ਜਗਰਾਉਂ, 14 ਅਕਤੂਬਰ (ਪ੍ਰਤਾਪ ਸਿੰਘ): ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਸਮਰਪਤ ਬੁੱਟਰ ਕਲੀਨਿਕ ਵੱਲੋਂ ਗੁਰਦੁਆਰਾ ਗੁਰੂ ਰਾਮਦਾਸ ਸਾਹਿਬ ਅਗਵਾੜ ਗੁੱਜਰਾਂ ਵਿਖੇ ਹੋਮਿਓਪੈਥੀ ਦਾ ਮੁਫਤ ਕੈਂਪ ਲਾਇਆ ਗਿਆ ਜਿੱਥੇ ਵੱਡੀ ਗਿਣਤੀ ਚ ਸੰਗਤਾਂ ਨੇ ਕੈਂਪ ਦਾ ਲਾਹਾ ਲਿਆ। ਇਸ ਮੌਕੇ ਹੋਮਿਓਪੈਥੀ ਦੇ ਮਾਹਰ ਪੁਰਾਣੀ ਸਬਜ਼ੀ ਮੰਡੀ ਰੋਡ ਤੇ ਬੁੱਟਰ ਕਲੀਨਿਕ ਚਲਾ ਰਹੇ ਡਾ ਹਰਪ੍ਰੀਤ ਸਿੰਘ ਬੁੱਟਰ ਨੇ ਆਖਿਆ ਕਿ ਸਰੀਰਕ ਤੇ ਮਾਨਸਿਕ ਤੌਰ ਤੇ ਅਰੋਗ ਰਹਿਣ ਲਈ ਭਾਰਤ ਦੀਆਂ ਪੁਰਾਣੀਆਂ ਪਰੰਪਰਾਗਤ ਔਸ਼ਧੀਆਂ ਦੀਆਂ ਚਿਕਿਤਸਾ ਪ੍ਰਣਾਲੀਆਂ ਅੱਜ ਵੀ ਲਾਹੇਵੰਦ ਸਾਬਤ ਹੋ ਰਹੀਆਂ ਹਨ ਤੇ ਇਨ੍ਹਾਂ ਦਾ ਇਲਾਜ ਸਸਤਾ ਤੇ ਟਿਕਾਊ ਵੀ ਹੈ। ਸਭ ਤੋਂ ਵੱਡੀ ਗੱਲ ਇਨ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈ। ਉਨ੍ਹਾਂ ਆਖਿਆ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਇਨ੍ਹਾਂ ਪ੍ਰਚੀਨ ਪ੍ਰਣਾਲੀਆਂ ਦੀ ਮਹੱਤਤਾ ਨੂੰ ਸਵੀਕਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਹੋਮਿਓਪੈਥੀ ਪ੍ਰਣਾਲੀ ਵਿੱਚ ਜਰਮਨ ਦੀਆਂ ਦਵਾਈਆਂ ਬੜੀਆਂ ਕਾਰਗਰ ਸਿੱਧ ਹੋ ਰਹੀਆਂ ਹਨ ਇਨ੍ਹਾਂ ਨਾਲ ਗੰਭੀਰ ਰੋਗਾਂ ਦਾ ਇਲਾਜ ਵੀ ਸੰਭਵ ਹੈ। ਜਰਮਨ ਦੀਆਂ ਦਵਾਈਆਂ ਨਾਲ ਪੇਟ ਦੇ ਰੋਗ, ਦਿਲ ਦੇ ਰੋਗ ਤੇ ਇੱਥੋਂ ਤਕ ਕੈਂਸਰ ਵਰਗੀ ਭਿਆਨਕ ਬੀਮਾਰੀ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪ੍ਰਿਥਵੀ ਪਾਲ ਸਿੰਘ ਚੱਢਾ, ਖਜ਼ਾਨਚੀ ਸ਼ਾਮ ਸਿੰਘ, ਸਾਬਕਾ ਪ੍ਰਧਾਨ ਦਰਸ਼ਨ ਸਿੰਘ ਚਾਵਲਾ ਵੱਲੋਂ ਡਾ ਹਰਪ੍ਰੀਤ ਸਿੰਘ ਬੁੱਟਰ ਅਤੇ ਮੇਜਰ ਸਿੰਘ ਬੁੱਟਰ ਨੂੰ ਮੁਫਤ ਸੇਵਾਵਾਂ ਦੇਣ ਤੇ ਸਿਰੁਪਾਓ ਦੇ ਕੇ ਸਨਮਾਨਤ ਕੀਤਾ ਗਿਆ।