ਮੋਗਾ 15 ਨਵੰਬਰ ( ਕੁਲਵਿੰਦਰ ਸਿੰਘ ) : ਪੰਜਾਬ ਸਰਕਾਰ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਜਿੱਥੇ ਮੁਹੱਲਾ ਕਲੀਨਿਕ ਸਥਾਪਤ ਕਰ ਰਹੀ ਹੈ, ਉਥੇ ਮੌਜੂਦਾ ਸਿਹਤ ਢਾਂਚੇ ਨੂੰ ਮਜਬੂਤ ਕਰਨ ਲਈ ਵੀ ਯਤਨ ਕਰ ਰਹੀ ਹੈ ਤੇ ਸਮਾਜ ਸੇਵੀ ਸੰਸਥਾਵਾਂ ਸਿਹਤ ਵਿਭਾਗ ਨੂੰ ਇਸ ਕੰਮ ਵਿੱਚ ਸਹਿਯੋਗ ਕਰ ਰਹੀਆਂ ਹਨ ਕਿਉਂਕਿ ਉਹ ਕੈੰਪ ਲਗਾ ਕੇ ਲੋਕਾਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਸਿਹਤ ਸਹੂਲਤਾਂ ਪ੍ਰਦਾਨ ਕਰ ਰਹੀਆਂ ਹਨ ਅਤੇ ਅੰਨੇਪਣ ਨੂੰ ਰੋਕਣ ਵਿੱਚ ਸਰਕਾਰ ਦੀ ਵੱਡੀ ਮੱਦਦ ਕਰ ਰਹੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਿਲ੍ਹਾ ਸਿਹਤ ਅਫਸਰ ਡਾ ਰੁਪਿੰਦਰ ਕੌਰ ਨੇ ਗੁਰਦੁਆਰਾ ਬਾਬਾ ਖੁਸ਼ਹਾਲ ਸਿੰਘ ਸ਼ਹੀਦ ਗੰਜ ਚੜਿੱਕ ਵਿਖੇ ਪੀਰ ਬਾਬਾ ਨਾਪੂ ਸ਼ਾਹ ਵੈਲਫੇਅਰ ਕਲੱਬ ਅਤੇ ਅਜਾਦ ਸਪੋਰਟਸ ਕਲੱਬ ਚੜਿੱਕ ਵੱਲੋਂ ਰੂਰਲ ਐੱਨ ਜੀ ਓ ਮੋਗਾ ਦੇ ਸਹਿਯੋਗ ਨਾਲ ਲਗਾਏ ਗਏ 101ਵੇਂ ਅੱਖਾਂ ਦੇ ਮੁਫਤ ਜਾਂਚ ਅਤੇ ਲੈਂਜ ਕੈਂਪ ਦਾ ਉਦਘਾਟਨ ਕਰਨ ਮੌਕੇ ਕੀਤਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਹਾਜਰ ਰੂਰਲ ਐਨ ਜੀ ਓ ਮੋਗਾ ਚੀਫ ਪੈਟਰਨ ਮਹਿੰਦਰ ਪਾਲ ਲੂੰਬਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮੈਨੂੰ ਮਾਣ ਹੈ ਕਿ ਮੈਂ ਪਿਛਲੇ 19 ਸਾਲ ਤੋਂ ਰੂਰਲ ਐਨ ਜੀ ਓ ਮੋਗਾ ਦਾ ਮੈਂਬਰ ਬਣ ਕੇ ਲੋਕਾਂ ਦੀ ਸੇਵਾ ਵਿੱਚ ਹਿੱਸਾ ਪਾਇਆ ਹੈ। ਉਨ੍ਹਾਂ ਦੋਹਾਂ ਸੰਸਥਾਵਾਂ ਨੂੰ ਸਫਲ ਕੈਂਪ ਦਾ ਆਯੋਜਨ ਕਰਨ ਲਈ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਉਪਰਾਲੇ ਤੇਜ ਕਰਨ ਦੀ ਜਰੂਰਤ ਹੈ। ਇਸ ਕੈਂਪ ਵਿੱਚ ਜਗਦੰਬਾ ਆਈ ਹਸਪਤਾਲ ਬਾਘਾ ਪੁਰਾਣਾ ਦੀ ਟੀਮ ਵੱਲੋਂ ਡਾ ਵਿਸ਼ਾਲ ਬਰਾੜ ਅਤੇ ਡਾ ਨਮੋ ਦਿਵੇਦੀ ਦੀ ਅਗਵਾਈ ਵਿੱਚ ਮਰੀਜ਼ਾਂ ਦਾ ਚੈਕਅੱਪ ਕਰਕੇ ਉਨ੍ਹਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਅਤੇ 40 ਮਰੀਜ਼ਾਂ ਦੀ ਮੋਤੀਆਬਿੰਦ ਅਪ੍ਰੇਸ਼ਨ ਲਈ ਚੋਣ ਕੀਤੀ, ਜਿਨ੍ਹਾਂ ਦੇ ਜਗਦੰਬਾ ਹਸਪਤਾਲ ਬਾਘਾ ਪੁਰਾਣਾ ਵਿਖੇ ਅਪ੍ਰੇਸ਼ਨ ਕੀਤੇ ਗਏ ਹਨ। ਇਸ ਮੌਕੇ ਰੂਰਲ ਐਨ ਜੀ ਓ ਮੋਗਾ ਦੇ ਪ੍ਰਧਾਨ ਹਰਭਿੰਦਰ ਸਿੰਘ ਜਾਨੀਆਂ ਨੇ ਦੱਸਿਆ ਕਿ ਸੰਸਥਾ ਵੱਲੋਂ ਇਸ ਸਾਲ ਵਿੱਚ ਇਹ 11ਵਾਂ ਅਤੇ ਕੁੱਲ 101ਵਾਂ ਕੈਂਪ ਹੈ। ਉਨ੍ਹਾਂ ਦੱਸਿਆ ਕਿ ਅੱਗੇ ਵੀ ਕੈੰਪਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ। ਇਸ ਮੌਕੇ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਮਥਾਣਾ ਅਤੇ ਕਲੱਬ ਪ੍ਰਧਾਨ ਅਕਬਰ ਚੜਿੱਕ ਨੇ ਰੂਰਲ ਐਨ ਜੀ ਓ ਮੋਗਾ ਅਤੇ ਸਾਰੇ ਸਹਿਯੋਗੀ ਸੱਜਣਾਂ ਅਤੇ ਆਈਆਂ ਹੋਈਆਂ ਸਖਸ਼ੀਅਤਾਂ ਦਾ ਕੈਂਪ ਦਾ ਆਯੋਜਨ ਕਰਨ ਅਤੇ ਇਸ ਨੂੰ ਸਫਲ ਬਣਾਉਣ ਲਈ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਵਿਸ਼ੇਸ਼ ਸਹਿਯੋਗ ਲਈ ਮਾ ਪੂਰਨ ਸਿੰਘ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਉਕਤ ਤੋਂ ਇਲਾਵਾ ਸਮਾਜ ਸੇਵੀ ਗੁਰਸੇਵਕ ਸਿੰਘ ਸੰਨਿਆਸੀ, ਸੁਖਦੇਵ ਸਿੰਘ ਬਰਾੜ, ਜਿਲ੍ਹਾ ਪ੍ਰੈਸ ਸਕੱਤਰ ਭਵਨਦੀਪ ਪੁਰਬਾ ਤੋਂ ਇਲਾਵਾ ਡਾ ਅਕਬਰ, ਡਾ ਸ਼ਿਵ, ਪੱਪਾ ਗਰੇਵਾਲ, ਰਾਣਾ ਮਾਣਕ, ਸੀਰਤ ਸਿੰਘ, ਮਨਪ੍ਰੀਤ ਸਿੰਘ, ਰਾਮ ਸਿੰਘ, ਅਮਨ ਜੌਹਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ ਅਤੇ ਮਰੀਜ ਹਾਜਰ ਸਨ।
