*ਸੀਚੇਵਾਲ ਮਾਡਲ ਅਪਨਾਉਣ ਨਾਲ ਧਰਤੀ ਹੇਠਲਾ ਪਾਣੀ ਬਚਾਇਆ ਜਾ ਸਕਦਾ:- ਡਾ. ਅਮਨਦੀਪ ਕੌਰ ਅਰੋੜਾ*
ਮੋਗਾ, 16 ਅਕਤੂਬਰ ( ਕੁਲਵਿੰਦਰ ਸਿੰਘ) –

ਮੋਗਾ ਤੋਂ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਪਿੰਡ ਕੋਰੇਵਾਲਾ ਕਲਾਂ ਦੇ ਛੱਪੜ ਤੇ ਸੀਚੇਵਾਲ ਮਾਡਲ ਤਿਆਰ ਕਰਨ ਲਈ 21 ਲੱਖ 91 ਹਜਾਰ ਰੁਪਏ ਦਾ ਚੈੱਕ ਪੰਚਾਇਤ ਨੂੰ ਦਿੱਤਾ। ਇਸ ਪ੍ਰੋਜੈਕਟ ਨਾਲ ਪਿੰਡ ਦਾ ਪਾਣੀ ਸੋਧ ਕੇ ਖੇਤਾਂ ਲਈ ਵਰਤਿਆ ਜਾਵੇਗਾ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਸਿਰੋਪਾ ਦੇਕੇ ਸਨਮਾਨਿਤ ਕੀਤਾ ਗਿਆ।
ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਦਸਿਆ ਕਿ ਇਸ ਮਾਡਲ ਦੇ ਨਾਲ ਛੱਪੜਾਂ ਦਾ ਗੰਦਾ ਪਾਣੀ ਵੀ ਵਰਦਾਨ ਸਿੱਧ ਹੋ ਸਕਦਾ ਹੈ ਕਿਉਂਕਿ ਜੇ ਛੱਪੜਾਂ ਦਾ ਪਾਣੀ ਖੇਤੀ ਲਈ ਵਰਤਿਆ ਜਾਵੇ ਤਾਂ ਧਰਤੀ ਹੇਠਲਾ ਪਾਣੀ ਵੀ ਵਰਤੋਂ ‘ਚ ਘੱਟ ਆਵੇਗਾ ਜੋ ਪੀਣ ਲਈ ਵਰਤਿਆ ਜਾ ਸਕਦਾ ਹੈ ਅਤੇ ਖੇਤੀਬਾੜੀ ਲਈ ਛੱਪੜਾਂ ਦਾ ਪਾਣੀ ਵਰਤੋਂ ‘ਚ ਲਿਆਂਦਾ ਜਾਵੇ। ਜਿਸ ਨਾਲ ਇਕ ਤਾਂ ਪਿੰਡਾਂ ਵਿਚ ਸਾਫ-ਸਫਾਈ ਦਾ ਮਾਹੌਲ ਬਣਦਾ ਹੈ ਦੂਜਾ ਪਾਣੀ ਖੇਤੀਬਾੜੀ ਲਈ ਵਰਤਿਆ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ ਕਿਸਾਨ ਆਪਣੇ ਖੇਤਾਂ ਦੀ ਰਹਿੰਦ-ਖੂੰਦ ਨੂੰ ਅੱਗ ਲਗਾਏ ਬਿਨਾਂ ਹੀ ਫਸਲਾਂ ਬੀਜਣ ਜਿਸ ਨਾਲ ਵਾਤਾਵਰਣ ਦੀ ਸ਼ੁੱਧਤਾ ਤਾਂ ਬਣਦੀ ਹੈ ਪਰ ਜੇ ਨਾੜ ਨੂੰ ਖੇਤਾਂ ‘ਚ ਹੀ ਗਾਲਿਆ ਜਾਵੇ ਤਾਂ 70 ਫ਼ੀਸਦੀ ਖਾਦ ਜਾਂ ਰੋੜੀ ਪਾਉਣ ਦੀ ਜ਼ਰੂਰਤ ਨਹੀਂ ਰਹਿੰਦੀ।
ਇਸ ਸਮੇਂ ਉਹਨਾਂ ਨਾਲ ਅਮਨ ਰਖਰਾ, ਨਵਦੀਪ ਵਾਲੀਆ, ਪਿਆਰਾ ਸਿੰਘ ਬੱਧਣੀ, ਇੰਦਰਜੀਤ ਗਿੱਲ, ਦੀਪ ਦਾਰਪੁਰ, ਪਿੰਡ ਦੇ ਸਰਪੰਚ, ਪੰਚਾਇਤ ਅਤੇ ਹੋਰ ਆਪ ਆਗੂ ਮਜ਼ੂਦ ਸਨ।