ਪੱਤਰਕਾਰੀ ਖੇਤਰ ਵਿਚ ਛੁਪੀਆਂ ਕਾਲੀਆਂ ਭੇਡਾਂ ਨੂੰ ਲਾਂਭੇ ਕਰਨ ਦਾ ਪ੍ਰਣ ਹੀ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸੱਚੀ ਸ਼ਰਧਾਂਜਲੀ
ਦੇਸ਼ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ 16 ਨਵੰਬਰ ਮਨਾਇਆ ਜਾਂਦਾ ਹੈ। ਇਸ ਦਿਨ ਜਿੱਥੇ ਪੂਰਾ ਦੇਸ਼ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਆਜ਼ਾਦੀ ਘੁਲਾਟੀਏ ਹੋਣ ਦੇ ਨਾਂ ਨਾਲ ਯਾਦ ਕਰਦਾ ਹੈ ਉਥੇ ਪੱਤਰਕਾਰ ਭਾਈਚਾਰਾ ਇਸ ਮਹਾਨ ਸ਼ਹੀਦ ਨੂੰ ਪੰਜਾਬੀ ਭਾਸ਼ਾ ਦੇ ਗਦਰ ਅਖਬਾਰ ਦੇ ਛੋਟੀ ਉਮਰ ਦੇ ਸੰਪਾਦਕ ਅਤੇ ਪੱਤਰਕਾਰ ਵਜੋਂ ਯਾਦ ਕਰਦਾ ਹੈ ਅਤੇ ਇਸ ਮਹਾਨ ਸ਼ਹੀਦ ਨੂੰ ਪੰਜਾਬੀ ਪੱਤਰਕਾਰੀ ਦੀ ਪਿਤਾਮਾ ਵੀ ਮੰਨਿਆ ਜਾਂਦਾ ਹੈ। ਕਰਤਾਰ ਸਿੰਘ ਸਰਾਭਾ ਦੀ ਸ਼ਹਾਦਤ ਨੂੰ ਪੱਤਰਕਾਰ ਭਾਈਚਾਰਾ ਪ੍ਰੈਸ ਦਿਵਸ ਵਜੋਂ ਮਨਾਉਂਦਾ ਹੈ। ਜਿਸ ਤਰ੍ਹਾਂ ਰਾਜਨੀਤਿਕ ਲੋਕਾਂ ਵਲੋਂ ਸ਼ਹੀਦਾਂ ਨੂੰ ਯਾਦ ਕਰਨ ਲਈ ਸਿਰਫ਼ ਇੱਕ ਦਿਨ ਉਨ੍ਹਾਂ ਦੇ ਬੁੱਤਾਂ ’ਤੇ ਫੁੱਲ ਭੇਟ ਕੀਤੇ ਜਾਂਦੇ ਹਨ ਅਤੇ ਫਿਰ 364 ਦਿਨ ਉਨ੍ਹਾਂ ਨੂੰ ਕਦੇ ਵੀ ਸ਼ਹੀਦਾਂ ਯਾਦ ਨਹੀਂ ਆਉਂਦੀ। ਉਸ ਦਿਨ ਸ਼ਹੀਦਾਂ ਲਈ ਸਟੇਜਾਂ ਤੇ ਭਾਵੁਕ ਭਾਸ਼ਣ ਹੁੰਦੇ ਹਨ, ਬੜੇ ਵੱਡੇ ਵੱਡੇ ਦਾਅਵੇ ਅਤੇ ਵਾਅਦੇ ਕੀਤੇ ਜਾਂਦੇ ਹਨ ਜੋ ਸਿਰਫ ਅਖਬਾਰੀ ਸੁਰਖੀਆਂ ਤੱਕ ਸੀਮਤ ਰਹਿੰਦੇ ਹਨ। ਇਸੇ ਤਰ੍ਹਾਂ ਪੱਤਰਕਾਰ ਭਾਈਚਾਰਾ ਵੀ ਇਸ ਮਹਾਨ ਸ਼ਹੀਦ ਦੇ ਸ਼ਹੀਦੀ ਦਿਨ ਪ੍ਰੈਸ ਦਿਵਸ ਮਨਾ ਕੇ ਸੁਰਖਰੂ ਹੋ ਜਾਦਾ ਹੈ। ਪ੍ਰੈੱਸ ਨੂੰ ਲੋਕਤੰਤਰ ਦਾ ਚੌਥਾ ਥੰਮ ਮੰਨਿਆ ਜਾਂਦਾ ਹੈ। ਇਸ ਥੰਮ ਦੀ ਬਹੁਤ ਮਹੱਤਤਾ ਰਹੀ ਹੈ ਅਤੇ ਸਮੇਂ-ਸਮੇਂ ’ਤੇ ਪ੍ਰੈੱਸ ਦੇਸ਼ਹਿੱਤ ’ਚ ਆਪਣਾ ਫਰਜ਼ ਨਿਭਾਉਂਦੀ ਰਹੀ ਹੈ। ਜਿਸ ਤਰ੍ਹਾਂ ਹੋਰਨਾ ਖੇਤਰਾਂ ਵਿਚ ਗਲਤ ਅਨਸਰ ਘੁਸਪੈਠ ਕਰ ਜਾਂਦੇ ਹਨ ਉਸੇ ਤਰ੍ਹਾਂ ਇਸ ਸਮੇਂ ਪੱਤਰਕਾਰੀ ਖੇਤਰ ਵਿਚ ਵੀ ਗਲਤ ਅਨਸਰ ਵੱਡੀ ਸੰਖਿਆ ਵਿਚ ਘੁਸਪੈਠ ਕਰ ਚੁੱਕੇ ਹਨ। ਜਿੰਨ੍ਹਾਂ ਨੂੰ ਪੱਤਰਕਾਰੀ ਦੀ ਏ ਬੀ ਸੀ ਵੀ ਨਹੀਂ ਆਉਂਦੀ ਉਨ੍ਹਾਂ ਨੂੰ ਵੀ ਵੱਡੇ ਅਦਾਰੇ ਆਪਣੇ ਕਾਰਡ ਸਿਰਫ ਪੈਸੇ ਦੇ ਲਾਲਚ ਵਿਚ ਪਕੜਾ ਰਹੇ ਹਨ। ਪੱਤਰਕਾਰੀ ਭਾਸ਼ਾ ਵਿਚ ਉਨ੍ਹਾਂ ਲੋਕਾਂ ਨੂੰ ਪੀਲੀ ਪੱਤਰਕਾਰੀ ਕਰਨ ਵਾਲੀਆਂ ਕਾਲੀਆਂ ਭੇਡਾਂ ਕਿਹਾ ਜਾਦਾ ਹੈ। ਇਨ੍ਹਾਂ ਕਾਲੀਆਂ ਭੇਡਾਂ ਦੀ ਮੌਜੂਦਾ ਸਮੇਂ ਵਿਚ ਹਰ ਪਾਸੇ ਭਰਮਾਰ ਹੋ ਚੁੱਕੀ ਹੈ। ਜੋ ਬਲੈਕਮੇਲਰ, ਭ੍ਰਿਸ਼ਟਾਚਾਰੀ ਅਤੇ ਕ੍ਰਿੰਮਿਨਲ ਲੋਕ ਪੱਤਰਕਾਰੀ ਨੂੰ ਇੱਕ ਵੱਡੇ ਧੰਦੇ ਵਜੋਂ ਦੇਖਦੇ ਹਨ। ਅਖਬਾਰੀ ਅਦਾਰੇ ਸਭ ਕੁਝ ਅਸਲੀਅਤ ਨੂੰ ਜਾਣਦੇ ਹੋਏ ਵੀ ਅੱਖਾਂ ਮੀਚ ਕੇ ਰੱਖਦੇ ਹਨ ਕਿਉਂਕਿ ਉਹ ਕਾਲੀਆਂ ਭੇਡਾਂ ਉਨ੍ਹੰ ਨੂੰ ਮੋਟੀ ਕਮਾਈ ਦਾ ਸਾਧਨ ਹਨ। ਪੱਤਰਕਾਰੀ ਦੀ ਆੜ ਵਿਚ ਲੋਕਾਂ ਨੂੰ ਬਲੈਕਮੇਲ ਕਰਦੇ ਹਨ ਅਤੇ ਉਸ ਲੁੱਟ ਦਾ ਕੁਝ ਹਿੱਸਾ ਆਪਣੇ ਮਾਲਕਾਂ ਅਤੇ ਉਨ੍ਹਾਂ ਦੇ ਚਮਚਿਆਂ ਤੱਕ ਪਹੁੰਚਾਉਂਦੇ ਹਨ ਤਾਂ ਜੋ ਉਹ ਸੁਰੱਖਿਅਤ ਰਹਿ ਸਕਣ। ਅਜਿਹੇ ਲੋਕ ਪੱਤਰਕਾਰੀ ਦੇ ਨਾਮ ਤੇ ਇਕ ਕਾਲਾ ਧੱਬਾ ਹਨ। ਜੋ ਹਰ ਇੱਕ ਨੂੰ ਸ਼ਰਮਸਾਰ ਕਰਦੇ ਹਨ। ਪੱਤਰਕਾਰ ਭਾਈਚਾਰਾ ਜਦੋਂ ਪ੍ਰੈਸ ਦਿਵਸ ਮਨਾਉਂਦਾ ਹੈ ਤਾਂ ਉਸਨੂੰ ਇਕ ਵਾਰ ਇਨ੍ਹਾਂ ਵੱਲ ਦੇਖਦੇ ਹੋਏ ਸਵੈਪੜਚੋਲ ਜਰੂਰ ਕਰਨੀ ਚਾਹੀਦੀ ਹੈ ਅਤੇ ਇਨ੍ਹਾਂ ਕਾਲੀਆਂ ਭੇਡਾਂ ਨੂੰ ਨੰਗੇ ਕਰਨਾ ਅਤੇ ਇਸ ਖੇਤਰ ਵਿਚੋਂ ਬਾਹਰ ਕਰਨ ਲਈ ਉਨ੍ਹਾਂ ਨੂੰ ਅਲੱਗ ਥਲੱਗ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ। ਇਹੀ ਉਸ ਮਹਾਨ ਸ਼ਹੀਦ ਨੂੰ ਸੱਚੀ ਸ਼ਰਧਾਂਜ਼ਲੀ ਹੋ ਸਕਦੀ ਹੈ। ਅਜਿਹਾ ਨਹੀਂ ਹੈ ਕਿ ਪੱਤਰਕਾਰੀ ਦੇ ਨਾਂ ’ਤੇ ਕਾਲਾ ਧੱਬਾ ਬਣ ਚੁੱਕੇ ਉਨ੍ਹਾਂ ਲੋਕਾਂ ਤੋਂ ਪੱਤਰਕਾਰ ਭਾਈਚਾਰਾ ਵਾਕਿਫ਼ ਨਹੀਂ ਹੈ, ਪਰ ਆਮ ਤੌਰ ਤੇ ਸਭ ਕੁਝ ਪਤਾ ਹੁੰਦੇ ਹੋਏ ਵੀ ਪੱਤਰਕਾਰ ਭਾਈਚਾਰਾ ਉਨ੍ਹਾਂ ਦੀ ਪਿੱਠ ਥਪਥਪਾਉਂਦਾ ਹੈ। ਪੱਤਰਕਾਰ ਭਾਈਚਾਰੇ ਵਿੱਚ ਛੁਪੀਆਂ ਹੋਈਆਂ ਕਾਲੀਆਂ ਭੇਡਾਂ ਨੂੰ ਬਾਹਰ ਕੱਢਣ ਲਈ ਪੱਤਰਕਾਰਾਂ ਨੂੰ ਇੱਕਜੁੱਟ ਹੋਣਾ ਚਾਹੀਦਾ ਹੈ। ਸ਼ਹੀਦ ਕਰਤਾਰ ਸਿੰਘ ਸਰਾਭਾ ਮਹਾਨ ਯੋਧੇ ਨੂੰ ਬਾਲ ਉਮਰ ਵਿਚ ਹੀ ਸ਼ਹੀਦੀ ਦਾ ਜਾਮ ਪੀਂਣ ਸਮੇਂ ਇੱਕ ਖੁਸ਼ਹਾਲ ਅਤੇ ਭ੍ਰਿਸ਼ਟਾਚਾਰ ਮੁਕਤ ਦੇਸ਼ ਦਾ ਸੁਪਨਾ ਲਿਆ ਸੀ ਅਤੇ ਉਨ੍ਹਾਂ ਛੋਟੀ ਉਮਰ ਵਿਚ ਹੀ ਪੱਤਰਕਾਰੀ ਵਰਗਾ ਖੇਤਰ ਚੁਣ ਕੇ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜੀ। ਇਸ ਲਈ ਉਸ ਮਹਾਨ ਸ਼ਹੀਦ ਅਤੇ ਕਲਮ ਦੇ ਯੋਧੇ ਨੂੰ ਯਾਦ ਕਰਦਿਆਂ ਇਸ ਪਵਿੱਤਰ ਕਿੱਤੇ ਨੂੰ ਬਦਨਾਮ ਕਰ ਰਹੀਆਂ ਕਾਲੀਆਂ ਭੇਡਾਂ ਨੂੰ ਇਸ ਖੇਤਰ ਤੋਂ ਦੂਰ ਕਰਨਾ ਹੀ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸੱਚੀ ਸ਼ਰਧਾਂਜਲੀ ਹੈ। ਜੇਕਰ ਪੱਤਰਕਾਰ ਭਾਈਚਾਰਾ ਇਸ ਅਸਲੀਅਤ ਤੋਂ ਮੂੰਹ ਮੋੜ ਕੇ ਆਪਣਾ ਫਰਜ ਇਸ ਪਾਸੇ ਅਦਾ ਨਹੀਂ ਕਰ ਸਕਦਾ ਤਾਂ ਰਾਜਨੀਤਿਕ ਲੀਡਰਾਂ ਵਾਂਗ ਸਿਰਫ ਇਕ ਦਿਨ ਸ਼ਹੀਦਾਂ ਨੂੰ ਫੁੱਲ ਮਾਲਾਵਾਂ ਭੇਂਟ ਕਰਨ ਦੀ ਕੋਈ ਤੁੱਕ ਨਹੀਂ ਬਣਦੀ।
ਹਰਵਿੰਦਰ ਸਿੰਘ ਸੱਗੂ ।