ਪਿੰਡ ਜੀਤਾ ਸਿੰਘ ਵਾਲਾ ਵਿਖੇ ਲਗਾਏ ਗਏ ਅੱਖਾਂ ਦੇ ਜਾਂਚ ਕੈਂਪ ਵਿੱਚ 48 ਮਰੀਜ ਅਪ੍ਰੇਸ਼ਨ ਲਈ ਚੁਣੇ
ਬਾਘਾਪੁਰਾਣਾ / ਮੋਗਾ 23 ਨਵੰਬਰ ( ਕੁਲਵਿੰਦਰ ਸਿੰਘ ) : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ (ਪ੍ਰੋ:) ਐਸ ਪੀ ਸਿੰਘ ਉਬਰਾਏ ਜੀ ਦੇ ਯਤਨਾਂ ਸਦਕਾ ਅੱਜ ਹਜਾਰਾਂ ਲੋਕ ਇਸ ਦੁਨੀਆਂ ਦੇ ਰੰਗਾਂ ਦਾ ਆਨੰਦ ਮਾਣ ਰਹੇ ਹਨ। ਉਨ੍ਹਾਂ ਦੀ ਅਗਵਾਈ ਵਿੱਚ ਹੁਣ ਤੱਕ ਪੰਜਾਬ ਸਮੇਤ ਵੱਖ ਵੱਖ ਸੂਬਿਆਂ ਵਿੱਚ 553 ਕੈਂਪ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਲੱਖਾਂ ਲੋਕ ਆਪਣਾ ਮੁਫਤ ਚੈਕਅੱਪ ਕਰਵਾ ਕੇ ਦਵਾਈਆਂ ਅਤੇ ਐਨਕਾਂ ਲੈ ਚੁੱਕੇ ਹਨ ਤੇ ਹਜਾਰਾਂ ਲੋਕਾਂ ਦੇ ਇਨ੍ਹਾਂ ਕੈਂਪਾਂ ਰਾਹੀਂ ਲੈੰਜ ਪਾਏ ਜਾ ਚੁੱਕੇ ਹਨ। ਇਹ ਜਾਣਕਾਰੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਦੇ ਪ੍ਰਧਾਨ ਮਹਿੰਦਰ ਪਾਲ ਲੂੰਬਾ ਨੇ ਅੱਜ ਡੇਰਾ ਬਾਬਾ ਪ੍ਰਤਾਪ ਦਾਸ ਪਿੰਡ ਜੀਤਾ ਸਿੰਘ ਵਾਲਾ ਵਿਖੇ 553ਵੇਂ ਅੱਖਾਂ ਦੇ ਮੁਫਤ ਜਾਂਚ ਅਤੇ ਲੈਂਜ ਕੈਂਪ ਦਾ ਉਦਘਾਟਨ ਕਰਨ ਮੌਕੇ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਮੋਗਾ ਸ਼ਹਿਰ ਵਿੱਚ ਇੱਕ ਚੈਰੀਟੇਬਲ ਲੈਬ ਵੀ ਚਲਾਈ ਜਾ ਰਹੀ ਹੈ, ਜਿਸ ਵਿੱਚ ਬਜਾਰ ਨਾਲੋਂ 80%ਤੱਕ ਸਸਤੇ ਰੇਟਾਂ ਤੇ ਟੈਸਟ ਕੀਤੇ ਜਾਂਦੇ ਹਨ, ਇਸ ਤੋਂ ਇਲਾਵਾ ਹਰ ਮਹੀਨੇ ਲੋੜਵੰਦਾਂ ਦੀ ਆਰਥਿਕ ਮੱਦਦ, ਇਲਾਜ ਲਈ ਸਹਾਇਤਾ, ਮਕਾਨ ਬਨਾਉਣ ਲਈ ਸਹਾਇਤਾ, ਉਚੇਰੀ ਵਿੱਦਿਆ ਲਈ ਸਹਾਇਤਾ ਅਤੇ ਕਿੱਤਾਮੁਖੀ ਸਿਖਲਾਈ ਸਮੇਤ ਟਰੱਸਟ ਵੱਲੋਂ ਅਨੇਕਾਂ ਸਮਾਜ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ। ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜਰ ਸੀ ਡੀ ਪੀ ਓ ਬਾਘਾਪੁਰਾਣਾ ਸ਼੍ਰੀਮਤੀ ਗੁਰਜੀਤ ਕੌਰ ਨੇ ਟਰੱਸਟ ਦੇ ਇਸ ਉਦਮ ਦੀ ਸ਼ਲਾਘਾ ਕਰਦਿਆਂ ਟਰੱਸਟ ਵੱਲੋਂ ਸਮਾਜ ਦੇ ਲੋੜਵੰਦ ਵਰਗਾਂ ਲਈ ਕੀਤੇ ਜਾ ਰਹੇ ਅਨੇਕਾਂ ਸਮਾਜ ਭਲਾਈ ਕਾਰਜਾਂ ਲਈ ਡਾ ਐਸ ਪੀ ਸਿੰਘ ਉਬਰਾਏ ਅਤੇ ਮੋਗਾ ਟੀਮ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਉਨ੍ਹਾਂ ਇਸ ਮੌਕੇ ਕੈੰਪ ਵਿੱਚ ਇਲਾਜ ਲਈ ਆਏ ਮਰੀਜ਼ਾਂ ਨਾਲ ਗੱਲਬਾਤ ਵੀ ਕੀਤੀ। ਇਸ ਮੌਕੇ ਰੂਰਲ ਐਨ ਜੀ ਓ ਮੋਗਾ ਦੇ ਪ੍ਰਧਾਨ ਹਰਭਿੰਦਰ ਸਿੰਘ ਜਾਨੀਆਂ ਨੇ ਬਾਬਾ ਪ੍ਰਤਾਪ ਦਾਸ ਸਪੋਰਟਸ ਕਲੱਬ ਜੀਤਾ ਸਿੰਘ ਵਾਲਾ ਅਤੇ ਟਰੱਸਟ ਦੀ ਮੋਗਾ ਇਕਾਈ ਦੇ ਸਮੂਹ ਮੈਂਬਰਾਂ ਨੂੰ ਸਫਲ ਕੈਂਪ ਦੇ ਆਯੋਜਨ ਲਈ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਅਜਿਹੇ ਉਪਰਾਲੇ ਜਾਰੀ ਰੱਖਣ ਲਈ ਪ੍ਰੇਰਿਤ ਵੀ ਕੀਤਾ। ਇਸ ਮੌਕੇ ਕਲੱਬ ਪ੍ਰਧਾਨ ਕੁਲਵਿੰਦਰ ਸਿੰਘ ਅਤੇ ਰੂਰਲ ਐਨ ਜੀ ਓ ਮੋਗਾ ਦੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਰੇਸ਼ਮ ਸਿੰਘ ਨੇ ਪਿੰਡ ਵਿੱਚ ਕੈੰਪ ਲਗਾਉਣ ਅਤੇ ਇਸ ਨੂੰ ਸਫਲ ਬਨਾਉਣ ਵਿੱਚ ਮੱਦਦ ਕਰਨ ਲਈ ਡਾ ਐਸ ਪੀ ਸਿੰਘ ਉਬਰਾਏ, ਟਰੱਸਟ ਦੀ ਮੋਗਾ ਇਕਾਈ, ਐਨ ਆਰ ਆਈ ਕੇਵਲ ਸਿੰਘ ਅਤੇ ਜੁਗਰਾਜ ਸਿੰਘ (ਅਮਰੀਕਾ ਵਾਲਿਆਂ) ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਕੈਂਪ ਵਿੱਚ ਕੁੱਲ 370 ਮਰੀਜਾਂ ਦਾ ਚੈੱਕਅਪ ਕੀਤਾ ਗਿਆ, ਜਿਨ੍ਹਾਂ ਨੂੰ ਮੁਫਤ ਦਵਾਈਆਂ ਅਤੇ 174 ਮਰੀਜ਼ਾਂ ਨੂੰ ਐਨਕਾਂ ਦਿੱਤੀਆਂ ਗਈਆਂ ਅਤੇ 48 ਮਰੀਜ਼ਾਂ ਦੀ ਮੋਤੀਆਬਿੰਦ ਅਪ੍ਰੇਸ਼ਨ ਲਈ ਚੋਣ ਕੀਤੀ ਗਈ, ਜਿਨ੍ਹਾਂ ਦੇ ਅਗਲੇ ਤਿੰਨ ਦਿਨਾਂ ਵਿੱਚ ਜਗਦੰਬਾ ਆਈ ਹਸਪਤਾਲ ਬਾਘਾ ਪੁਰਾਣਾ ਵਿਖੇ ਲੈੰਜ ਪਾਏ ਜਾਣਗੇ। ਕਲੱਬ ਵੱਲੋਂ ਮਰੀਜਾਂ ਲਈ ਲੰਗਰ ਅਤੇ ਚਾਹ ਪਾਣੀ ਦਾ ਬਹੁਤ ਹੀ ਅੱਛਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਉਕਤ ਤੋਂ ਇਲਾਵਾ ਬਲਾਕ ਬਾਘਾ ਪੁਰਾਣਾ ਦੇ ਪ੍ਰਧਾਨ ਹਰਮਿੰਦਰ ਸਿੰਘ ਕੋਟਲਾ, ਗੁਰਸੇਵਕ ਸਿੰਘ ਸੰਨਿਆਸੀ, ਜਿਲ੍ਹਾ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ ਅਤੇ ਜਗਰੂਪ ਸਿੰਘ ਸਰੋਆ, ਕਾਰਜਕਾਰੀ ਸਰਪੰਚ ਜਸਪਾਲ ਸਿੰਘ, ਸੁਖਜੀਤ ਸਿੰਘ ਸੁੱਖਾ, ਬਲਜੀਤ ਸਿੰਘ ਸਟੂਡੀਓ, ਜਸਵੀਰ ਸਿੰਘ ਨਿੱਕਾ, ਕੁਲਵਿੰਦਰ ਸਿੰਘ, ਮੈਂਬਰ ਗੁਰਮੀਤ ਸਿੰਘ ਪੱਪਾ, ਯੁਧਵੀਰ ਸਿੰਘ, ਕੁਲਦੀਪ ਸਿੰਘ ਕੀਪਾ, ਡਾ ਸਤਨਾਮ ਸਿੰਘ, ਤੇਜਾ ਸਿੰਘ ਅਤੇ ਬਲਤੇਜ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਮਾਜ ਸੇਵੀ ਅਤੇ ਮਰੀਜ ਹਾਜਰ ਸਨ।
