ਫ਼ਲ, ਮਠਿਆਈਆਂ ਵੰਡ ਕੇ ਪੁੱਛਿਆ ਕੈਦੀਆਂ ਦਾ ਹਾਲ ਚਾਲ
ਮੋਗਾ, 23 ਅਕਤੂਬਰ: ( ਕੁਲਵਿੰਦਰ ਸਿੰਘ) -ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ ਅੱਜ ਦਿਵਾਲੀ ਦੇ ਤਿਉਹਾਰ ਦੀਆਂ ਮੁਕਾਬਰਕਾਂ ਦੇਣ ਲਈ ਸਬ ਜ਼ੇਲ ਮੋਗਾ ਅਤੇ ਕੁਸ਼ਟ ਆਸ਼ਰਮ ਮੋਗਾ ਦਾ ਦੌਰਾ ਕੀਤਾ। ਦੌਰੇ ਦੌਰਾਨ ਡਿਪਟੀ ਕਮਿਸ਼ਨਰ ਨੇ ਕੈਦੀਆਂ ਦਾ ਹਾਲ ਚਾਲ ਜਾਣਿਆਂ, ਕੁਸ਼ਟ ਆਸ਼ਰਮ ਵਿੱਚ ਰਹਿ ਰਹੇ ਵਿਅਕਤੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਦਿਵਾਲੀ ਦੇ ਸ਼ੁੱਭ ਅਵਸਰ ਕਰਕੇ ਫ਼ਲ/ਮਠਿਆਈਆਂ ਭੇਂਟ ਕੀਤੀਆਂ।
ਇਸ ਮੌਕੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ ਦੱਸਿਆ ਕਿ ਆਪਣੇ ਪਰਿਵਾਰਾਂ ਨਾਲ ਦਿਵਾਲੀ ਮਨਾਉਣ ਦੇ ਨਾਲ ਨਾਲ ਇਸ ਅਵਸਰ ਉੱਪਰ ਸਾਨੂੰ ਸਾਰਿਆਂ ਨੂੰ ਗਰੀਬਾਂ, ਲੋੜਵੰਦਾਂ, ਗਊਆਂ, ਬੇਸਹਾਰਾ ਵਿਅਕਤੀਆਂ ਦਾ ਸਹਾਰਾ ਬਣ ਕੇ ਵੀ ਦਿਵਾਲੀ ਦਾ ਤਿਉਹਾਰ ਮਨਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਦਿਵਾਲੀ ਦੇ ਤਿਉਹਾਰ ਦਾ ਸੰਬੰਧ ਭਾਰਤ ਦੇ ਇਤਿਹਾਸਕ ਵਿਰਸੇ ਦੇ ਨਾਲ ਨਾਲ ਧਾਰਮਿਕ ਵਿਰਸੇ ਨਾਲ ਵੀ ਹੈ। ਇਸ ਦਿਨ ਅਯੁਧਿਆ ਦੇ ਰਾਜਾ ਸ੍ਰੀ ਰਾਮ ਚੰਦਰ ਜੀ ਚੌਦਾਂ ਵਰਿਆਂ ਦਾ ਬਨਵਾਸ ਕੱਟ ਕੇ ਅਯੁੱਧਿਆ ਵਿੱਚ ਵਾਪਸ ਆਏ ਸਨ ਇਸੇ ਕਰਕੇ ਅਯੁਧਿਆ ਵਾਸੀਆਂ ਨੇ ਉਨਾਂ ਦੀ ਆਉਣ ਦੀ ਖੁਸ਼ੀ ਵਿੱਚ ਘਿਉ ਦੇ ਦੀਵੇ ਬਾਲੇ ਸਨ। ਜੈਨੀਆਂ ਦੇ ਗੁਰੂ ਮਹਾਂਵੀਰ ਜੀ ਨੂੰ ਇਸ ਦਿਨ ਨਿਰਵਾਨ ਪ੍ਰਾਪਤ ਹੋਇਆ ਸੀ। ਇਸ ਕਰਕੇ ਜੈਨ ਧਰਮ ਦੇ ਲੋਕ ਵੀ ਦਿਵਾਲੀ ਨੂੰ ਧੂਮ ਧਾਮ ਨਾਲ ਮਨਾਉਂਦੇ ਹਨ। ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਤੋਂ 52 ਪਹਾੜੀ ਰਾਜਿਆਂ ਨੂੰ ਛੁਡਵਾਇਆ ਸੀ ਤੇ ਦਿਵਾਲੀ ਵਾਲੇ ਦਿਨ ਉਹ ਹਰਮਿੰਦਰ ਸਾਹਿਬ ਪਹੁੰਚੇ ਸਨ, ਇਸੇ ਕਰਕੇ ਸਿੱਖ ਲੋਕ ਦਿਵਾਲੀ ਨੂੰ ਧੂਮਧਾਮ ਨਾਲ ਮਨਾਉਂਦੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਹਿੰਗੇ ਅਤੇ ਜਿਆਦਾ ਸ਼ੋਰ ਪੈਦਾ ਕਰਨ ਵਾਲੇ ਪਟਾਕਿਆਂ ਦੀ ਜਗਾ ਗਰੀਨ ਦਿਵਾਲੀ ਮਨਾਉਣ ਨੂੰ ਤਰਜੀਹ ਦੇਣੀ ਚਾਹੀਦੀ ਹੈ। ਅੰਤ ਉਨਾਂ ਸਬ ਜੇਲ ਮੋਗਾ ਦੇ ਕੈਦੀਆਂ ਅਤੇ ਕੁਸ਼ਟ ਆਸ਼ਰਮ ਵਿੱਚ ਰਹਿ ਰਹੇ ਵਿਅਕਤੀਆਂ ਨੂੰ ਕਿਹਾ ਕਿ ਉਹ ਰੱਬ ਅੱਗੇ ਅਰਦਾਸ ਕਰਦੇ ਹਨ ਕਿ ਉਨਾਂ ਦੀਆਂ ਸਾਰੀਆਂ ਦਿਵਾਲੀਆਂ ਸੁੱਖੀ ਸਾਂਦੀ ਅਤੇ ਤੰਦਰੁਸਤੀ ਨਾਲ ਬਤੀਤ ਹੋਣ ਅਤੇ ਉਹ ਕਾਮਨਾ ਕਰਦੇ ਹਨ ਉਹ ਜਿੰਦਗੀ ਵਿੱਚ ਹਮੇਸ਼ਾ ਹਸਦੇ ਵਸਦੇ ਰਹਿਣ।
