ਲੁਧਿਆਣਾ 19 ਅਕਤੂਬਰ ( ਰੋਹਿਤ ਗੋਇਲ, ਲਿਕੇਸ਼ ਸ਼ਰਮਾਂ) -ਮੁੱਖ ਮੰਤਰੀ,ਪੰਜਾਬ ਭਗਵੰਤ ਸਿੰਘ ਮਾਨ ਦੇ ਨਾਮ ਇੱਕ ਪੱਤਰ ਵਿੱਚ ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ ਗੁਰਭਜਨ ਸਿੰਘ ਗਿੱਲ ਨੇ ਲਿਖਿਆ ਹੈ ਕਿ 16 ਨਵੰਬਰ 1915 ਨੂੰ ਗਦਰ ਪਾਰਟੀ ਦੇ ਇਨਕਲਾਬੀਆਂ ਉੱਪਰ ਚੱਲੇ ਪਹਿਲੇ ਲਾਹੌਰ ਸਾਜ਼ਿਸ਼ ਕੇਸ ਅਧੀਨ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਨ੍ਹਾਂ ਦੇ ਛੇ ਸਾਥੀਆਂ ਨੂੰ ਲਾਹੌਰ ਸੈਂਟਰਲ ਜੇਲ੍ਹ ਲਾਹੌਰ ਵਿਚ ਇਕੱਠਿਆਂ ਉਸੇ ਦਿਨ ਇੱਕੋ ਵੇਲੇ ਫਾਂਸੀ ਚੜ੍ਹਾਇਆ ਗਿਆ ਸੀ।
ਉਨ੍ਹਾਂ ਦੇ ਨਾਮ ਲਿਖ ਕੇ ਪ੍ਰੋ ਗਿੱਲ ਨੇ ਦੱਸਿਆ ਹੈ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਪਿੰਡ ਸਰਾਭਾ (ਲੁਧਿਆਣਾ) ਸ਼ਹੀਦ ਜਗਤ ਸਿੰਘ ਪਿੰਡ ਸੁਰ ਸਿੰਘ (ਤਰਨ ਤਾਰਨ) ਸ਼ਹੀਦ ਬਖਸ਼ੀਸ਼ ਸਿੰਘ,ਸ਼ਹੀਦ ਸੁਰਾਇਣ ਸਿੰਘ (ਵੱਡਾ) ਸ਼ਹੀਦ ਸੁਰਾਇਣ ਸਿੰਘ (ਛੋਟਾ)
ਸ਼ਹੀਦ ਹਰਨਾਮ ਸਿੰਘ ਸਿਆਲਕੋਟੀ (ਪਿੰਡ ਭੱਟੀ ਗੁਰਾਇਆ) ਤੇ
ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ ਤਾਲੇਗਾਊਂ (ਪੂਨਾ) ਮਹਾਂਰਾਸ਼ਟਰਾ ਨੂੰ 16 ਨਵੰਬਰ 2022 ਨੂੰ ਪੂਰੇ ਦੇਸ਼ ਵਿੱਚ ਇਕੱਠਿਆਂ ਸ਼ਰਧਾਂਜਲੀ ਦੇਣਾ ਬਣਦਾ ਹੈ।
ਇਥੇ ਵਰਨਣਯੋਗ ਇਹ ਹੈ ਕਿ ਪਿਛਲੇ ਕਈ ਸਾਲਾਂ ਤੋਂ ਪੰਜਾਬ ਸਰਕਾਰ ਨੂੰ ਚੇਤਾ ਕਰਵਾਉਣ ਦੇ ਬਾਵਜੂਦ ਦੇਸ਼ ਵੰਡ ਮਗਰੋਂ ਅੱਜ ਤੀਕ ਸੱਤ ਸੂਰਮਿਆਂ ਦਾ ਇਕੱਠਿਆਂ ਸ਼ਹਾਦਤ ਦਿਹਾੜਾ ਇਕੱਠਿਆਂ ਨਹੀਂ ਮਨਾਇਆ ਗਿਆ।
ਆਜ਼ਾਦੀ ਲਹਿਰ ਦੇ ਇਨ੍ਹਾਂ ਸੱਤ ਸੂਰਮਿਆਂ ਨੂੰ 1947 ਤੋਂ ਬਾਦ ਕਦੇ ਵੀ ਸਰਕਾਰੀ ਪੱਧਰ ਤੇ ਇੱਕਠਿਆਂ ਯਾਦ ਨਾ ਕਰਨਾ ਗੰਭੀਰ ਕੋਤਾਹੀ ਹੈ।
ਉਨ੍ਹਾਂ ਕਿਹਾ ਕਿ ਮੈਂ ਸ. ਮਾਨ ਤੋਂ ਆਸ ਕਰਦਾ ਹਾਂ ਕਿ ਉਹ ਇਸ ਸਾਲ 16 ਨਵੰਬਰ 2022 ਨੂੰ ਸ਼ਹੀਦੀ ਦਿਵਸ ਮੌਕੇ ਸਾਰੇ ਸ਼ਹੀਦਾਂ ਨੂੰ ਹਰ ਪੱਧਰ ਤੇ ਇੱਕਠਿਆਂ ਚੇਤੇ ਕਰਨ ਦਾ ਪ੍ਰਬੰਧ ਜ਼ਰੂਰ ਕਰਨਗੇ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਪਿਛਲੇ ਸਾਲ 16 ਨਵੰਬਰ ਦੇ ਸੱਤ ਸ਼ਹੀਦਾਂ ਦਾ ਸਾਂਝਾ ਕੈਲੰਡਰ ਛਾਪ ਕੇ ਵੰਡਿਆ ਗਿਆ ਸੀ। ਜੇਕਰ ਪੰਜਾਬ ਸਰਕਾਰ ਚਾਹੇ ਤਾਂ ਇਹ ਕੈਲੰਡਰ ਪ੍ਰਕਾਸ਼ਨ ਲਈ ਪੰਜਾਬ ਸਰਕਾਰ ਨੂੰ ਸੌਂਪਿਆ ਜਾ ਸਕਦਾ ਹੈ।
ਪ੍ਰੋ ਗਿੱਲ ਨੇ ਕਿਹਾ ਕਿ 16ਨਵੰਬਰ ਨੂੰ ਸਰਕਾਰੀ ਇਸ਼ਤਿਹਾਰਬਾਜ਼ੀ ਅਤੇ ਹੋਰ ਪ੍ਰਕਾਸ਼ਨਾਵਾਂ ਵਿਚ ਵੀ ਇਨ੍ਹਾਂ ਸੱਤ ਸੂਰਮਿਆਂ ਨੂੰ ਇਕੱਠਿਆਂ ਯਾਦ ਕਰਨ ਲਈ ਲੋੜੀਂਦੇ ਆਦੇਸ਼ ਜਾਰੀ ਕੀਤੇ ਜਾਣੇ ਚਾਹੀਦੇ ਹਨ।
16 ਨਵੰਬਰ ਦੇ ਸ਼ਹੀਦਾਂ ਦੀ ਜੀਵਨੀ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ ਦਾ ਹਿੱਸਾ ਬਣਨੀ ਚਾਹੀਦੀ ਹੈ।
ਇਸੇ ਤਰ੍ਹਾਂ ਸਬੰਧਿਤ ਜ਼ਿਲ੍ਹਿਆਂ ’ਚ ਇਨ੍ਹਾਂ ਸ਼ਹੀਦਾਂ ਦੇ ਪਿੰਡਾਂ ਵਿੱਚ ਵੀ ਜੇ ਸਮਾਰੋਹ ਹੋ ਸਕਣ ਤਾਂ ਚੰਗੀ ਗੱਲ ਹੋਵੇਗੀ।ਇਹ ਦੱਸਣਾ ਜ਼ਰੂਰੀ ਹੈ ਕਿ ਭਾਈ ਹਰਨਾਮ ਸਿੰਘ ਸਿਆਲਕੋਟੀ ਦਾ ਪਰਿਵਾਰ ਵਰਤਮਾਨ ਸਮੇਂ ਪਿੰਡ ਸਰਨਾ(ਪਠਾਨਕੋਟ) ਵਿਖੇ ਰਹਿ ਰਿਹਾ ਹੈ।