ਮਾਲੇਰਕੋਟਲਾ 29 ਅਕਤੂਬਰ : ( ਬੌਬੀ ਸਹਿਜਲ, ਧਰਮਿੰਦਰ) -ਕਿਸੇ ਵੀ ਤਰਾਂ ਦੀ ਹਿੰਸਾ ਤੋਂ ਪੀੜਤ ਔਰਤਾਂ ਦੀ ਸਹਾਇਤਾ ਲਈ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸਿਵਲ ਹਸਪਤਾਲ ਮਲੇਰਕੋਟਲਾ ’ਚ ਸਖੀ ਵਨ ਸਟਾਪ ਸੈਂਟਰ ਚਲਾਇਆ ਜਾ ਰਿਹਾ ਹੈ ਜਿੱਥੇ ਪੀੜਤ ਔਰਤਾਂ ਨੂੰ ਡਾਕਟਰੀ ਸਹਾਇਤਾ ਦੇ ਨਾਲ-ਨਾਲ ਪੁਲਿਸ ਤੇ ਕਾਨੂੰਨੀ ਸਹਾਇਤਾ, ਮਾਨਸਿਕ-ਸਮਾਜਿਕ ਸਲਾਹ ਤੇ ਜ਼ਰੂਰਤਮੰਦ ਔਰਤਾਂ ਨੂੰ ਅਸਥਾਈ ਰਿਹਾਇਸ਼ ਵੀ ਪ੍ਰਦਾਨ ਕੀਤੀ ਜਾਂਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫਸਰ ਗਗਨਦੀਪ ਸਿੰਘ ਨੇ ਦੱਸਿਆ ਕਿ ਸਖੀ ਵਨ ਸਟਾਪ ਸੈਂਟਰ ਵੱਲੋਂ ਪੀੜਤ ਔਰਤਾਂ ਦੀ ਜ਼ਿੰਦਗੀ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਦੀ ਕੋਸ਼ਿਸ਼ਾਂ ਕੀਤੀ ਜਾ ਰਹੀ ਹੈ।ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਚਲਾਏ ਜਾ ਰਹੇ ਇਸ ਸੈਂਟਰ ’ਚ ਘਰੇਲੂ ਹਿੰਸਾ ਦੇ ਮਾਮਲਿਆਂ ’ਚ ਪੀੜਤ ਮਹਿਲਾਵਾਂ ਨੂੰ ਮਾਨਸਿਕ ਤੇ ਸਮਾਜਕ ਕੌਂਸਲਿੰਗ ਮੁਹੱਈਆ ਕਰਵਾਈ ਜਾਂਦੀ ਹੈ । ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੇ ਦੱਸਿਆ ਕਿ ਛੇ ਮਹੀਨਿਆਂ ਅੰਦਰ ਸਖੀ ਵਨ ਸਟਾਪ ਸੈਂਟਰ ’ਚ ਰਿਪੋਰਟ ਹੋਏ 32 ਮਾਮਲਿਆਂ ਚ ਲੋੜਵੰਦ ਔਰਤਾਂ ਨੂੰ ਵੱਖ ਵੱਖ ਸੇਵਾਵਾਂ ਮੁਹੱਈਆ ਕਾਰਵਾਈਆਂ ਗਈਆਂ ਹਨ। ਪਹਿਲਾਂ ਮਾਲੇਰਕੋਟਲਾ ਦੇ ਸਾਰੇ ਕੇਸਾਂ ਦੀ ਦੇਖ ਰੇਖ ਸਖੀ ਵਨ ਸਟਾਪ ਸੈਂਟਰ ਸੰਗਰੂਰ ਵੱਲੋਂ ਕੀਤੀ ਜਾਂਦੀ ਸੀ । ਸਖੀ ਵਨ ਸਟਾਪ ਸੈਂਟਰ-ਮਾਲੇਰਕੋਟਲਾ ਬਾਰੇ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਹਰ ਕੋਈ ਸਖੀ ਵਨ ਸਟਾਪ ਸੈਂਟਰ ਦੀਆਂ ਸਹੂਲਤਾਂ ਹਾਸਲ ਕਰ ਸਕੇ। ਇਸ ਤੋਂ ਇਲਾਵਾ ਪੈਰਾ-ਲੀਗਲ ਵਕੀਲਾਂ ਵੱਲੋਂ ਔਰਤਾਂ ਦੀ ਸੁਰੱਖਿਆ ਲਈ ਬਣਾਏ ਗਏ ਕਾਨੂੰਨੀ ਅਧਿਕਾਰਾਂ ਜਿਵੇਂ ਕਿ ਜਿਨਸੀ ਸ਼ੋਸ਼ਣ ਐਕਟ, ਘਰੇਲੂ ਹਿੰਸਾ ਐਕਟ ਆਦਿ ਪ੍ਰਤੀ ਜਾਗਰੂਕ ਕਰਵਾਇਆ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਪੀੜਤ ਔਰਤਾਂ ਐਮਰਜੈਂਸੀ ਹੈਲਪ ਲਾਇਨ ਨੰਬਰ 181, 112 ਜਾਂ 1091 ਨੰਬਰਾਂ ਤੇ ਵੀ ਸੰਪਰਕ ਕਰ ਸਕਦੀਆਂ ਹਨ। ਇਹਨਾਂ ਨੰਬਰਾਂ ਤੇ ਔਰਤਾਂ ਆਪਣੇ ਤੇ ਹੋ ਰਹੀ ਹਿੰਸਾ ਸਬੰਧੀ ਕਿਸੇ ਵੀ ਸਮੇਂ ਸ਼ਿਕਾਇਤ ਦਰਜ ਕਰਵਾ ਸਕਦੀਆਂ ਹਨ ਅਤੇ ਪੀੜਤ ਮਹਿਲਾ ਤੇ ਸ਼ਿਕਾਇਤਕਰਤਾ ਦੀ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ। ਗਗਨਦੀਪ ਸਿੰਘ ਨੇ ਦੱਸਿਆ ਕਿ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਔਰਤਾਂ ਨੂੰ ਢੁਕਵੀਂ ਸਲਾਹ ਦਿੱਤੀ ਜਾਂਦੀ ਹੈ ਅਤੇ ਡਾਕਟਰੀ ਸਹੂਲਤ ਲੋੜ ਪੈਣ ’ਤੇ ਉਨ੍ਹਾਂ ਨੂੰ ਨੇੜੇ ਦੇ ਸਰਕਾਰੀ ਹਸਪਤਾਲ ਰੈਫ਼ਰ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕਾਨੂੰਨੀ ਮਾਮਲਿਆਂ ਵਿੱਚ ਸੈਂਟਰ ਦੇ ਵਕੀਲ ਵੱਲੋਂ ਮੁਫ਼ਤ ਲੀਗਲ ਏਡ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹਿੰਸਾ ਤੋਂ ਇਲਾਵਾ ਪੁਲਿਸ ਸਹਾਇਤਾ ਦੇ ਕੇਸਾਂ ਵਿੱਚ ਸਬੰਧਿਤ ਥਾਣੇ ਨਾਲ ਸੰਪਰਕ ਕਰਕੇ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ। ਮੌਜੂਦਾ ਸਮੇਂ ਸਖੀ ਵਨ ਸਟਾਪ ਸੈਂਟਰ ਸਿਵਲ ਹਸਪਤਾਲ ਮਾਲੇਰਕੋਟਲਾ ਵਿਖੇ ਐਮਰਜੈਂਸੀ ਵਾਰਡ ਵਿੱਚ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਔਰਤਾਂ ਦੀ ਸਹਾਇਤਾ ਲਈ ਸਖੀ ਵਨ ਸਟਾਪ ਸੈਂਟਰ, ਮਾਲੇਰਕੋਟਲਾ ਦੇ ਟੈਲੀਫ਼ੋਨ ਨੰ. 95922-73784 ਅਤੇ 88727-71100 ਪਤਾ-ਐਮਰਜੈਂਸੀ ਬਿਲਡਿੰਗ, ਸਿਵਲ ਹਸਪਤਾਲ, ਮਾਲੇਰਕੋਟਲਾ ਵਿਖੇ ਵੀ ਸੰਪਰਕ ਕੀਤਾ ਜਾ ਸਕਦਾ ਹੈ ।
