– ਹੁਣ 11-22 ਅਕਤੂਬਰ ਤੱਕ ਦੇ ਰਾਜ ਪੱਧਰੀ ਮੁਕਾਬਲਿਆਂ ‘ਚ ਖਿਡਾਰੀ ਆਪਣੇ ਜੌਹਰ ਵਿਖਾਉਣਗੇ – ਜ਼ਿਲ੍ਹਾ ਖੇਡ ਅਫ਼ਸਰ ਰਵਿੰਦਰ ਸਿੰਘ
ਲੁਧਿਆਣਾ, 03 ਅਕਤੂਬਰ ( ਮਿਅੰਕ ਜੈਨ, ਅਸ਼ਵਨੀ) – ‘ਖੇਡਾਂ ਵਤਨ ਪੰਜਾਬ ਦੀਆਂ – 2022’ ਅਧੀਨ ਪੰਜਾਬ ਰਾਜ ਖੇਡਾਂ ਵਿੱਚ ਵੱਖ-ਵੱਖ 7 ਗੇਮਾਂ ਲਈ ਜ਼ਿਲ੍ਹਾ ਲੁਧਿਆਣਾ ਦੀਆਂ ਟੀਮਾਂ ਭੇਜਣ ਲਈ ਸ਼ਡਿਊਲ ਅਨੁਸਾਰ 06 ਅਕਤੂਬਰ ਨੂੰ ਸਵੇਰੇ 11:00 ਵਜੇ ਟਰਾਇਲ ਲਏ ਜਾਣਗੇ। ਪੰਜਾਬ ਰਾਜ ਖੇਡਾਂ 11 ਤੋਂ 22 ਅਕਤੂਬਰ, 2022 ਤੱਕ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਰਵਾਈਆਂ ਜਾ ਰਹੀਆਂ ਹਨ।
ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਰਵਿੰਦਰ ਸਿੰਘ ਨੇ ਦੱਸਿਆ ਕਿ ਹੁਣ 11 ਤੋਂ 22 ਅਕਤੂਬਰ ਤੱਕ ਦੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਖਿਡਾਰੀ ਆਪਣੇ ਜੌਹਰ ਵਿਖਾਉਣਗੇ। ਇਨ੍ਹਾਂ 29 ਗੇਮਾਂ ਵਿੱਚੋਂ 22 ਗੇਮਾਂ ਜ਼ਿਲ੍ਹਾ ਪੱਧਰ ‘ਤੇ ਕਰਵਾਈਆਂ ਗਈਆਂ ਸਨ ਅਤੇ ਬਾਕੀ 7 ਗੇਮਾਂ ਜੋ ਸਿਰਫ ਸਟੇਟ ਪੱਧਰ ‘ਤੇ ਹੀ ਕਰਵਾਈਆਂ ਜਾ ਰਹੀਆਂ ਹਨ।
ਜ਼ਿਲ੍ਹਾ ਖੇਡ ਅਫ਼ਸਰ ਵੱਲੋਂ 06 ਅਕਤੂਬਰ ਨੂੰ ਵੱਖ-ਵੱਖ ਉਮਰ ਵਰਗ ਵਿੱਚ 7 ਗੇਮਾਂ ਦੇ ਟਰਾਇਲ ਸਥਾਨ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਅੰਡਰ-14, 17, 21 ਅਤੇ 21-40 ਵਰਗ ਵਿੱਚ ਰੋਇੰਗ, ਕਾਈਕਿੰਗ ਅਤੇ ਕੈਨੇਇੰਗ ਅਤੇ ਆਰਚਰੀ ਦੇ ਮੁਕਾਬਲੇ ਜੀ.ਐਚ.ਜੀ. ਖਾਲਸਾ ਕਾਲਜ, ਗੁਰੂਸਰ ਸੁਧਾਰ ਵਿਖੇ ਹੋਣਗੇ, ਜਿਮਨਾਸਟਿਕ ਅਤੇ ਫੇਸਿੰਗ ਦੇ ਮੁਕਾਬਲੇ ਮਲਟੀਪਰਪਜ ਹਾਲ, ਲੁਧਿਆਣਾ ਵਿਖੇ ਹੋਣਗੇ, ਚੈਸ ਦੇ ਮੁਕਾਬਲੇ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ ਹੋਣਗੇ। ਇਸ ਤੋਂ ਇਲਾਵਾ ਸ਼ੂਟਿੰਗ ਵਿੱਚ ਅੰਡਰ-14, 17, 21, 21-40, 41 ਤੋਂ 50 ਅਤੇ 50 ਤੋਂ ਉੱਪਰ ਦੇ ਮੁਕਾਬਲੇ ਸ਼ੂਟਿੰਗ ਰੇਂਜ, ਰੱਖ ਬਾਗ ਲੁਧਿਆਣਾ ਵਿਖੇ ਕਰਵਾਏ ਜਾਣਗੇ।
ਜ਼ਿਲ੍ਹਾ ਖੇਡ ਅਫ਼ਸਰ ਨੇ ਸਪੱਸ਼ਟ ਕੀਤਾ ਕਿ ਉਪਰੋਕਤ ਮਿਤੀ ਅਤੇ ਸਮੇਂ ਤੋਂ ਇਲਾਵਾ ਕਿਸੇ ਵੀ ਖਿਡਾਰੀ ਦੇ ਟਰਾਇਲ ਨਹੀਂ ਲਏ ਜਾਣਗੇ। ਅਤੇ ਟਰਾਇਲ ਦੇਣ ਲਈ ਖਿਡਾਰੀ ਆਪਣਾ ਆਧਾਰ ਕਾਰਡ/ਜਨਮ ਸਰਟੀਫਿਕੇਟ ਦੀ ਫੋਟੋਕਾਪੀ ਨਾਲ ਜ਼ਰੂਰ ਲੈ ਕੇ ਆਉਣ, ਬਿਨ੍ਹਾਂ ਆਈ.ਡੀ. ਪਰੂਫ (ਜਨਮ ਸਰਟੀਫਿਕੇਟ/ਆਧਾਰ ਕਾਰਡ) ਦੇ ਖਿਡਾਰੀ ਦੀ ਟਰਾਇਲਾਂ ਲਈ ਰਜਿਸਟ੍ਰੇਸ਼ਨ ਨਹੀਂ ਕੀਤੀ ਜਾਵੇਗੀ।
ਉਨ੍ਹਾ ਦੱਸਿਆ ਕਿ ਜਿਨ੍ਹਾਂ ਖਿਡਾਰੀਆਂ ਵੱਲੋਂ ਆਨਲਾਈਨ ਖੇਡ ਮੇਲਾ ਐਪ ‘ਤੇ ਰਜਿਸਟ੍ਰੇਸ਼ਨ ਕੀਤੀ ਗਈ ਸੀ ਅਤੇ ਬਲਕਿ ਜਿਨ੍ਹਾਂ ਰਜਿਸਟ੍ਰੇਸ਼ਨ ਨਹੀਂ ਵੀ ਕੀਤੀ ਸੀ ਪਰ ਹੁਣ ਉਹ ਇਨ੍ਹਾਂ ਗੇਮਾਂ ਵਿੱਚ ਭਾਗ ਲੈਣਾ ਚਾਹੁੰਦੇ ਹਨ, ਉਹ ਵੀ ਨਿਯਤ ਮਿਤੀ ਅਤੇ ਸਮੇਂ ਅਨੁਸਾਰ ਖੇਡ ਵੈਨਿਊ ‘ਤੇ ਪਹੁੰਚ ਕੇ ਪੰਜਾਬ ਰਾਜ ਖੇਡਾਂ 2022 ਲਈ ਟਰਾਇਲ ਦੇ ਸਕਦੇ ਹਨ।
ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਰਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਹੋਰਨਾਂ ਨੌਜਵਾਨਾਂ ਦੀ ਤਰ੍ਹਾਂ, ਖੇਡਾਂ ਵਿੱਚ ਰੁਚੀ ਰੱਖਣ ਵਾਲੇ ਨੌਜਵਾਨਾਂ ਦੇ ਚੰਗੇਰੇ ਭਵਿੱਖ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਸ਼ਲਾਘਾਯੋਗ ਉਪਰਾਲੇ ਕਰਕੇ ਹਰ ਵਰਗ ਦੇ ਲੋਕਾਂ ਦਾ ਖਿਆਲ ਰੱਖ ਰਹੀ ਹੈ।
ਜ਼ਿਲ੍ਹਾ ਖੇਡ ਅਫ਼ਸਰ ਵੱਲੋਂ ਸਮੂਹ ਖਿਡਾਰੀਆਂ ਨੂੰ ਰਾਜ ਪੱਧਰੀ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਦੀਆਂ ਸੁ਼਼ਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰਨ ਅਤੇ ਆਪਣੇ ਮਾਪਿਆਂ, ਆਪਣੇ ਸੂਬੇ ਦਾ ਨਾਮ ਪੂਰੀ ਦੁਨੀਆਂ ਵਿੱਚ ਰੌਸ਼ਨ ਕਰਨ।