ਜਗਰਾਉਂ, 17 ਅਕਤੂਬਰ ( ਸਤੀਸ਼ ਕੋਹਲੀ, ਜੱਸੀ ਢਿੱਲੋਂ)-ਅਸੀਂ ਤਾਂ ਸੋਚਦੇ ਸੀ ਕਿ ਸਿਮਰਨਜੀਤ ਸਿੰਘ ਮਾਨ ਹੀ ਇਸ ਕਿਸਮ ਦੀ ਹਰਕਤ ਕਰ ਸਕਦਾ ਹੈ,ਇਹ ਤਾਂ ਉਸ ਤੋਂ ਞੀ ਦੋ ਕਦਮ ਅੱਗੇ ਨਿਕਲ ਗਏ। ਭਰਿਸ਼ਟਾਚਾਰ ਦੇ ਕੇਸਾਂ ਦਾ ਸਾਹਮਣਾ ਕਰ ਰਹੇ ਅਪਣੇ ਸਗੇ ਮੰਤਰੀਆਂ ਸਤਯੇੰਦਰ ਜੈਨ ਅਤੇ ਮਨੀਸ਼ ਸਿਸੋਦੀਆ ਨੂੰ ਜੰਗੇ ਆਜਾਦੀ ਦੇ ਮਹਾਨ ਇਨਕਲਾਬੀ ਯੋਧੇ ਸ਼ਹੀਦ ਭਗਤ ਸਿੰਘ ਦਾ ਦਰਜਾ ਦੇਣ ਦਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਕਥਨ ਸਿਰੇ ਦਾ ਬਚਕਾਨਾ ਤੇ ਪਾਖੰਡੀ ਬਿਆਨ ਹੈ। ਆਮ ਆਦਮੀ ਪਾਰਟੀ ਦੇ ਮੁਖੀ ਨੇ ਕਰੋੜਾਂ ਦੇਸ਼ ਵਾਸੀਆਂ ਦੇ ਸ਼ਹੀਦ ਪ੍ਰਤੀ ਸਤਕਾਰ ਤੇ ਨਿਸ਼ਠਾ ਦਾ ਮਜਾਕ ਉਡਾਇਆ ਹੈ। ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਾਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਆਮ ਆਦਮੀ ਪਾਰਟੀ ਦੇ ਮੁਖੀ ਤੋ ਅਪਣਾ ਇਹ ਬਿਆਨ ਤੁਰੰਤ ਵਾਪਸ ਲੈਣ ਅਤੇ ਦੇਸ਼ਵਾਸੀਆਂ ਤੋਂ ਮਾਫੀ ਮੰਗਣ ਦੀ ਜੋਰਦਾਰ ਮੰਗ ਕੀਤੀ ਹੈ। ਆਜਾਦੀ ਦੀ ਕਿਹੜੀ ਦੂਜੀ ਜੰਗ ਦੀ ਗਲ ਅਰਵਿੰਦ ਕੇਜਰੀਵਾਲ ਕਰ ਰਹੇ ਹਨ। ਸਾਮਰਾਜੀ ਕਾਰਪੋਰੇਟ ਨੀਤੀਆਂ ਦੇ ਮਾਮਲੇ ਚ , ਕਸ਼ਮੀਰ ਮਸਲੇ ਦੇ ਧਾਰਾ 370 ਤੋੜਣ ਅਤੇ ਕਸ਼ਮੀਰ ਦਾ ਪੂਰਨ ਰਾਜ ਦਾ ਦਰਜਾ ਖਤਮ ਕਰਨ, ਨਾਗਰਿਕਤਾ ਸੋਧ ਕਾਨੂੰਨ ਲਾਗੂ ਕਰਨ, ਦਿੱਲੀ ਚ ਸ਼ਾਹੀਨ ਬਾਗ ਅੰਦੋਲਨ ਤੋਂ ਪਾਸਾ ਵਟਣ, ਦਿਲੀ ਦੰਗਿਆਂ ਚ ਤੇ ਬਾਅਦ ਚ ਦੇਸ਼ ਭਰ ਚ ਮੁਸਲਿਮ ਵਰਗ ਖਿਲਾਫ ਫਾਸ਼ੀ ਹਮਲਿਆਂ ਦੇ ਮਾਮਲੇ ਚ , ਆਮ ਆਦਮੀ ਪਾਰਟੀ ਵਲੋਂ ਰਾਜ ਸਭਾ ਚ ਵੱਡੇ ਪੂੰਜੀਪਤੀਆਂ ਨੂੰ ਭੇਜਣ ਦੇ ਮੁੱਦੇ ਤੇ,ਸਕੂਲੀ ਸਿਖਿਆ ਚ ਮੀਲ ਪੱਥਰ ਗੱਡਣ ਦਾ ਰੋਲਾ ਪਾਉਣ ਪਰ ਦੇਸ਼ ਵਿਰੋਧੀ ਨਵੀਂ ਵਿਦਿਅਕ ਨੀਤੀ 2020 ਪ੍ਰਤੀ ਅਜੇ ਤਕ ਮੁੰਹ ਨਾ ਖੋਲਣ , ਪੰਜਾਬ ਨੂੰ ਅਪਣੀ ਨਿਜੀ ਰਿਆਸਤ ਬਣਾ ਲੈਣ, ਰਾਜਾਂ ਨੂੰ ਵੱਧ ਅਧਿਕਾਰਾਂ ਅਤੇ ਭਰਿਸ਼ਟਾਚਾਰ ਦੇ ਖਾਤਮੇ ਲਈ ਲੋਕਪਾਲ ਬਿਲ ਲੈ ਕੇ ਆਉਣ, ਕਾਲੇ ਖੇਤੀ ਕਨੂੰਨਾਂ ਖਿਲਾਫ ਦੋਗਲਾ ਸਟੈਂਡ ਆਦਿ ਅਨੇਕਾਂ ਸਵਾਲ ਹਨ ਜਿਹੜੇ ਤੁਹਾਡੀ ਆਜਾਦੀ ਦੀ ਦੂਜੀ ਜੰਗ ਦੀ ਫੂਕ ਕੱਢਦੇ ਹਨ। ਉਨਾਂ ਜੋਰ ਦੇ ਕੇ ਕਿਹਾ ਕਿ ਪੰਜਾਬ ਵਾਂਗ ਹੁਣ ਗੁਜਰਾਤ ਚ ਵੀ ਆਮ ਆਦਮੀ ਸੁਪਰੀਮੋ ਦੂਜੀਆਂ ਮੋਕਾ ਪ੍ਰਸਤ ਪਾਰਟੀਆਂ ਵਾਂਗ ਰਿਆਇਤਾਂ ਦੇ ਲੋਲੀਪੋਪ ਵੰਡ ਕੇ ਸੱਤਾ ਤੇ ਕਾਬਜ ਹੋਣਾ ਚਾਹੁੰਦਾ ਹੈ,ਜਿਸਦਾ ਕਿ ਸਿੱਧਾ ਅਸਰ ਖਜਾਨੇ ਤੇ ਪਵੇਗਾ ਤੇ ਹੋਰਨਾਂ ਜਰੂਰੀ ਕਾਰਜਾਂ ਲਈ ਪੈਸਾ ਨਹੀਂ ਬਚੇਗਾ। ਉਨਾਂ ਸ਼੍ਰੀ ਮਾਨ ਕੇਜਰੀਵਾਲ ਨੂੰ ਸਵਾਲ ਕੀਤਾ ਕਿ ਕਾਰਪੋਰੇਟ ਦਾ ਗਲਬਾ ਦੇਸ਼ ਚੋਂ ਖਤਮ ਕਰਨ, ਲੋਕਾਂ ਦੇ ਮੁੰਹ ਚੋਂ ਆਖਰੀ ਬੁਰਕੀ ਖੋਹ ਰਹੀ ਬੇਲਗਾਮ ਮਹਿੰਗਾਈ ਨੂੰ ਨੱਥ ਪਾਉਣ, ਬੇਰੁਜ਼ਗਾਰੀ ਦੇ ਖਾਤਮੇ ਲਈ , ਰਾਜਾਂ ਦੇ ਖੋਹੇ ਜਾ ਰਹੇ ਅਧਿਕਾਰਾਂ ਦੀ ਬਹਾਲੀ ਲਈ, ਭਾਜਪਾ ਦੇ ਫਿਰਕੂ ਫਾਸ਼ੀਵਾਦ ਦਾ ਡਟਵਾਂ ਵਿਰੋਧ ਕਰਨ ਦਾ ਐਲਾਨਿਆ ਸਵਰਾਜ ਦਾ ਪ੍ਰੋਗਰਾਮ ਕਿਹੜੇ ਬਸਤੇ ਚ ਬੰਦ ਕਰ ਦਿੱਤਾ ਹੈ। ਇਨਾਂ ਭਖਵੇਂ ਤੇ ਗੰਭੀਰ ਮਸਲਿਆਂ ਦੇ ਹੱਲ ਨੂੰ ਸੰਬੋਧਨ ਹੋਣ ਦੀ ਥਾਂ ਭਾਜਪਾ ਤੇ ਕਾਂਗਰਸ ਵਾਂਗ ਚੋਣ ਟਪੂਸੀਆਂ ਆਜਾਦੀ ਦੀ ਦੂਜੀ ਜੰਗ ਨਹੀਂ ਹੋ ਸਕਦੀ ਸਗੋਂ ਸੱਤਾ ਦੀ ਭੁੱਖ ਨੂੰ ਪੂਰਾ ਕਰਨ ਦੀ ਮੌਕਾਪ੍ਰਸਤ ਮਸ਼ਕਤ ਤਾਂ ਹੋ ਸਕਦੀ ਹੈ।