Home Political ਟਰਾਂਸਪੋਰਟ ਵਿਭਾਗ ਦੀ ਕਮਾਈ ਵਿੱਚ ਪਿਛਲੇ ਸਾਲ ਨਾਲੋਂ 608 ਕਰੋੜ ਰੁਪਏ ਦਾ...

ਟਰਾਂਸਪੋਰਟ ਵਿਭਾਗ ਦੀ ਕਮਾਈ ਵਿੱਚ ਪਿਛਲੇ ਸਾਲ ਨਾਲੋਂ 608 ਕਰੋੜ ਰੁਪਏ ਦਾ ਵਾਧਾ ਦਰਜ: ਲਾਲਜੀਤ ਸਿੰਘ ਭੁੱਲਰ

65
0

ਵਿਭਾਗ ਦੇ ਤਿੰਨ ਵਿੰਗਾਂ ਐਸ.ਟੀ.ਸੀ, ਪੀ.ਆਰ.ਟੀ.ਸੀ. ਅਤੇ ਪੰਜਾਬ ਰੋਡਵੇਜ਼/ਪਨਬੱਸ ਨੂੰ ਅਪ੍ਰੈਲ ਤੋਂ ਸਤੰਬਰ ਤੱਕ ਹੋਈ 1957 ਕਰੋੜ ਦੀ ਆਮਦਨ

ਛੇ ਮਹੀਨਿਆਂ ‘ਚ ਪਿਛਲੇ ਵਰੇ ਨਾਲੋਂ ਮਾਲੀਆ 45 ਫ਼ੀਸਦੀ ਵਧਿਆ

ਪਿਛਲੇ ਵਰੇ 1349 ਕਰੋੜ ਰੁਪਏ ਹੋਈ ਸੀ ਆਮਦਨ

ਚੰਡੀਗੜ, 10 ਅਕਤੂਬਰ: ( ਰਿਤੇਸ਼ ਭੱਟ, ਅਸ਼ਵਨੀ) –

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੇ ਆਪਣੇ ਪਹਿਲੇ ਛੇ ਮਹੀਨਿਆਂ ਵਿੱਚ 608.21 ਕਰੋੜ ਰੁਪਏ ਦੇ ਵਾਧੇ ਨਾਲ ਕੁੱਲ 1957.64 ਕਰੋੜ ਰੁਪਏ ਦਾ ਮਾਲੀਆ ਇਕੱਤਰ ਕੀਤਾ ਹੈ।

ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਅੱਜ ਇੱਥੇ ਦੱਸਿਆ ਕਿ ਵਿਭਾਗ ਦੇ ਕੁੱਲ ਤਿੰਨ ਵਿੰਗਾਂ ਐਸ.ਟੀ.ਸੀ, ਪੀ.ਆਰ.ਟੀ.ਸੀ. ਅਤੇ ਪੰਜਾਬ ਰੋਡਵੇਜ਼/ਪਨਬੱਸ ਨੇ ਇਸ ਸਾਲ ਅਪ੍ਰੈਲ ਤੋਂ ਸਤੰਬਰ ਤੱਕ 1957.64 ਕਰੋੜ ਰੁਪਏ ਕਮਾਏ ਹਨ, ਜੋ ਪਿਛਲੇ ਵਰੇ ਇਸ ਅਰਸੇ ਦੌਰਾਨ ਹੋਈ ਆਮਦਨ ਨਾਲੋਂ 45.07 ਫ਼ੀਸਦੀ ਵੱਧ ਹੈ। ਉਨਾਂ ਦੱਸਿਆ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਪਿਛਲੇ ਵਰੇ ਇਹ ਆਮਦਨ 1349.43 ਕਰੋੜ ਰੁਪਏ ਸੀ।

ਵਿਭਾਗ ਦੀ ਵਿੰਗ ਵਾਰ ਆਮਦਨ ਦੇ ਵੇਰਵੇ ਦਿੰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਸਟੇਟ ਟਰਾਂਸਪੋਰਟ ਕਮਿਸ਼ਨਰ ਦਫ਼ਤਰ ਨੂੰ ਅਪ੍ਰੈਲ ਤੋਂ ਸਤੰਬਰ 2022 ਤੱਕ ਕੁੱਲ 1203.39 ਕਰੋੜ ਰੁਪਏ ਦੀ ਆਮਦਨ ਹੋਈ ਹੈ, ਜੋ ਪਿਛਲੀ ਸਰਕਾਰ ਸਮੇਂ 855.95 ਕਰੋੜ ਰੁਪਏ ਸੀ। ਉਨਾਂ ਦੱਸਿਆ ਕਿ 347.44 ਕਰੋੜ ਰੁਪਏ ਦਾ ਇਹ ਵਾਧਾ 40.60 ਫ਼ੀਸਦੀ ਬਣਦਾ ਹੈ।

ਉਨਾਂ ਦੱਸਿਆ ਕਿ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ) ਨੇ ਇਸ ਵਰੇ ਪਹਿਲੇ ਛੇ ਮਹੀਨਿਆਂ ਵਿੱਚ 393.62 ਕਰੋੜ ਰੁਪਏ ਜੁਟਾਏ ਹਨ ਜਦਕਿ ਪਿਛਲੇ ਵਰੇ ਇਸ ਅਰਸੇ ਦੌਰਾਨ ਇਹ ਕਮਾਈ 246.13 ਕਰੋੜ ਰੁਪਏ ਸੀ। ਉਨਾਂ ਦੱਸਿਆ ਕਿ ਪੀ.ਆਰ.ਟੀ.ਸੀ. ਨੇ ਇਨਾਂ ਛੇ ਮਹੀਨਿਆਂ ਵਿੱਚ 147.49 ਕਰੋੜ ਰੁਪਏ ਦੇ ਮੁਨਾਫ਼ੇ ਨਾਲ 60 ਫ਼ੀਸਦੀ ਵਾਧਾ ਦਰਜ ਕੀਤਾ ਹੈ।

ਪੰਜਾਬ ਰੋਡਵੇਜ਼/ਪਨਬੱਸ ਦੀ ਆਮਦਨ ਦਾ ਵੇਰਵਾ ਸਾਂਝਾ ਕਰਦਿਆਂ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਅਪ੍ਰੈਲ ਤੋਂ ਸਤੰਬਰ 2022 ਤੱਕ 360.63 ਕਰੋੜ ਰੁਪਏ ਦੀ ਆਮਦਨ ਨਾਲ ਪੰਜਾਬ ਰੋਡਵੇਜ਼/ਪਨਬੱਸ ਨੇ ਪਿਛਲੇ ਸਾਲ ਦੇ 247.35 ਕਰੋੜ ਰੁਪਏ ਦੇ ਮੁਕਾਬਲੇ 113.28 ਕਰੋੜ ਰੁਪਏ ਵੱਧ ਕਮਾਏ ਹਨ ਅਤੇ ਇਹ ਵਾਧਾ 45.79 ਫ਼ੀਸਦੀ ਬਣਦਾ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਸਰਕਾਰ ਵੱਲੋਂ ਟੈਕਸ ਚੋਰੀ, ਗ਼ੈਰ-ਕਾਨੂੰਨੀ ਗਤੀਵਿਧੀਆਂ ਅਤੇ ਬਿਨਾਂ ਪਰਮਿਟ ਵਾਲੇ ਬੱਸ ਆਪ੍ਰੇਟਰਾਂ ਨੂੰ ਨੱਥ ਪਾਉਣ ਦੀਆਂ ਕੋਸ਼ਿਸ਼ਾਂ ਸਦਕਾ ਵਿਭਾਗ ਦੀ ਕਮਾਈ ਵਿੱਚ ਇਹ ਵਾਧਾ ਦਰਜ ਕੀਤਾ ਗਿਆ ਹੈ।    

LEAVE A REPLY

Please enter your comment!
Please enter your name here