, ਏਡੀਜੀਪੀ ਨੂੰ ਰਿਪੋਟਰ ਦਾਖਲ ਕਰਨ ਦੀ ਹਦਾਇਤ
ਗੁਰਦਾਸਪੁਰ (ਭੰਗੂ) ਕੇਂਦਰੀ ਜੇਲ੍ਹ ਗੁਰਦਾਸਪੁਰ ਵਿਖੇ ਬੀਤੇ 14 ਮਾਰਚ ਨੂੰ ਕੈਦੀਆਂ ਅਤੇ ਸੁਰੱਖਿਆ ਮੁਲਾਜ਼ਮਾਂ ਵਿਚਾਲੇ ਹੋਏ ਹਿੰਸਕ ਟਕਰਾਅ ਦੀ ਵੱਡੀ ਘਟਨਾ ਦਾ ਹੁਣ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਸੂ ਮੋਟੋ ਨੋਟਿਸ (ਆਪਣੇ ਆਪ ਨੋਟਿਸ ਲੈਣਾ) ਲੈ ਲਿਆ ਹੈ। ਕਮਿਸ਼ਨ ਦੇ ਵੱਲੋਂ ਇਸ ਸਬੰਧੀ ਏਡੀਜੀਪੀ (ਜੇਲ੍ਹਾਂ) ਨੂੰ ਨੋਟਿਸ ਜਾਰੀ ਕਰਦਿਆਂ ਅਗਲੀ ਤਰੀਕ ਤੋਂ ਇੱਕ ਹਫਤਾ ਪਹਿਲਾਂ ਆਪਣੀ ਰਿਪੋਰਟ ਦਾਖਲ ਕਰਨ ਦੀ ਹਦਾਇਤ ਕੀਤੀ ਹੈ।ਇਸ ਸਬੰਧੀ ਹੁਕਮ ਕਮਿਸ਼ਨ ਦੇ ਚੇਅਰਪਰਸਨ ਜਸਟਿਸ ਸੰਤ ਪ੍ਰਕਾਸ਼ ਅਤੇ ਮੈਂਬਰ ਜਸਟਿਸ ਨਿਰਮਲ ਜੀਤ ਕੌਰ ਦੇ ਹਸਤਾਖਰਾ ਹੇਠ ਜਾਰੀ ਹੋਏ ਹਨ। ਏਡੀਜੀਪੀ ਨੂੰ ਭੇਜੇ ਨੋਟਿਸ ਵਿੱਚ ਲਿਖਿਆ ਗਿਆ ਹੈ ਕਿ ਕਮਿਸ਼ਨ ਵੱਲੋਂ ਅਖਬਾਰਾਂ ਵਿੱਚ ਜੇਲ੍ਹ ਵਿਖੇ ਵਾਪਰੀ ਘਟਨਾ ਸਬੰਧੀ ਖਬਰਾਂ ਪੜ੍ਹ ਕੇ ਇਸਦਾ ਨੋਟਿਸ ਲਿਆ ਗਿਆ ਹੈ। ਕਮਿਸ਼ਨ ਦੇ ਧਿਆਨ ਵਿੱਚ ਆਇਆ ਕਿ ਜੇਲ੍ਹ ਅੰਦਰ ਕੈਦੀਆਂ ਦੇ ਦੋ ਗੁੱਟ ਆਪਸ ਵਿੱਚ ਭਿੜ ਗਏ ਜਿਸ ਦੌਰਾਨ 4 ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਏ। ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਇਸ ਮਾਮਲੇ ਵਿੱਚ ਅਗਲੀ ਸੁਣਵਾਈ 23 ਮਈ ਨੂੰ ਰੱਖੀ ਗਈ ਹੈ। ਇਹ ਸੁਣਵਾਈ ਡਵੀਜ਼ਨ ਬੈਂਚ ਵੱਲੋਂ ਕੀਤੀ ਜਾਵੇਗੀ। ਏਡੀਜੀਪੀ (ਜੇਲ੍ਹਾਂ) ਨੂੰ ਹਦਾਇਤ ਕੀਤੀ ਗਈ ਹੈ ਕਿ ਉਹ 23 ਮਈ ਤੋਂ ਇੱਕ ਹਫਤਾ ਪਹਿਲਾਂ ਆਪਣੀ ਰਿਪੋਰਟ ਕਮਿਸ਼ਨ ਨੂੰ ਭੇਜਣ ਲਈ ਕਿਹਾ ਗਿਆ ਹੈ।ਜ਼ਿਕਰਯੋਗ ਹੈ ਕਿ 14 ਮਾਰਚ ਦੀ ਸਵੇਰ ਕੇਂਦਰੀ ਜੇਲ੍ਹ ਗੁਰਦਾਸਪੁਰ ਵਿਖੇ ਬੰਦ 3 ਦਰਜਨ ਤੋਂ ਵੱਧ ਕੈਦੀਆਂ ਅਤੇ ਹਵਾਲਾਤੀਆਂ ਵੱਲੋਂ ਪੁਲਿਸ ਮੁਲਾਜ਼ਮਾਂ ਉੱਪਰ ਹਮਲਾ ਕਰ ਦਿੱਤਾ ਗਿਆ। ਕੈਦੀਆਂ ਅਤੇ ਪੁਲਿਸ ਵਿਚਾਲੇ ਇਹ ਹਿੰਸਕ ਟਕਰਾਅ ਕਰੀਬ 7 ਘੰਟੇ ਤੱਕ ਚੱਲਦਾ ਰਿਹਾ। ਹਾਲਾਤ ਇਸ ਕਦਰ ਬੇਕਾਬੂ ਹੋ ਗਏ ਸਨ ਕਿ ਪੰਜ ਜ਼ਿਲ੍ਹਿਆਂ ਤੋਂ ਪੁਲਿਸ ਦਸਤੇ ਮੰਗਵਾਉਣੇ ਪਏ। ਪੁਲਿਸ ਵੱਲੋਂ ਉਨ੍ਹਾਂ ਨੂੰ ਕਾਬੂ ਕਰਨ ਲਈ ਅਥਰੂ ਗੈਸ ਦੇ ਅਨੇਕਾਂ ਗੋਲੇ ਸੁੱਟੇ ਗਏ। ਇਸ ਹੰਗਾਮੇ ਵਿੱਚ 6 ਪੁਲਿਸ ਮੁਲਾਜ਼ਮ ਜ਼ਖਮੀ ਵੀ ਹੋ ਗਏ। ਦੇਰ ਰਾਤ ਏਡੀਜੀਪੀ ਲਾਅ ਐਂਡ ਆਰਡਰ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਜੇਲ੍ਹ ਅੰਦਰ ਕੈਦੀਆਂ ਨੂੰ ਕੁਝ ਸਮੱਸਿਆਵਾਂ ਪੇਸ਼ ਆ ਰਹੀਆਂ ਸਨ ਅਤੇ ਕੁਝ ਜੇਲ੍ਹ ਅਧਿਕਾਰੀਆਂ ਪ੍ਰਤਿ ਉਨ੍ਹਾਂ ਨੂੰ ਸ਼ਿਕਾਇਤਾਂ ਵੀ ਸਨ। ਇਸਦੇ ਚੱਲਦੇ ਕੈਦੀ ਭੜਕ ਪਏ ਅਤੇ ਉਨ੍ਹਾਂ ਨੇ ਹਿੰਸਕ ਰਾਹ ਅਪਨਾਇਆ। ਜ਼ਿਕਰਯੋਗ ਹੈ ਕਿ ਇਸ ਘਟਨਾ ਦੀ ਮੈਜਿਟੇ੍ਰਟੀ ਜਾਂਚ ਚੱਲ ਰਹੀ ਹੈ। ਕੈਦੀਆਂ ਵੱਲੋਂ ਕੀਤੀ ਗਈ ਭੰਨਤੋੜ ਨਾਲ ਜੋ ਵਿੱਤੀ ਨੁਕਸਾਨ ਹੋਇਆ, ਉਸਦਾ ਅਨੁਮਾਨ ਲਗਾਉਣ ਲਈ ਵੀ ਵਿਸ਼ੇਸ਼ ਕਮੇਟੀ ਗਠਿਤ ਕੀਤੀ ਜਾ ਚੁੱਕੀ ਹੈ।
