ਮੋਗਾ, 24 ਨਵੰਬਰ: ( ਕੁਲਵਿੰਦਰ ਸਿੰਘ) – ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ ਆਰ.ਪੀ.ਡਬਲਯੂ.ਡੀ. ਐਕਟ-2016 ਅਧੀਨ ਜ਼ਿਲ੍ਹਾ ਪੱਧਰੀ ਕਮੇਟੀ ਨਾਲ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਵਿੱਚ ਸਿਹਤ ਵਿਭਾਗ, ਸਿੱਖਿਆ ਵਿਭਾਗ, ਸਮਾਜਿਕ ਸੁਰੱਖਿਆ ਵਿਭਾਗ ਅਤੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਮੌਜੂਦ ਸਨ। ਇਸ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਸਾਰੇ ਦਿਵਿਆਂਗ ਵਿਅਕਤੀਆਂ ਦੇ ਯੂ.ਡੀ.ਆਈ.ਡੀ. ਕਾਰਡ ਬਣਾਉਣ, ਯੂ.ਡੀ.ਆਈ.ਡੀ. ਪੋਰਟਲ ਉੱਪਰ ਲੰਬਿਤ ਪਈਆਂ ਅਰਜੀਆਂ ਦੇ ਨਿਪਟਾਰੇ ਆਦਿ ਸਬੰਧੀ ਵਿਚਾਰ ਵਟਾਂਦਰਾ ਕੀਤਾ। ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਨੂੰ ਆਦੇਸ਼ ਜਾਰੀ ਕੀਤੇ ਕਿ ਬੌਧਿਕ ਦਿਵਿਆਂਗਤਾ ਵਾਲੇ ਬੱਚੇ ਜਿੰਨ੍ਹਾਂ ਦੇ ਯੂ.ਡੀ.ਆਈ.ਡੀ. ਕਾਰਡ ਨਹੀਂ ਬਣੇ ਉਨ੍ਹਾਂ ਦੇ ਜਲਦ ਤੋਂ ਜਲਦ ਇਹ ਕਾਰਡ ਬਣਾਵਾਏ ਜਾਣ। ਡਿਪਟੀ ਕਮਿਸ਼ਨਰ ਨੇ ਬੀ. ਐਡ ਆਰ ਵੱਲੋਂ ਸਿਪਡਾ ਸਕੀਮ ਤਹਿਤ ਭੇਜੀਆਂ ਗਈਆਂ ਪ੍ਰਪੋਜਲਾਂ ਦੀ ਸਟੇਟਸ ਰਿਪੋਰਟ ਵੀ ਚੈੱਕ ਕੀਤੀ। ਉਨ੍ਹਾਂ ਰੈੱਡ ਕਰਾਸ ਦੇ ਨੁਮਾਇੰਦਿਆਂ ਨੂੰ ਹਦਾਇਤ ਜਾਰੀ ਕੀਤੀ ਕਿ ਉਹ ਸਮੂਹ ਐਸ.ਡੀ.ਐਮ.ਜ਼ ਦਫ਼ਤਰਾਂ ਅਤੇ ਡੀ.ਸੀ. ਦਫ਼ਤਰ ਵਿਖੇ ਵੀਲ੍ਹ ਚੇਅਰਾਂ ਦਾ ਜਲਦੀ ਤੋਂ ਜਲਦੀ ਪ੍ਰਬੰਧ ਕਰਨ ਨੂੰ ਯਕੀਨੀ ਬਣਾਉਣ।ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਦੱਸਿਆ ਕਿ ਜ਼ਿਲ੍ਹੇ ਮੋਗੇ ਵਿੱਚ ਕੋਈ ਵੀ ਦਿਵਿਆਂਗ ਵਿਅਕਤੀ ਯੂ.ਡੀ.ਆਈ.ਡੀ. ਕਾਰਡ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ ਇਸਦਾ ਲਾਭ ਹਰ ਇੱਕ ਯੋਗ ਵਿਅਕਤੀ ਤੱਕ ਪੁੱਜਦਾ ਹੋਣਾ ਚਾਹੀਦਾ ਹੈ ਕਿਉਂਕਿ ਹਰ ਤਰ੍ਹਾਂ ਦੀਆਂ ਸਰਕਾਰੀ ਸਹੂਲਤਾਂ ਇਸ ਜਰੀਏ ਹੀ ਦਿਵਿਆਂਗ ਵਿਅਕਤੀਆਂ ਨੂੰ ਦਿੱਤੀਆਂ ਜਾਣੀਆਂ ਹਨ। ਉਨ੍ਹਾਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨੂੰ ਹਰ ਦਿਵਿਆਂਗ ਪੈਨਸ਼ਨਰ ਦਾ ਯੂ.ਡੀ.ਆਈ.ਡੀ. ਕਾਰਡ ਬਣਵਾਉਣ ਲਈ ਪਿੰਡ ਪੱਧਰੀ ਕਵਰੇਜ ਕਰਨ ਦੀ ਹਦਾਇਤ ਵੀ ਜਾਰੀ ਕੀਤੀ।
