ਸ਼ੁਰੂਆਤੀ ਦੌਰ ’ਚ ਦੇਸ਼ ਭਰ ’ਚ ਸਿਰਫ 2 ਲੋਕ ਸਭਾ ਸੀਟਾਂ ਨਾਲ ਸ਼ੁਰੂਆਤ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਅੱਜ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਵਜੋਂ ਆਪਣੇ ਆਪ ਨੂੰ ਸਥਾਪਿਤ ਕਰ ਲਿਆ ਹੈ। ਕੇਂਦਰ ’ਚ ਸਰਕਾਰ ਚਲਾਉਣ ਦੇ ਨਾਲ-ਨਾਲ ਦੇਸ਼ ਦੇ ਬਹੁਤੇ ਰਾਜਾਂ ਵਿੱਚ ਆਪਣੀ ਸਰਕਾਰ ਬਣਾਉਣ ਵਿੱਚ ਕਾਮਯਾਬ ਰਹੀ ਹੈ। ਪਰ ਪੰਜਾਬ ਇੱਕ ਅਜਿਹਾ ਸੂਬਾ ਹੈ ਜਿੱਥੇ 20 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਵਿੱਚ ਰਹਿ ਕੇ ਪੰਜਾਬ ਵਿਚ ਕਈ ਵਾਰ ਸਰਕਾਰ ਬਣਾਉਣ ਦੇ ਬਾਵਜੂਦ ਆਪਣੇ ਆਧਾਰ ਤੋਂ ਪੰਜਾਬ ਵਿਚ ਕਾਇਮ ਨਹੀਂ ਕਰ ਸਕੀ। ਦੇਸ਼ ਵਿੱਚ ਖੇਤੀ ਕਾਨੂੰਨ ਲਾਗੂ ਕਰਨ ਸਦਕਾ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਰੀਵਸ ਭਾਜਪਾ ਨੂੰ ਛੱਡਣਾ ਪਿਆ। ਉਦੋਂ ਤੋਂ ਹੀ ਭਾਜਪਾ ਨੇ ਪੰਜਾਬ ਵਿੱਚ ਆਪਣੇ ਲਈ ਸਿਆਸੀ ਜਮੀਨ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿਤੀ। ਭਾਜਪਾ ਨੂੰ ਆਪਣੀ ਮੁਹਿਮ ਨੂੰ ਸਫਲ ਬਨਾਉਣ ਵਿਚ ਕਾਂਗਰਸ ਦੀ ਅੰਦਰੂਨੀ ਫੁੱਟ ਦਾ ਲਾਭ ਹਾਸਿਲ ਹੋ ਗਿਆ। ਪੰਜਾਬ ਵਿਚ ਕੈਪਟਨ ਅੰਰਿੰਰ ਸਿੰਘ ਦੀ ਅਗੁਵਾਈ ਵਾਲੀ ਸਰਕਾਰ ਦੇ ਸਮੇਂ ਵਿਚ ਪਾਰਟੀ ਵਿਚ ਭਾਰੀ ਫੁੱਟ ਪੈ ਗਈ। ਸਾਰੇ ਆਗੂ ਇੱਕ-ਦੂਜੇ ਦੇ ਖਿਲਾਫ ਖੜ੍ਹੇ ਹੋ ਗਏ। ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਗਿਆ ਤਾਂ ਉਨ੍ਹਾਂ ਨੇ ਭਾਜਪਾ ਨਾਲ ਤਾਲਮੇਲ ਪੈਦਾ ਕਰ ਲਿਆ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਕੈਪਟਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦੇਣ ਕਾਰਨ ਉਨ੍ਹਾਂ ਦੀ ਉਮੀਦ ਅਨੁਸਾਰ ਮੁੱਖ ਮੰਤਰੀ ਨਹੀਂ ਬਣਾਇਆ ਗਿਆ ਤਾਂ ਉਹ ਨਾਰਾਜ਼ ਹੋ ਕੇ ਭਾਜਪਾ ’ਚ ਸ਼ਾਮਲ ਹੋ ਗਏ। ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕਈ ਨੇਤਾਵਾਂ ਨੂੰ ਭਾਜਪਾ ’ਚ ਸ਼ਾਮਲ ਕਰਵਾ ਲਿਆ। ਹੁਣ ਕਾਂਗਰਸ ਦੇ ਵੱਡੇ ਨੇਤਾਵਾਂ ਦੇ ਮੋਢਿਆਂ ’ਤੇ ਭਾਜਪਾ ਪੰਜਾਬ ਵਿਚ ਆਪਣਾ ਸਿਆਸੀ ਆਧਾਰ ਕਾਇਮ ਕਰਨ ਦੇ ਯਤਨ ਕਰ ਰਹੀ ਹੈ। ਆਉਣ ਵਾਲੇ ਸਮੇਂ ’ਚ ਸਾਲ 2024.ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿਚ ਸਿਆਸੀ ਜਮੀਨ ਦੀ ਗਰਾਉਂਡ ਤਿਆਰ ਕਰਨ ਲਈ ਭਾਜਪਾ ਵਲੋਂ ਪੰਜਾਬ ਦੇ ਵੱਡੇ ਆਗੂਆਂ ਨੂੰ ਪਾਰਟੀ ਵਿੱਚ ਚੰਗੇ ਅਹੁਦੇ ਦੇ ਕੇ ਸਨਮਾਨਿਤ ਕੀਤਾ ਗਿਆ। ਜਿਸ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਨੂੰ ਰਾਸ਼ਟਰੀ ਕਰਜਕਾਰੀ ਕਮੇਟੀ ਵਿਚ ਸ਼ਾਮਲ ਕੀਤਾ ਗਿਆ ਹੈ। ਰਾਣਾ ਗੁਰਜੀਤ ਸਿੰਘ ਸੋਢੀ ਅਤੇ ਸਾਬਕਾ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦੀ ਸਪੁੱਤਰੀ ਅਮਨਜੋਤ ਕੌਰ ਰਾਮੂਵਾਲੀਆ ਨੂੰ ਸਪੈਸ਼ਲ ਇਨਵਾਇਟੀ ਮੈਂਬਰ ਲਿਆ ਗਿਆ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਸਾਥੀ ਜੈਵੀਰ ਸ਼ੇਰਗਿੱਲ ਨੂੰ ਭਾਜਪਾ ਦਾ ਕੌਮੀ ਬੁਲਾਰਾ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ਵੱਡੀਆਂ ਨਿਯੁਕਤੀਆਂ ਨੂੰ ਲੈ ਕੇ ਭਾਜਪਾ ਇਨ੍ਹਾਂ ਵੱਡੇ ਆਗੂਆਂ ਦੇ ਸਹਾਰੇ ਪੰਜਾਬ ਵਿਚ ਸੱਤਾ ਦੀ ਚਾਬੀ ਹਾਸਿਲ ਕਰਨ ਦਾ ਸੁਪਨਾ ਦੇਖ ਰਹੀ ਹੈ। ਪੰਜਾਬ ਦੀ ਰਾਜਨੀਤੀ ਦੀ ਗੱਲ ਕਰੀਏ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਦੇ ਮੁੱਖ ਮੰਤਰੀ ਵਜੋਂ ਪਹਿਲੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਕਰਕੇ ਪੰਜਾਬ ਦੇ ਲੋਕਾਂ ਵੱਲੋਂ ਪਸੰਦ ਕੀਤਾ ਗਿਆ ਸੀ। ਪਰ ਇਸ ਵਾਰ ਮੁੱਖ ਮੰਤਰੀ ਵਜੋਂ ਕਾਰਜਕਾਲ ਵਜੋਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਾਸੀਆਂ ਨੂੰ ਬੁਰੀ ਤਰ੍ਹਾਂ ਨਾਲ ਨਿਰਾਸ਼ ਕੀਤਾ। ਜੋ ਉਮੀਦਾਂ ਉਨ੍ਹਾਂ ਤੋਂ ਪੰਜਾਬ ਵਾਸੀਆਂ ਨੇ ਲਗਾਈਆਂ ਸਨ ਉਨ੍ਹਾਂ ਤੇ ਉਹ ਪੂਰੇ ਨਹੀਂ ਉੱਤਰ ਸਕੇ। ਸ੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲਿਆਂ ਵਿਚ ਕਿਸੇ ਵੀ ਦੋਸ਼ੀ ਨੂੰ ਸਜ਼ਾ ਦੇ ਮੁਾਕਮ ਤੱਕ ਨਹੀਂ ਪਹੁੰਚਾ ਸਕੇ, ਕੈਪਟਨ ਅਮਰਿੰਦਰ ਸਿੰਘ ’ਤੇ ਬਾਦਲ ਪਰਿਵਾਰ ਨਾਲ ਮਿਲੀ ਭੁਗਤ ਦੇ ਦੋਸ਼ਾਂ ਨੇ ਉਨ੍ਹਾਂ ਦੇ ਅਕਸ ਨੂੰ ਢਾਹ ਲਾਈ। ਜਿਸ ਕਾਰਨ ਉਨ੍ਹਾਂ ਨੂੰ ਸੱਤਾ ’ਚ ਹੁੰਦਿਆਂ ਹੀ ਪੰਜਾਬ ਦੇ ਲੋਕਾਂ ਨੇ ਨਕਾਰ ਦਿੱਤਾ ਸੀ। ਦੂਜੇ ਪਾਸੇ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਸੁਲਝਿਆ ਹੋਇਆ ਆਗੂ ਮੰਨਿਆ ਜਾਂਦਾ ਹੈ ਪਰ ਮੁੱਖ ਮੰਤਰੀ ਨਾ ਬਣਨ ਕਾਰਨ ਉਹ ਕਾਂਗਰਸ ਛੱਡ ਕੇ ਭਾਜਪਾ ਵਿੱਚ ਚਲੇ ਗਏ। ਜਿਸ ਵਿੱਚ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਦਾ ਇਹ ਫੈਸਲਾ ਹਜ਼ਮ ਨਹੀਂ ਹੋ ਰਿਹਾ । ਉਨ੍ਹਾਂ ਦੇ ਪਿਤਾ ਅਤੇ ਥੁਦ ਉਨ੍ਹਾਂ ਨੇ ਆਪਣੀ ਸਾਰੀ ਉਮਰ ਕਾਂਗਰਸ ਵਿਚ ਗੁਜ਼ਾਰ ਦਿੱਤੀ। ਜਿਸ ਪਾਰਟੀ ਨੂੰ ਸਾਰੀ ਉਮਰ ਉਨ੍ਹਾਂ ਦੇ ਪਿਤਾ ਅਤੇ ਉਹ ਖੁਦ ਆਪ ਪਾਣੀ ਪੀ ਪੀ ਕੇ ਕੋਸਦੇ ਰਹੇ ਹੁਣ ਉਸੇ ਪਾਰਟੀ ਦੀ ਗੋਦ ਵਿਚ ਜਾ ਬੈਠੇ। ਅਜਿਹੇ ਵਿਚ ਕੋਈ ਵੀ ਨੇਤਾ ਭਾਵੇਂ ਆਪਣੀ ਕਿਸੇ ਵੀ ਮਾਂ ਪਾਰਟੀ ਨੂੰ ਛੱਡ ਕੇ ਕਿਸੇ ਅਜਿਹੀ ਪਾਰਟੀ ਵਿਚ ਜਾਂਦਾ ਹੈ ਜਿਸਦਾ ਉਹ ਹਮੇਸ਼ਾ ਵਿਰੋਧੀ ਰਿਹਾ ਹੋਵੇ ਉਸ ਪਾਰਟੀ ਵਿਚ ਜਾਣ ਤੇ ਉਹ ਕਦੇ ਵੀ ਉਸ ਲਈ ਲਾਭਦਾਇਕ ਸਾਬਤ ਨਹੀਂ ਹੋ ਸਕਦੀ। ਆਪਣੀ ਮਾਂ ਪਾਰਟੀ ਛੱਡ ਕੇ ਕਿਸੇ ਹੋਰ ਪਾਰਟੀ ਵਿੱਚ ਜਾਣ ਵਾਲੇ ਬਹੁਤੇ ਲੋਕ ਸਿਆਸੀ ਤੌਰ ’ਤੇ ਆਤਮ ਹੱਤਿਆ ਕਰ ਲੈਂਦੇ ਹਨ। ਉਸ ਤੋਂ ਬਾਅਦ ਨਾ ਤਾਂ ਉਨ੍ਹਾਂ ਦੀ ਆਪਣੀ ਪਾਰਟੀ ਪਹਿਲਾਂ ਵਾਲਾ ਸਤਿਕਾਰ ਦਿੰਦੀ ਹੈ ਅਤੇ ਨਾ ਹੀ ਜਿਸ ਪਾਰਟੀ ਵਿਚ ਗਏ ਹੁੰਦੇ ਹਨ ਉਸਦੇ ਨੇਤਾ ਉਨ੍ਹਾਂ ਨੂੰ ਸਵਿਕਾਰ ਕਰ ਪਾਉਂਦੇ ਹਨ। ਸਿਆਸੀ ਗਲਿਆਰਿਆਂ ਵਿੱਚ ਅਜਿਹੀਆਂ ਕਈ ਉਦਾਹਰਣਾਂ ਦੇਖਣ ਨੂੰ ਮਿਲ ਸਕਦੀਆਂ ਹਨ। ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਇਹ ਲੋਕ ਭਾਜਪਾ ਨੂੰ ਫਰਸ਼ ਤੋਂ ਅਰਸ਼ ਤੱਕ ਲਿਜਾਣ ਵਿੱਚ ਕਿੰਨੇ ਕੁ ਕਾਮਯਾਬ ਹੋਣਗੇ।
ਹਰਵਿੰਦਰ ਸਿੰਘ ਸੱਗੂ।