ਮਾਲੇਰਕੋਟਲਾ 20 ਅਕਤੂਬਰ: ( ਬੌਬੀ ਸਹਿਜਲ, ਧਰਮਿੰਦਰ) – ਈ-ਸੇਵਾ ਪੋਰਟਲ ਰਾਹੀਂ ਡਿਜੀਟਲ ਦਸਤਖ਼ਤ ਕੀਤੇ ਗਏ ਸਰਟੀਫਿਕੇਟਾਂ/ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ ਜਾਂ ਪ੍ਰਮਾਣਿਕਤਾ ਵੈੱਬ ਲਿੰਕ “ https://esewa.punjab.gov.in/certificateVerification ” `ਤੇ ਦਸਤਾਵੇਜ਼ ਸੀਰੀਅਲ ਨੰਬਰ ਦੀ ਵਰਤੋਂ ਕਰਕੇ ਜਾਂ ਸਰਟੀਫਿਕੇਟ/ਦਸਤਾਵੇਜ਼ `ਤੇ ਮੌਜੂਦ ਕਿਊ ਆਰ ਕੋਡ ਨੂੰ ਸਕੈਨ ਕਰਕੇ ਚੈਂਕ ਕੀਤਾ ਜਾ ਸਕਦਾ ਹੈ। ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ ਨੇ ਦਿੰਦਿਆ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਈ-ਸੇਵਾ ਪੋਰਟਲ ਤੋਂ ਡਿਜੀਟਲ ਸਾਈਨ ਹੋਣ ਵਾਲੇ ਸਰਟੀਫਿਕੇਟਾਂ/ਦਸਤਾਵੇਜ਼ਾਂ ਵਿੱਚ ਲੋੜੀਂਦੀਆਂ ਤਬਦੀਲੀਆਂ ਕਰ ਦਿੱਤੀਆਂ ਹਨ। ਹੁਣ ਈ-ਸੇਵਾ ਪੋਰਟਲ ਰਾਹੀਂ ਡਿਜੀਟਲ ਸਾਈਨ ਹੋਣ ਵਾਲੇ ਸਰਟੀਫਿਕੇਟਾਂ/ਦਸਤਾਵੇਜ਼ਾਂ ਤੋਂ ਕਿਸੇ ਵੀ ਤਰ੍ਹਾਂ ਦੇ ਭੌਤਿਕ ਦਸਤਖਤਾਂ, ਮੋਹਰ ਜਾਂ ਹੋਲੋਗ੍ਰਾਮ ਦੀ ਜ਼ਰੂਰਤ ਨਹੀਂ ਹੋਵੇਗੀ। ਵੈਰੀਫਿਕੇਸ਼ਨ ਵੈੱਬ ਲਿੰਕ `ਤੇ ਉਪਲੱਬਧ ਵੇਰਵਿਆਂ ਅਤੇ ਸਰਟੀਫਿਕੇਟ/ਦਸਤਾਵੇਜ਼ `ਤੇ ਮੌਜੂਦ ਵੇਰਵਿਆਂ ਦੀ ਤੁਲਨਾ ਵਿੱਚ ਕੋਈ ਵੀ ਅੰਤਰ ਪਾਇਆ ਜਾਂਦਾ ਹੈ ਤਾਂ ਉਸ ਸਰਟੀਫਿਕੇਟ/ਦਸਤਾਵੇਜ਼ ਨੂੰ ਅਵੈਧ ਸਮਝਿਆ ਜਾਵੇ।
ਉਨ੍ਹਾਂ ਹੋਰ ਦੱਸਿਆ ਕਿ ਸਰਕਾਰ ਦੇ ਕੰਮਕਾਜ ਵਿੱਚ ਡਿਜੀਟਾਈਜ਼ੇਸ਼ਨ ਨੂੰ ਉਤਸ਼ਾਹਿਤ ਕਰਨ ਲਈ ਡਿਜੀਟਲ ਦਸਤਖ਼ਤ ਕੀਤੇ ਦਸਤਾਵੇਜ਼ਾਂ ਨੂੰ ਸਵੀਕਾਰ ਕਰਨ ਲਈ ਨੋਟੀਫ਼ਿਕੇਸ਼ਨ ਪਹਿਲਾ ਹੀ ਜਾਰੀ ਹੋ ਚੁੱਕੀ ਹੈ। ਇਸ ਤਹਿਤ ਆਈ.ਟੀ. ਐਕਟ 2000 ਦੇ ੳਪਬੰਧਾਂ ਦੇ ਅਨੁਸਾਰ ਦਸਤਾਵੇਜ਼ ਜਿਨ੍ਹਾਂ ਤੇ ਡਿਜੀਟਲ ਦਸਤਖ਼ਤ ਹੋਣ, ਨੂੰ ਹੱਥ ਲਿਖਤ/ਹਸਤਾਖਰਿਤ/ਸਟੈਂਪਡ/ਹੋਲੋਗ੍ਰਾਮ ਨਾਲ ਜੁੜੇ ਦਸਤਾਵੇਜ਼ਾਂ ਦੇ ਬਰਾਬਰ ਮਾਨਤਾ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਡਿਜੀਟਲ ਦਸਤਖ਼ਤ ਵਾਲੇ ਦਸਤਾਵੇਜ਼ ਜਿੱਥੇ ਕੀਤੇ ਪ੍ਰਦਾਨ/ਪੇਸ਼ ਕੀਤੇ ਹੋਣ, ਉੱਥੇ ਸਬੰਧਿਤ ਅਧਿਕਾਰੀ ਵੱਲੋਂ ਭੌਤਿਕ ਹਸਤਾਖਰਾਂ ਵਾਲੇ ਦਸਤਾਵੇਜ਼ਾਂ ਜਾਂ ਹੋਲੋਗ੍ਰਾਮ ਜਾਂ ਸਟੈਪ ਵਾਲੇ ਦਸਤਾਵੇਜ਼ਾਂ ਦੀ ਮੰਗ ਨਹੀਂ ਕੀਤੀ ਜਾ ਸਕਦੀ । ਉਨ੍ਹਾਂ ਹੋਰ ਦੱਸਿਆ ਕਿ ਸਾਰੇ ਦਸਤਾਵੇਜ਼ ਜਿਨ੍ਹਾਂ ਤੇ ਡਿਜੀਟਲ ਦਸਤਖ਼ਤ ਹੋਣ ਤੇ ਵਿਲੱਖਣ ਆਈ.ਡੀ/ ਸੀਰੀਅਲ ਨੰਬਰ/ ਕਿਊ ਆਰ ਕੋਡ ਪ੍ਰਿੰਟ ਹੋਣੇ ਚਾਹੀਦੇ ਹਨ ਜੋ ਕਿ ਆਨਲਾਈਨ ਤਸਦੀਕ ਕੀਤੇ ਜਾ ਸਕਣ । ਆਨ ਲਾਈਨ ਤਸਦੀਕ ਪ੍ਰਕਿਰਿਆ ਨੂੰ ਦੀ ਪ੍ਰਮਾਣਿਕਤਾ ਨੂੰ ਯਕੀਨੀ ਬਣਾਉਣ ਲਈ ਤਸਦੀਕ ਕਰਨ ਵਾਲੀ ਵੈੱਬਸਾਈਟਾਂ ਜਾਂ ਡੋਮੇਨ ਸਰਕਾਰ ਨੂੰ ਅਲਾਟ ਹੋਏ ਹੋਣ ਅਤੇ ਸਰਕਾਰ ਤੱਕ ਹੀ ਸੀਮਤ ਹੋਣ ਰਾਹੀਂ ਜਾਰੀ ਹੋਣੇ ਚਾਹੀਦੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਅਰਜੀ ਦੇ ਡਿਜੀਟਲ ਸਾਈਨ ਹੋਣ ਤੋਂ ਬਾਅਦ ਪ੍ਰਾਰਥੀ ਆਪਣੇ ਸਰਟੀਫਿਕੇਟ/ਦਸਤਾਵੇਜ਼ ਨੂੰ ਐਸ.ਐਮ.ਐਸ.,ਈ-ਮੇਲ, ਸੇਵਾ ਕੇਂਦਰ ਜਾਂ ਈ-ਸੇਵਾ ਪੋਰਟਲ ਰਾਹੀਂ ਪ੍ਰਾਪਤ ਕਰ ਸਕਦੇ ਹਨ। ਅਰਜ਼ੀ ਦੇ ਡਿਜੀਟਲ ਸਾਈਨ ਹੋਣ ਤੋਂ ਬਾਅਦ ਪ੍ਰਾਰਥੀ ਵੱਲੋਂ ਅਰਜ਼ੀ ਜਮ੍ਹਾਂ ਕਰਵਾਉਣ ਸਮੇਂ ਦਿੱਤੇ ਗਏ ਮੋਬਾਇਲ ਨੰਬਰ ਅਤੇ ਈ-ਮੇਲ `ਤੇ ਸਰਟੀਫਿਕੇਟ/ਦਸਤਾਵੇਜ਼ ਨੂੰ ਡਾਊਨਲੋਡ ਕਰਨ ਸਬੰਧੀ ਐਸ.ਐਮ.ਐਸ. ਰਾਹੀਂ ਵੈੱਬ ਲਿੰਕ ਭੇਜਿਆ ਜਾਵੇਗਾ। ਪ੍ਰਾਰਥੀ ਆਪਣੇ ਸਰਟੀਫਿਕੇਟ/ਦਸਤਾਵੇਜ਼ ਨੂੰ ਪ੍ਰਾਪਤ ਹੋਏ ਲਿੰਕ ਰਾਹੀਂ ਸਿੱਧੇ ਤੌਰ `ਤੇ ਡਾਊਨਲੋਡ ਅਤੇ ਪ੍ਰਿੰਟ ਕਰ ਸਕਦਾ ਹੈ।
ਉਨ੍ਹਾਂ ਹੋਰ ਦੱਸਿਆ ਕਿ ਪ੍ਰਾਰਥੀ ਈ-ਸੇਵਾ ਪੋਰਟਲ `ਤੇ ਮੌਜੂਦ “ਡਾਊਨਲੋਡ ਯੂਅਰ ਸਰਟੀਫਿਕੇਟ” ਦੇ ਆਪਸ਼ਨ ਰਾਹੀਂ ਵੀ ਪ੍ਰਾਰਥੀ ਆਪਣੇ ਸਰਟੀਫਿਕੇਟ/ਦਸਤਾਵੇਜ਼ ਨੂੰ ਡਾਊਨਲੋਡ ਅਤੇ ਪ੍ਰਿੰਟ ਕਰ ਸਕਦਾ ਹੈ ਇਸ ਤੋਂ ਇਲਾਵਾ ਉਹ ਆਪਣੇ ਨਜ਼ਦੀਕੀ ਸੇਵਾ ਕੇਂਦਰ ਤੋਂ ਅਰਜ਼ੀ ਦੀ ਰਸੀਦ ਦਿਖਾ ਕੇ ਸਰਟੀਫਿਕੇਟ/ਦਸਤਾਵੇਜ਼ ਦਾ ਪ੍ਰਿੰਟ ਵੀ ਲੈ ਸਕਦਾ ਹੈ।
