ਪੰਜਾਬ ਸਰਕਾਰ ਨੇ ਐਸਿਡ ਅਟੈਕ ਵਿਕਟਮ ਲਈ ਸਤੰਬਰ 2022 ਤੱਕ 11.76 ਲੱਖ ਰੁਪਏ ਦੀ ਰਾਸ਼ੀ ਵੰਡੀ
ਚੰਡੀਗੜ੍ਹ, 11 ਅਕਤੂਬਰ: ( ਮੋਹਿਤ ਜੈਨ, ਵਿਕਾਸ ਮਠਾੜੂ) –
ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸਰਕਾਰ ਵੱਲੋਂ ਤੇਜ਼ਾਬ ਦੇ ਹਮਲੇ ਕਾਰਨ ਅਪਾਹਜ ਹੋ ਚੁੱਕੀਆਂ ਔਰਤਾਂ ਨੂੰ ਸਤੰਬਰ ਮਹੀਨੇ ਤੱਕ 11.76 ਲੱਖ ਰੁਪਏ ਵੰਡੇ ਜਾ ਚੁੱਕੇ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਡਾ.ਬਲਜੀਤ ਕੌਰ ਨੇ ਦੱਸਿਆ ਕਿ ਸਰਕਾਰ ਹਰ ਵਰਗ ਦੇ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ। ਸਰਕਾਰ ਵੱਲੋਂ ਇਸ ਸਕੀਮ ਦਾ ਉਦੇਸ਼ ਤੇਜ਼ਾਬ ਦੇ ਹਮਲੇ ਕਾਰਨ ਅਪਾਹਜ ਹੋ ਚੁੱਕੀਆਂ ਔਰਤਾਂ ਨੂੰ ਮਹੀਨਾਵਾਰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ, ਤਾਂ ਜੋ ਪੀੜ੍ਹਤ ਔਰਤਾਂ ਦਾ ਜੀਵਨ ਸੁਖਾਲਾ ਬਣਾਇਆ ਜਾ ਸਕੇ।
ਡਾ.ਬਲਜੀਤ ਕੌਰ ਨੇ ਦੱਸਿਆ ਕਿ ਇਸ ਸਕੀਮ ਅਧੀਨ 40% ਜਾਂ ਇਸ ਤੋਂ ਵੱਧ ਦਿਵਿਆਂਗਤਾ ਵਾਲੀਆਂ ਔਰਤਾਂ (ਬੈਂਚ ਮਾਰਕ ਦਿਵਿਆਂਗਤਾ) ਜੋ ਤੇਜਾਬ ਪੀੜਤ ਹੋਣ ਨੂੰ ਮੁੜ ਵਸੇਬੇ ਅਤੇ ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣ ਲਈ 8,000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਂਦੇ ਹਨ। ਇਹ ਇਸਤਰੀਆਂ ਪੰਜਾਬ ਰਾਜ ਦੀਆਂ ਵਸਨੀਕ ਹੋਣੀਆਂ ਚਾਹੀਦੀਆਂ ਹਨ। ਇਸ ਤੋਂ ਇਲਾਵਾ ਪੀੜਤ ਮਹਿਲਾ ਵੱਲੋਂ ਐਫ.ਆਈ.ਆਰ/ਸ਼ਿਕਾਇਤ ਦੀ ਕਾਪੀ ਰਜਿਸਟਰਡ ਹੋਣੀ ਚਾਹੀਦੀ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਤੇਜਾਬ ਪੀੜਤਾ ਲਈ ਚਾਲੂ ਵਿੱਤੀ ਸਾਲ ਦੌਰਾਨ 24.00 ਲੱਖ ਰੁਪਏ ਦਾ ਉਪਬੰਧ ਕੀਤਾ ਗਿਆ ਹੈ, ਜਿਸ ਵਿੱਚੋਂ 21 ਲਾਭਪਾਤਰੀਆਂ ਨੂੰ ਸਤੰਬਰ 2022 ਤੱਕ 11.76 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਐਸਿਡ ਅਟੈਕ ਵਿਕਟਿਮ ਸਕੀਮ 100% ਸਟੇਟ ਸਪੋਂਸਰਡ ਸਕੀਮ ਹੈ।