ਬਟਾਲਾ (ਲਿਕੇਸ ਸ਼ਰਮਾ ) ਬਟਾਲਾ ਦੇ ਅੰਮ੍ਰਿਤਸਰ-ਪਠਾਨਕੋਟ ਹਾਈਵੇ ਤੋਂ ਜੰਮੂ ਨਿਵਾਸੀਆਂ ਤੋਂ ਅਣਪਛਾਤੇ ਲੁਟੇਰਿਆਂ ਨੇ ਕਾਰ ਖੋਹ ਲਈ ਹੈ। ਲੁਟੇਰੇ ਕਾਰ ਤੋਂ ਇਲਾਵਾ ਨਗਦੀ, 3 ਮੋਬਾਈਲ ਤੇ ਹੋਰ ਸਾਮਾਨ ਵੀ ਲੈ ਗਏ।
ਇਸ ਸਬੰਧੀ ਠਾਣਾ ਕਿਲਾ ਲਾਲ ਸਿੰਘ ਦੀ ਪੁਲਿਸ ਨੂੰ ਲਿਖਾਈ ਰਿਪੋਰਟ ‘ਚ ਮੁਹੰਮਦ ਸਫੈਤ ਪੁੱਤਰ ਮੁਹੰਮਦ ਅਯੂਬ ਵਾਸੀ ਰਾਜੌਰੀ ਜੰਮੂ ਕਸ਼ਮੀਰ ਨੇ ਦੱਸਿਆ ਕਿ ਉਹ ਆਪਣੇ ਦੋਸਤ ਜਹਾਂਗੀਰ ਵਾਸੀ ਵਾਸੀ ਕਮਗਲੀਪੁਰ ਨਾਲ ਸ੍ਰੀ ਅੰਮ੍ਰਿਤਸਰ ਤੋ ਆਪਣੀ ਗੱਡੀ ਨੰਬਰੀ ਜੇਕੇ 11-ਡੀ-3645 ਤੇ ਸਵਾਰ ਹੋ ਕਿ ਆਪਣੇ ਪਿੰਡ ਰਾਜੌਰੀ ਜੰਮੂ ਕਸ਼ਮੀਰ ਨੂੰ ਜਾ ਰਹੇ ਸੀ ਕਿ ਵਕਤ ਕਰੀਬ 4-45 ਸਵੇਰ ਦਾ ਹੋਵੇਗਾ। ਜਦ ਉਹ ਬਟਾਲਾ ਬਾਈਪਾਸ ਨੇੜੇ ਜਿਮੀਦਾਰਾਂ ਢਾਬਾ ਨੇੜੇ ਪੁੱਜੇ ਤਾਂ ਉਹ ਤੇ ਉਸਦਾ ਦੋਸਤ ਗੱਡੀ ਨੂੰ ਚਾਲੂ ਰੱਖ ਕੇ ਪਿਸ਼ਾਬ ਕਰਨ ਲਈ ਥੱਲੇ ਉਤਰ ਗਏ। ਇੰਨੇ ਚਿਰ ਨੂੰ ਸੜਕ ਦੀ ਦੂਸਰੀ ਸਾਇਡ ਤੋਂ ਇਕ ਵਿਅਕਤੀ ਆਇਆ ਅਤੇ ਉਸ ਵਿਅਕਤੀ ਨੇ ਉਸਨੂੰ ਧੱਕਾ ਦੇ ਦਿੱਤਾ ਤੇ ਇਸੇ ਦੌਰਾਨ 4 ਵਿਅਕਤੀ ਹੋਰ ਆਏ ਜਿੰਨਾ ਦੇ ਪਾਸ ਹਾਕੀਆ ਸੀ ਅਤੇ ਉਕਤ ਅਣਪਛਾਤਿਆਂ ਨੇ ਉਸਦੇ ਤੇ ਦੋਸਤ ਦੇ ਹਾਕੀਆਂ ਮਾਰੀਆਂ ਤੇ ਥੱਪੜ ਮਾਰੇ। ਉਸਨੇ ਦੱਸਿਆ ਕਿ ਉਕਤ ਲੁਟੇਰੇ ਉਸਦੀ ਗੱਡੀ ‘ਚੋਂ ਕਰੀਬ 18/20 ਹਜ਼ਾਰ ਰੁਪਏ ਨਗਦੀ, ਕੁਝ ਡਾਕੂਮੈਂਟ, 50 ਹਜ਼ਾਰ ਰੁਪਏ ਦੇ ਕੱਪੜੇ, ਬਰਤਨ, 44000 ਰੁਪਏ ਦੀ ਗੁਰਦੁਆਰਾ ਸਾਹਿਬ ‘ਚ ਵਰਤਨ ਵਾਲੀ ਪਾਣੀ ਵਾਲੀ ਟੈਂਕ ਟਰਾਲੀ, ਤਿੰਨ ਫ਼ੋਨ ਤੇ ਬ੍ਰੇਜ਼ਾ ਕਾਰ ਖੋਹ ਕੇ ਲੈ ਗਏ। ਉਧਰ ਉਕਤ ਮਾਮਲੇ ਦੇ ਸਬੰਧ ਥਾਣਾ ਕਿਲਾ ਲਾਲ ਸਿੰਘ ਦੀ ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।