ਜ਼ਿਲ੍ਹਾ ਲੁਧਿਆਣਾ ਦੇ ਸਮੂਹ ਪੋਲਿੰਗ ਸਟੇਸ਼ਨਾਂ ‘ਤੇ ਲਗਾਏ ਜਾਣਗੇ ਇਹ ਕੈਂਪ – ਜ਼ਿਲ੍ਹਾ ਚੋਣ ਅਫਸਰ
– ਸਮੂਹ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ! ਇਨ੍ਹਾਂ ਕੈਪਾਂ ਦਾ ਵੱਧ ਤੋਂ ਵੱਧ ਲਿਆ ਜਾਵੇ ਲਾਹਾ
ਲੁਧਿਆਣਾ, 11 ਅਕਤੂਬਰ (ਬੌਬੀ ਸਹਿਜਲ, ਧਰਮਿੰਦਰ)-) – ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਸੁਰਭੀ ਮਲਿਕ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਵੋਟਰਾਂ ਨੂੰ ਭੱਵਿਖ ਵਿਚ ਬਿਹਤਰ ਚੋਣ ਸੇਵਾਵਾਂ ਪ੍ਰਦਾਨ ਕਰਨ ਦੇ ਮੰਤਵ ਨਾਲ ਵੋਟਰਾਂ ਦਾ ਆਧਾਰ ਕਾਰਡ ਨੰਬਰ ਉਨ੍ਹਾਂ ਦੇ ਵੋਟਰ ਸ਼ਨਾਖਤੀ ਕਾਰਡ ਨਾਲ ਲਿੰਕ ਕਰਨ ਲਈ 16 ਅਕਤੂਬਰ, 2022 (ਦਿਨ ਐਤਵਾਰ) ਨੂੰ ਸਮੂਹ ਪੋਲਿੰਗ ਸਟੇਸ਼ਨਾਂ ‘ਤੇ ਕੈਪ ਲਗਾਏ ਜਾਣਗੇ।
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਅੱਗੇ ਦੱਸਿਆ ਗਿਆ ਕਿ ਇਨ੍ਹਾਂ ਕੈਪਾਂ ‘ਤੇ ਸਬੰਧਤ ਬੀ.ਐਲ.ਓ ਸਵੇਰੇ 09 ਵਜੇ ਤੋਂ 05 ਵਜੇ ਤੱਕ ਬੈਠ ਕੇ ਫਾਰਮ ਨੰਬਰ 6-ਬੀ ਪ੍ਰਾਪਤ ਕਰਨਗੇ। ਉਨ੍ਹਾਂ ਦੱਸਿਆ ਕਿ ਹਰੇਕ ਉਹ ਵੋਟਰ ਜਿਸ ਦਾ ਨਾਮ ਵੋਟਰ ਸੂਚੀ ਵਿੱਚ ਦਰਜ ਹੈ, ਉਹ ਵੋਟਰ ਆਪਣਾ ਆਧਾਰ ਲਿੰਕ ਕਰਵਾ ਸਕਦਾ ਹੈ।
ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਜ਼ਿਲੇ ਵਿੱਚ ਪੈਂਦੇ 14 ਵਿਧਾਨ ਸਭਾ ਚੋਣ ਹਲਕਿਆਂ 57-ਖੰਨਾ, 58-ਸਮਰਾਲਾ, 59-ਸਾਹਨੇਵਾਲ, 60-ਲੁਧਿਆਣਾ ਪੂਰਬੀ, 61-ਲੁਧਿਆਣਾ ਦੱਖਣੀ, 62-ਆਤਮ ਨਗਰ, 63-ਲੁਧਿਆਣਾ ਕੇਂਦਰੀ, 64-ਲੁਧਿਆਣਾ ਪੱਛਮੀ, 65-ਲੁਧਿਆਣਾ ਉੱਤਰੀ, 66-ਗਿੱਲ, 67-ਪਾਇਲ, 68-ਦਾਖਾ, 69-ਰਾਏਕੋਟ, 70-ਜਗਰਾਓ ਦੇ ਬੂਥਾਂ ‘ਤੇ ਇਹ ਕੈਪ ਲਗਾਏ ਜਾਣਗੇ।
ਉਨ੍ਹਾਂ ਇਹ ਵੀ ਦੱਸਿਆ ਕਿ ਵੋਟਰ ਫਾਰਮ ਨੰਬਰ 6-ਬੀ ਵਿੱਚ ਆਪਣਾ ਆਧਾਰ ਨੰਬਰ ਭਰ ਕੇ ਆਪਣੇ ਬੀ.ਐਲ.ਓ ਨੂੰ ਜਮ੍ਹਾਂ ਕਰਵਾ ਸਕਦੇ ਹਨ ਅਤੇ ਵੋਟਰ ਆਪਣਾ ਆਧਾਰ ਨੰਬਰ ਚੋਣ ਕਮਿਸ਼ਨ ਦੀ ਵੈਬਸਾਇਟ ਐਨ.ਵੀ.ਐਸ.ਪੀ., ਵੋਟਰ ਹੈਲਪ ਲਾਇਨ ਅਤੇ ਵੋਟਰ ਪੋਰਟਲ ‘ਤੇ ਆਨਲਾਈਨ ਵੀ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਫਾਰਮ ਨੰਬਰ 6-ਬੀ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫਸਰ, ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਜਾਂ ਬੂਥ ਲੈਵਲ ਅਫਸਰ ਕੋਲ ਦਫਤਰੀ ਕੰਮ ਵਾਲੇ ਦਿਨ ਵੀ ਜਮ੍ਹਾਂ ਕਰਵਾਇਆ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਸੁਰਭੀ ਮਲਿਕ ਵੱਲੋਂ ਜ਼ਿਲਾ ਲੁਧਿਆਣਾ ਦੇ ਸਮੂਹ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਕੈਪਾਂ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ।