ਫ਼ਤਹਿਗੜ੍ਹ ਸਾਹਿਬ, 17 ਨਵੰਬਰ:( ਵਿਕਾਸ ਮਠਾੜੂ, ਦੀਪਕ ਗੁੰਬਰ) -ਡੇਅਰੀ ਵਿਕਾਸ ਵਿਭਾਗ ਵੱਲੋਂ ਖੇੜਾ ਬਲਾਕ ਦੇ ਪਿੰਡ ਰਜਿੰਦਰਗੜ੍ਹ ਵਿਖੇ ਇੱਕ ਰੋਜ਼ਾ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿੱਚ ਦੁੱਧ ਉਤਪਾਦਕਾਂ ਨੂੰ ਵੱਖ-ਵੱਖ ਵਿਸ਼ਾ ਮਾਹਰਾਂ ਨੇ ਸੰਬੋਧਨ ਕੀਤਾ। ਇਸ ਮੌਕੇ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਸ਼੍ਰੀ ਵਿਨੀਤ ਕੌੜਾ ਨੇ ਕਿਸਾਨਾਂ ਨੂੰ ਸਹਾਇਕ ਧੰਦੇ ਅਪਣਾਉਣ ਬਾਰੇ ਪ੍ਰੇਰਤ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਅੰਦਰ ਖੇਤੀਬਾੜੀ ਲਾਹੇਵੰਦ ਨਹੀਂ ਰਹੀ ਜਿਸ ਕਾਰਨ ਕਿਸਾਨਾਂ ਨੂੰ ਆਰਥਿਕ ਤੌਰ ਤੇ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਹਾਇਕ ਧੰਦੇ ਅਪਣਾਉਣ ਲਈ ਤਰਜ਼ੀਹ ਦੇਣੀ ਚਾਹੀਦੀ ਹੈ ਅਤੇ ਡੇਅਰੀ ਦਾ ਧੰਦਾ ਇੱਕ ਅਜਿਹਾ ਧੰਦਾ ਬਣ ਕੇ ਸਾਹਮਣੇ ਆ ਰਿਹਾ ਹੈ ਜਿਸ ਨੂੰ ਅਪਣਾ ਕੇ ਕਿਸਾਨਾਂ ਦੀ ਆਰਥਿਕ ਹਾਲਤ ਮਜਬੂਤ ਹੋ ਸਕਦੀ ਹੈ। ਉਨ੍ਹਾਂ ਇਸ ਮੌਕੇ ਵਿਭਾਗੀ ਸਕੀਮਾਂ ਬਾਰੇ ਅਤੇ ਪਸ਼ੂਆਂ ਦੀਆਂ ਆਮ ਬਿਮਾਰੀਆਂ ਸਬੰਧੀ ਜਾਣਕਾਰੀ ਦਿੱਤੀ।ਇਸ ਮੌਕੇ ਵਿਸ਼ਾ ਮਾਹਰ ਮਹਿੰਦਰ ਸਿੰਘ ਨੇ ਸਹਿਕਾਰਤਾ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸਹਿਕਾਰਤਾ ਦਾ ਕਿਸਾਨੀ ਨਾਲ ਗੂੜਾ ਰਿਸ਼ਤਾ ਹੈ ਅਤੇ ਸਹਿਕਾਰਤਾ ਨਾਲ ਜੁੜ ਕੇ ਕਿਸਾਨ ਸਰਕਾਰ ਦੀਆਂ ਸਕੀਮਾਂ ਦਾ ਲਾਭ ਲੈ ਸਕਦੇ ਹਨ। ਇਸ ਮੌਕੇ ਦਰਸ਼ਨ ਸਿੰਘ ਸਿੱਧੂ ਨੇ ਪਸ਼ੂਆਂ ਦੀ ਸਾਂਭ ਸੰਭਾਲ ਅਤੇ ਨਸਲ ਸੁਧਾਰ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਪੰਜਾਬ ਨੈਸ਼ਨਲ ਬੈਂਕ ਦੇ ਨੁਮਾਇੰਦੇ ਵਰਿੰਦਰ ਕੁਮਾਰ ਨੇ ਬੈਂਕਾਂ ਤੋਂ ਕਰਜ਼ਾ ਪ੍ਰਾਪਤ ਕਰਨ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਦੁੱਧ ਉਤਪਾਦਕ ਮੌਜੂਦ ਸਨ।