਦਿਆਂ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ। ਸਥਾਨਕ ਜ਼ਿਲ੍ਹਾ ਉਦਯੋਗ ਕੇਂਦਰ ਤੋਂ ਭਾਗੀਦਾਰ ਵਰਚੂਅਲੀ ਤੌਰ ‘ਤੇ ਵੀ ਸ਼ਾਮਲ ਹੋਏ।ਉਦਯੋਗ ਅਤੇ ਵਣਜ ਵਿਭਾਗ, ਪੰਜਾਬ ਵੱਲੋਂ ਪੰਜਾਬ ਰਾਜ ਲਈ ਡਰਾਫਟ ਲੌਜਿਸਟਿਕਸ ਅਤੇ ਲੌਜਿਸਟਿਕ ਪਾਰਕ ਪਾਲਿਸੀ ‘ਤੇ ਇੱਕ ਪੇਸ਼ਕਾਰੀ ਵੀ ਦਿੱਤੀ ਗਈ।ਸਿਬਿਨ ਸੀ,ਆਈ.ਏ.ਐਸ, ਸਕੱਤਰ-ਕਮ-ਡਾਇਰੈਕਟਰ,ਉਦਯੋਗ ਅਤੇ ਵਣਜ,ਪੰਜਾਬ ਇਸ ਸਮਾਗਮ ਵਿੱਚ ਆਨਲਾਈਨ ਮਾਧਿਅਮ ਰਾਹੀਂ ਸ਼ਾਮਲ ਹੋਏ ਅਤੇ ਰਾਜ ਵਿੱਚ ਲੌਜਿਸਟਿਕਸ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਭਾਗੀਦਾਰਾਂ ਨੂੰ ਸੰਬੋਧਤ ਕੀਤਾ ਅਤੇ ਹਾਜ਼ਰੀਨ ਨੂੰ ਰਾਜ ਦੀ ਖਰੜਾ ਲੌਜਿਸਟਿਕ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਬਾਰੇ ਜਾਣੂ ਕਰਵਾਇਆ।ਉਨ੍ਹਾਂ ਇਸ ਗੱਲ ‘ਤੇ ਵੀ ਚਰਚਾ ਕੀਤੀ ਕਿ ਕਿਵੇਂ ਰਾਜ ਦੀ ਨੀਤੀ ਡਰਾਫਟ ਨੈਸ਼ਨਲ ਲੌਜਿਸਟਿਕਸ ਪਾਲਿਸੀ, 2019 ਅਤੇ ਪ੍ਰਧਾਨ ਮੰਤਰੀ ਗਤੀਸ਼ਕਤੀ ਐਨ.ਐਮ.ਪੀ. ਦੇ ਸਿਧਾਂਤਾਂ ਨੂੰ ਮੁੱਖ ਰੱਖਦੇ ਹੋਏ ਬਣਾਈ ਗਈ ਹੈ।ਇਸ ਮੌਕੇ ਸ਼ਾਮਲ ਵੱਖ-ਵੱਖ ਭਾਗੀਦਾਰਾਂ ਵੱਲੋਂ ਆਉਣ ਵਾਲੀ ਨੀਤੀ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ।ਲੁਧਿਆਣਾ ਵਿਖੇ ਰਾਜ ਪੱਧਰੀ ਸਮਾਗਮ ਦੀ ਪ੍ਰਧਾਨਗੀ ਮਹੇਸ਼ ਖੰਨਾ,ਸੰਯੁਕਤ ਡਾਇਰੈਕਟਰ, ਉਦਯੋਗ ਅਤੇ ਵਣਜ ਵਿਭਾਗ ਦੇ ਨਾਲ ਉਤਪਲ ਕੁਮਾਰ,ਸੰਯੁਕਤ ਡੀ.ਜੀ.ਐਫ.ਟੀ,ਲੁਧਿਆਣਾ ਵੱਲੋਂ ਕੀਤੀ ਗਈ।