ਆਓ ਰਲ ਕੇ ਸਹੀ ਅਰਥਾਂ ਵਿੱਚ ਪਾਣੀ ਦਿਵਸ ਮਨਾਈਏ
ਵੈਸੇ ਵੈਸੇ ਤਾਂ ਪੂਰੀ ਧਰਤੀ ਉੱਪਰ ਹੀ ਪਾਣੀ ਦਾ ਸੰਕਟ ਬਣਦਾ ਜਾ ਰਿਹਾ ਹੈ ਪਰ ਦੁਨੀਆਂ ਨਾਲੋਂ ਪਹਿਲਾਂ ਆਪਾਂ ਨੂੰ ਆਪਣੇ ਰਾਜ ਪੰਜਾਬ ਬਾਰੇ ਸੋਚਣਾ ਬਣਦਾ ਹੈ। ਪੰਜਾਬ ਵਿੱਚ ਪਾਣੀ ਦਾ ਸੰਕਟ ਤੇਜ਼ੀ ਨਾਲ ਗਹਿਰਾ ਹੁੰਦਾ ਜਾ ਰਿਹਾ ਹੈ। ਪੰਜਾਬ ਦੇ ਜਿਆਦਾਤਰ ਬਲਾਕਾਂ ਵਿੱਚ ਪਾਣੀ ਦਾ ਲੈਵਲ ਤਾਂ ਬਹੁਤ ਹੇਠਾਂ ਪਹੁੰਚ ਗਿਆ ਹੈ ਅਤੇ ਨਾਲ ਹੀ ਪਾਣੀ ਪ੍ਰਦੂਸ਼ਤ ਵੀ ਹੋ ਗਿਆ ਹੈ ਜਿਸ ਦੀ ਵਰਤੋਂ ਕਰਨ ਨਾਲ ਕੈਂਸਰ ਵਰਗੀ ਭਿਆਨਕ ਬਿਮਾਰੀ ਘਰ -2 ਦਸਤਕ ਦੇ ਚੁੱਕੀ ਹੈ ਅਤੇ ਪੀਣ ਯੋਗ ਪਾਣੀ ਦੀ ਕਿਲਤ ਵੀ ਸ਼ੁਰੂ ਹੋ ਗਈ ਹੈ । ਪਾਣੀ ਦੇ ਸੰਕਟ ਤੋਂ ਆਪਣਾ ਅਤੇ ਆਪਣੀਆਂ ਆਉਣ ਵਾਲਿਆਂ ਪੀੜ੍ਹੀਆਂ ਨੂੰ ਬਚਾਉਣ ਲਈ ਸਰਕਾਰ ਦੇ ਨਾਲ – ਨਾਲ ਆਪਾਂ ਸਾਰਿਆਂ ਨੂੰ ਵੀ ਕਾਫੀ ਸੋਚ ਵਿਚਾਰ ਕਰਕੇ ਇਸ ਤੇ ਕੰਮ ਕਰਨ ਦੀ ਲੋੜ ਹੈ । ਇਸ ਪ੍ਰਤੀ ਸਭ ਤੋਂ ਵੱਡੀ ਗੱਲ ਜਾਗਰੂਕਤਾ ਅਤੇ ਅਤੇ ਆਪਣੀ ਸਹੀ ਸਮਝ ਬਣਾਉਣ ਦੀ ਹੈ ਕਿਉਂਕਿ ਹਰੇਕ ਵਿਅਕਤੀ ਕਹਿੰਦਾ ਜਰੂਰ ਹੈ ਪਰ ਕਰਨ ਵੇਲੇ ਆਪਣੀ ਜਿੰਮੇਵਾਰੀ ਤੋਂ ਭੱਜ ਜਾਂਦਾ ਹੈ। ਜਦੋਂ ਪਾਣੀ ਨੂੰ ਬਚਾਉਣ ਦੀ ਜਾਂ ਪਾਣੀ ਨੂੰ ਸੰਭਾਲਣ ਦੀ ਗੱਲ ਆਉਂਦੀ ਹੈ ਤਾਂ ਸਿਰਫ ਗੱਲਾਂ ਹੀ ਰਹਿ ਜਾਂਦੀਆਂ ਹਨ। ਜੇ ਸਾਰੇ ਲੋਕ ਨਿੱਜੀ ਤੌਰ ਤੇ ਆਪਣੀ ਜਿੰਮੇਵਾਰੀ ਨੂੰ ਸਮਝਣ ਲੱਗ ਜਾਣ ਤਾਂ ਆਪਾਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ”ਵਰਤੋਂ ਯੋਗ ਪਾਣੀ” ਦੇ ਕੇ ਜਾਵਾਂਗੇ।
ਅੰਕੜੇ ਦੱਸਦੇ ਹਨ ਕਿ ਪੰਜਾਬ ਦੇ ਵਿੱਚ ਆਉਣ ਵਾਲੇ 10 ਸਾਲਾਂ ਵਿੱਚ ਪਾਣੀ ਦਾ ਬਹੁਤ ਵੱਡਾ ਸੰਕਟ ਆਉਣ ਵਾਲਾ ਹੈ । ਤੇਜ਼ੀ ਨਾਲ ਪਾਣੀ ਦੇ ਇਸ ਸੰਕਟ ਨੂੰ ਰੋਕਣ ਲਈ ਪਾਣੀ ਦੀ ਬੱਚਤ ਕਰਨੀ ਅਤਿਅੰਤ ਜਰੂਰੀ ਹੈ। ਸੋ ਪਾਣੀ ਨੂੰ ਬਚਾਉਣ ਲਈ ਹਰੇਕ ਪੰਜਾਬ ਵਾਸੀ ਨੂੰ ਆਪਦੀ ਨਿੱਜੀ ਜਿੰਮੇਵਾਰੀ ਸਮਝਦੇ ਹੋਏ ਇਸ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜਰੂਰਤ ਹੈ ।
ਇਸ ਲਈ ਹਰੇਕ ਸਮਾਜ ਸੇਵੀ ਸੰਸਥਾ, ਅਧਿਆਪਕਾਂ,ਵਿਦਿਆਰਥੀਆਂ,ਹੋਰ ਸਰਕਾਰੀ ਮੁਲਾਜ਼ਮਾਂ , ਗੱਲ ਕੀ ਘਰਾਂ ਵਿੱਚ ਸਫਾਈ ਦਾ ਕੰਮ ਕਰਦੀਆਂ ਔਰਤਾਂ, ਛੋਟੀਆਂ – ਵੱਡੀਆਂ ਫੈਕਟਰੀਆਂ ਦੇ ਕਾਮਿਆਂ, ਗੱਲ ਕੀ ਹਰੇਕ ਵਿਅਕਤੀ ਨੂੰ ਆਪਣੀ ਜਿੰਮੇਵਾਰੀ ਨੂੰ ਸਮਝਦੇ ਹੋਏ ਪਾਣੀ ਦੀ ਇੱਕ-2 ਬੂੰਦ ਬਚਾਉਣ ਲਈ ਅੱਜ ਤੋਂ ਹੀ ਕੰਮ ਕਰਨਾ ਪਵੇਗਾ ਤਾਂ ਹੀ ਆਪਾਂ ਆਪਣੀਆਂ ਆਉਣ ਵਾਲੀਆਂ ਪੀੜੀਆਂ ਨੂੰ ਵਰਤੋਂ ਯੋਗ ਪਾਣੀ ਦੇ ਸਕਾਂਗੇ। ਪਾਣੀ ਨੂੰ ਬਚਾਉਣ ਲਈ ਇਹ ਉਪਾਅ ਹਰੇਕ ਵਿਅਕਤੀ ਨੂੰ ਲਾਜ਼ਮੀ ਕਰਨੇ ਬਣਦੇ ਹਨ । ਹਰੇਕ ਪੰਜਾਬੀ ਨੂੰ ਵੱਧ ਤੋਂ ਵੱਧ ਰੁੱਖ ਲਗਾ ਕੇ ਉਹਨਾਂ ਦੀ ਸੰਭਾਲ ਕਰਨੀ ਬਣਦੀ ਹੈ ਕਿਉਂਕਿ ਰੁੱਖਾਂ ਦਾ ਸਿੱਧਾ ਸਬੰਧ ਪਾਣੀ ਨਾਲ ਹੈ ।ਘਰਾਂ ਵਿੱਚ ਪਾਣੀ ਦੀ ਵਰਤੋਂ ਬਹੁਤ ਹੀ ਸੰਜਮ ਨਾਲ ਕੀਤੀ ਜਾਵੇ । ਸਰਕਾਰੀ ਦਫਤਰਾਂ, ਪ੍ਰਾਈਵੇਟ ਦਫਤਰਾਂ ਜਾਂ ਹੋਰ ਅਦਾਰਿਆਂ ਵਿੱਚ ਪਾਣੀ ਦੀ ਲੀਕੇਜ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਕਿਉਂਕਿ ਦੇਖਣ ਵਿੱਚ ਆਉਂਦਾ ਹੈ ਕਿ ਇਹਨਾਂ ਥਾਵਾਂ ਉਪਰ ਹਰ ਵਕਤ ਪਾਣੀ ਫਜ਼ੂਲ ਚੱਲਦਾ ਰਹਿੰਦਾ ਹੈ।
ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਉਹਨਾਂ ਫਸਲਾਂ ਦਾ ਬਦਲ ਕਿਸਾਨਾ ਨੂੰ ਦੇਣ ਜਿੰਨਾਂ ਵਿੱਚ ਪਾਣੀ ਦੀ ਜਿਆਦਾ ਵਰਤੋਂ ਹੋ ਰਹੀ ਹੈ ਖਾਸ ਤੌਰ ਤੇ ਝੋਨੇ ਦਾ। ਇਸਦੀ ਥਾਂ ਉੱਪਰ ਦੂਸਰੀਆਂ ਘੱਟ ਪਾਣੀ ਵਾਲੀਆਂ ਫਸਲਾਂ ਨੂੰ ਉਤਸਾਹਿਤ ਕੀਤਾ ਜਾਵੇ ਤਾਂ ਕਿ ਧਰਤੀ ਹੇਠਲੇ ਪਾਣੀ ਨੂੰ ਬਚਾ ਸਕੀਏ।
ਗੱਲ ਕੀ ਹਰੇਕ ਥਾਂ ਤੇ ਪਾਣੀ ਦੀ ਵਰਤੋਂ ਬੜੇ ਹੀ ਸੰਜਮ ਨਾਲ ਕੀਤੀ ਜਾਵੇ । ਇਸ ਦੇ ਲਈ ਘਰਾਂ ਵਿੱਚ ਸਫਾਈ ਕਰਨ ਵਾਲੀਆਂ ਔਰਤਾਂ ,ਹੋਰ ਸਫਾਈ ਕਰਮਚਾਰੀਆਂ ਤੇ ਹੋਰ ਪਰਿਵਾਰਿਕ ਮੈਂਬਰਾਂ ਨੂੰ ਇਸ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜਰੂਰਤ ਹੈ।ਬੱਚਿਆਂ ਨੂੰ ਪਾਣੀ ਦੀ ਹੋ ਰਹੀ ਬਰਬਾਦੀ ਬਾਰੇ ਸਕੂਲਾਂ ਕਾਲਜਾਂ ਵਿੱਚ ਵਿਸ਼ੇਸ਼ ਤੌਰ ਤੇ ਲਗਾਤਾਰ ਜਾਗਰੂਕ ਕੀਤਾ ਜਾਵੇ ।ਇਹਨਾਂ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਉਪਰਾਲੇ ਹੋਣਗੇ ਜੋ ਕਿ ਇੱਕ ਦੂਜੇ ਦੇ ਨਾਲ ਸਾਂਝੇ ਕੀਤੇ ਜਾਣ ਅਤੇ ਵੱਧ ਤੋਂ ਵੱਧ ਉਹਨਾਂ ਦਾ ਪ੍ਰਚਾਰ ਕੀਤਾ ਜਾਵੇ ਤਾਂ ਹੀ ਆਪਾਂ ਸਾਰੇ ਪੰਜਾਬੀ ਰਲ ਕੇ ਪੰਜਾਬ ਨੂੰ ਪਾਣੀ ਨਾਲ ਹੋਣ ਵਾਲੀ ਬਰਬਾਦੀ ਵਾਲੇ ਪਾਸੇ ਤੋਂ ਬਚਾ ਸਕਾਂਗੇ ਤੇ ਆਪਣੀਆਂ ਆਉਣ ਵਾਲੀਆਂ ਪੀੜੀਆਂ ਦੇ ਲਈ ਇੱਕ ਵਧੀਆ ਭਵਿੱਖ ਦੇ ਸਕਾਂਗੇ ।ਇਸ ਦੇ ਨਾਲ ਹੀ ਗੁਰੂਆਂ ਦੇ ਦੱਸੇ ਹੋਏ ਰਸਤੇ ਉੱਤੇ ਚਲਦੇ ਹੋਏ ਗੁਰਬਾਣੀ ਵਿੱਚ ਜਿਹੜਾ “ਪਾਣੀ ਨੂੰ ਪਿਤਾ” ਦਾ ਦਰਜਾ ਦਿੱਤਾ ਹੋਇਆ ਹੈ ਉਸ ਤੇ ਸਹੀ ਅਰਥਾਂ ਵਿੱਚ ਪਹਿਰਾ ਦੇ ਸਕਾਂਗੇ।
ਵਾਤਾਵਰਨ ਪ੍ਰੇਮੀ ਤੇ ਸਮਾਜ ਸੇਵੀ ਮਾਸਟਰ ਮਹਿੰਦਰ ਪ੍ਰਤਾਪ (ਐਮ.ਪੀ.) ਸ਼ੇਰਪੁਰ
9814922770