– ਤਿੰਨ ਰੋਜ਼ਾ ਖੇਡਾਂ ਵਿੱਚ 1200 ਖਿਡਾਰੀਆਂ ਦੇ ਕਰਵਾਏ ਜਾਣਗੇ ਵੱਖ-ਵੱਖ ਮੁਕਾਬਲੇ
ਫ਼ਤਹਿਗੜ੍ਹ ਸਾਹਿਬ, 16 ਨਵੰਬਰ: ( ਵਿਕਾਸ ਮਠਾੜੂ, ਮੋਹਿਤ ਜੈਨ) -ਖੇਡਾਂ ਮਨੁੱਖੀ ਜੀਵਨ ਦਾ ਅਨਿਖੜਵਾਂ ਅੰਗ ਹਨ ਅਤੇ ਖੇਡਾਂ ਨਾਲ ਜੁੜ ਕੇ ਹੀ ਸਾਡੇ ਬੱਚਿਆਂ ਨੂੰ ਸਮਾਜਿਕ ਲਾਹਣਤਾਂ ਤੋਂ ਦੂਰ ਰੱਖਿਆ ਜਾ ਸਕਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਖੇਡੋ ਪੰਜਾਬ ਵਧੋ ਪੰਜਾਬ ਅਧੀਨ ਸਿੱਖਿਆ ਵਿਭਾਗ ਵੱਲੋਂ ਖੇਡ ਸਟੇਡੀਅਮ ਸਰਹਿੰਦ ਵਿਖੇ ਕਰਵਾਈਆਂ ਜਾ ਰਹੀਆਂ ਜ਼ਿਲ੍ਹਾ ਪੱਧਰੀ ਐਲੀਮੈਂਟਰੀ ਖੇਡਾਂ ਦਾ ਉਦਘਾਟਨ ਕਰਨ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਲਈ ਖੇਡਾਂ ਅਤਿ ਜਰੂਰੀ ਹਨ ਕਿਉਂਕਿ ਖੇਡਾਂ ਨਾਲ ਜੁੜ ਕੇ ਜਿਥੇ ਵਿਦਿਆਰਥੀ ਅਨੁਸ਼ਾਸ਼ਨ ਵਿੱਚ ਰਹਿਣਾ ਸਿੱਖਦੇ ਹਨ ਉਥੇ ਹੀ ਉਨ੍ਹਾਂ ਅੰਦਰ ਇੱਕ ਦੂਜੇ ਨਾਲ ਰਲ ਮਿਲ ਕੇ ਖੇਡਣ ਦੀ ਭਾਵਨਾਂ ਵੀ ਪੈਦਾ ਹੁੰਦੀ ਹੈ ਅਤੇ ਉਨ੍ਹਾਂ ਅੰਦਰ ਲੀਡਰਸ਼ਿਪ ਦੀ ਕੁਆਲਿਟੀ ਵੀ ਮਜਬੂਤ ਹੁੰਦੀ ਹੈ।ਡਿਪਟੀ ਕਮਿਸ਼ਨਰ ਨੇ ਅਧਿਆਪਕਾਂ ਨੂੰ ਸੱਦਾ ਦਿੱਤਾ ਕਿ ਅੱਜ ਜਦੋਂ ਸਾਡੇ ਬੱਚੇ ਇੰਟਰਨੈਟ ਨਾਲ ਜੁੜ ਕੇ ਸ਼ੋਸ਼ਲ ਮੀਡੀਆ ਉਤੇ ਜਿਆਦਾ ਰੁਝੇ ਰਹਿੰਦੇ ਹਨ ਉਸ ਸਮੇਂ ਵਿੱਚ ਲੋੜ ਹੈ ਕਿ ਬੱਚਿਆਂ ਨੂੰ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਖੇਡਾਂ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ ਤਾਂ ਜੋ ਸਾਡੇ ਬੱਚੇ ਜੋ ਕਿ ਆਉਣ ਵਾਲੇ ਕੱਲ ਦੇ ਲੀਡਰ ਹੋ ਸਕਦੇ ਹਨ, ਸਹੀ ਰਾਹ ਤੇ ਚੱਲ ਕੇ ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾ ਸਕਣ। ਉਨ੍ਹਾਂ ਵਿਦਿਆਰਥੀਆਂ ਨੂੰ ਵੀ ਕਿਹਾ ਕਿ ਸਿੱਖਿਆ ਦੇ ਨਾਲ-ਨਾਲ ਖੇਡਾਂ ਨਾਲ ਜੁੜਨਾਂ ਵੀ ਅਤਿ ਜਰੂਰੀ ਹੈ ਇਸ ਲਈ ਰੋਜ਼ਾਨਾਂ ਦੀਆਂ ਗਤੀਵਿਧੀਆਂ ਵਿੱਚ ਖੇਡਾਂ ਨੂੰ ਜਰੂਰ ਸ਼ਾਮਲ ਕਰੋ ਤਾਂ ਜੋ ਉਹ ਸਰੀਰਕ ਤੇ ਮਾਨਸਿਕ ਤੌਰ ਤੇ ਮਜਬੂਤ ਹੋ ਸਕਣ।
ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਹੋਰ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਅੰਦਰ ਖੇਡ ਸੱਭਿਆਚਾਰ ਪੈਦਾ ਕਰਨ ਅਤੇ ਖਿਡਾਰੀਆਂ ਦੀ ਪ੍ਰਤਿਭਾ ਨੂੰ ਉਜਾਗਰ ਕਰਨ ਲਈ ਪਹਿਲਾਂ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਗਈਆਂ ਸਨ ਅਤੇ ਹੁਣ ਪ੍ਰਾਇਮਰੀ ਸਕੂਲਾਂ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ਕਰਵਾਈਆ ਜਾ ਰਹੀਆਂ ਹਨ ਜਿਸ ਨਾਲ ਸਾਡੇ ਖੇਡ ਮੈਦਾਨਾਂ ਵਿੱਚ ਮੁੜ ਤੋਂ ਨੌਜਵਾਨਾਂ ਦੀ ਸ਼ਮੂਲੀਅਤ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਮਾਜ ਅੰਦਰ ਫੈਲ ਰਹੀਆਂ ਸਮਾਜਿਕ ਕੁਰੀਤੀਆਂ ਦਾ ਖਾਤਮਾ ਖੇਡਾਂ ਨਾਲ ਜੁੜ ਕੇ ਹੀ ਕੀਤਾ ਜਾ ਸਕਦਾ ਹੈ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਸ਼੍ਰੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਜ਼ਿਲ੍ਹੇ ਦੇ ਪ੍ਰਾਇਮਰੀ ਸਕੂਲਾਂ ਦੇ 1200 ਖਿਡਾਰੀ ਭਾਗ ਲੈ ਰਹੇ ਹਨ ਜਿਨ੍ਹਾਂ ਦੇ 23 ਤਰ੍ਹਾਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਤਿਆਰ ਕਰਨ ਲਈ ਅਧਿਆਪਕਾਂ ਨੇ ਜੋ ਸਮਰਪਣ ਦੀ ਭਾਵਨਾਂ ਨਾਲ ਆਪਣੇ ਫਰਜ਼ਾਂ ਦੀ ਪੂਰਤੀ ਕੀਤੀ ਹੈ ਉਹ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰੀ ਖੇਡਾਂ ਦੇ ਜੇਤੂ ਰਾਜ ਪੱਧਰੀ ਖੇਡਾਂ ਵਿੱਚ ਭਾਗ ਲੈਣਗੇ। ਇਸ ਮੌਕੇ ਵਿਦਿਆਰਥੀਆਂ ਨੇ ਮਾਰਚ ਪਾਸਟ ਕੀਤਾ ਅਤੇ ਅਨੁਸ਼ਾਸ਼ਨ ਵਿੱਚ ਰਹਿ ਕੇ ਖੇਡਣ ਦਾ ਪ੍ਰਣ ਵੀ ਲਿਆ। ਇਸ ਤੋਂ ਇਲਾਵਾ ਵਿਦਿਆਰਥਣਾਂ ਨੇ ਸ਼ਾਨਦਾਰ ਗਿੱਧਾ ਵੀ ਪੇਸ਼ ਕੀਤਾ।ਪਹਿਲੇ ਦਿਨ ਦੇ ਨਤੀਜੇ ਇਸ ਪ੍ਰਕਾਰ ਰਹੇ : ਲੜਕਿਆਂ ਦੀ 100 ਮੀਟਰ ਦੌੜ ਵਿੱਚ ਲੇਬਰ ਕਲੌਨੀ ਦਾ ਰਿਸ਼ੀ ਪਹਿਲੇ, ਪਵਾਲਾ ਦਾ ਏਕਮਜੀਤ ਦੂਜ਼ੇ ਅਤੇ ਫਰੋਰ ਦਾ ਪ੍ਰਿੰਸ ਤੀਜੇ ਸਥਾਨ ਤੇ ਰਿਹਾ। ਜਦੋਂ ਕਿ ਲੜਕੀਆਂ ਦੀ 100 ਮੀਟਰ ਦੌੜ ਵਿੱਚ ਜੱਲੋਵਾਲ ਦੀ ਗੁਰਨੂਰ ਪਹਿਲੇ, ਟਿੱਬੀ ਅਮਲੋਹ ਦੀ ਸਹਿਨਦੀਪ ਦੂਜ਼ੇ ਅਤੇ ਰਾਮਗੜ੍ਹ ਦੀ ਸਹਿਜਪ੍ਰੀਤ ਕੌਰ ਤੀਜੇ ਸਥਾਨ ਤੇ ਰਹੀ। ਇਸੇ ਤਰ੍ਹਾਂ ਲੜਕਿਆਂ ਦੀ 200 ਮੀਟਰ ਦੌੜ ਵਿੱਚ ਲੇਬਰ ਕਲੌਨੀ ਦਾ ਰਾਹੁਲ ਪਹਿਲੇ, ਘੁੰਮਡਗੜ੍ਹ ਦਾ ਪਰਮਜੀਤ ਸਿੰਘ ਦੂਜ਼ੇ ਅਤੇ ਫਰੌਰ ਦਾ ਅਰਸ਼ਦੀਪ ਸਿੰਘ ਤੀਜੇ ਸਥਾਨ ਤੇ ਰਿਹਾ। ਲੜਕੀਆਂ ਦੀ 200 ਮੀਟਰ ਦੌੜ ਵਿੱਚ ਖਾਲਸਪੁਰ ਦੀ ਮੰਨਤ ਪਹਿਲੇ, ਭਮਾਰਸੀ ਦੀ ਨੀਲਮ ਦੂਜ਼ੇ ਅਤੇ ਰੈਲੋਂ ਦੀ ਰਮਨਦੀਪ ਤੀਜੇ ਸਥਾਨ ਤੇ ਰਹੀ। ਲੜਕਿਆਂ ਦੀ 400 ਮੀਟਰ ਦੌੜ ਵਿੱਚ ਡੰਘੇੜੀ ਦਾ ਹੁਸੈਨ ਮੁਹੰਮਦ ਪਹਿਲੇ, ਨਿਊਆਂ ਦਾ ਮੁਹੰਮਦ ਉਜੈਨ ਦੂਜੇ ਅਤੇ ਬ੍ਰਾਹਮਣ ਮਾਜਰਾ ਦਾ ਵਿਸ਼ਾਲ ਤੀਜੇ ਸਥਾਨ ਤੇ ਰਿਹਾ। ਲੜਕੀਆਂ ਦੀ 400 ਮੀਟਰ ਦੌੜ ਵਿੱਚ ਜੱਲੋਵਾਲ ਦੀ ਗੁਰਨੂਰ ਕੌਰ ਪਹਿਲੇ, ਬਸੀ-2 ਦੀ ਆਸ਼ੂ ਕੁਮਾਰੀ ਦੂਜ਼ੇ ਅਤੇ ਖਮਾਣੋਂ ਕਮਲੀ ਦੀ ਸੁਹਾਨੀ ਤੀਜੇ ਸਥਾਨ ਤੇ ਰਹੀ।ਲੜਕਿਆਂ ਦੇ ਰੱਸੀ ਟੱਪਣ ਦੇ ਸਿੱਧੀ ਰੱਸੀ ਮੁਕਾਬਲੇ ਵਿੱਚ ਤਰਖਾਣ ਮਾਜਰਾ ਦਾ ਏਕਮ ਪਹਿਲੇ, ਜਖਵਾਲੀ ਦਾ ਸੂਰਜ ਦੂਜ਼ੇ ਅਤੇ ਖਮਾਣੋਂ ਦਾ ਸਾਹਿਬਜੋਤ ਸਿੰਘ ਤੇ ਮੰਡੀ ਗੋਬਿੰਦਗੜ੍ਹ ਦਾ ਏਕਮਪ੍ਰੀਤ ਸਿੰਘ ਤੀਜੇ ਸਥਾਨ ਤੇ ਰਹੇ। ਲੜਕੀਆਂ ਦੇ ਸਿੱਧੀ ਰੱਸੀ ਮੁਕਾਬਲੇ ਵਿੱਚ ਤਰਖਾਣ ਮਾਜਰਾ ਦੀ ਗੁਰਲੀਨ ਕੌਰ ਪਹਿਲੇ ਅਤੇ ਮੰਡੀ ਗੋਬਿੰਦਗੜ੍ਹ ਦੀ ਚਾਂਦਨੀ ਦੂਜ਼ੇ ਸਥਾਨ ਤੇ ਰਹੀ।
