ਚੰਡੀਗੜ੍ਹ, 4 ਦਸੰਬਰ:( ਲਿਕੇਸ਼ ਸ਼ਰਮਾਂ, ਮੋਹਿਤ ਜੈਨ)- ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹਈਆ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਜਿਸ ਕਾਰਨ ਪੁਰੇ ਪੰਜਾਬ ਭਰ ਵਿਚ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਇਸ ਦਿਸ਼ਾ ਵਿਚ ਇਕ ਕਦਮ ਅੱਗੇ ਲਿਜਾਂਦਿਆਂ ਹੋਏ ਸਥਾਨਕ ਸਰਕਾਰਾਂ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਲੰਧਰ ਸ਼ਹਿਰ ਵਿਖੇ ਜਲ ਸਪਲਾਈ, ਸੀਵਰੇਜ ਵਿਵਸਥਾ ਵਿਚ ਸੁਧਾਰ ਕਰਨ ਅਤੇ ਹੋਰ ਵਿਕਾਸ ਕਾਰਜਾਂ ‘ਤੇ ਤਕਰੀਬਨ 7.29 ਕਰੋੜ ਰੁਪਏ ਖਰਚਣ ਦਾ ਫੈਸਲਾ ਲਿਆ ਗਿਆ ਹੈ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਮੰਤਰੀ ਡਾ ਇੰਦਰਬੀਰ ਸਿੰਘ ਨਿੱਜਰ ਨੇ ਜਲੰਧਰ ਵਿਖੇ ਜਲ ਸਪਲਾਈ ਵਿਵਸਥਾ ਨੂੰ ਬਿਹੱਤਰ ਬਣਾਉਣ ਲਈ ਡੀ ਆਈ ਕੇ-7 ਜਲ ਸਪਲਾਈ ਲਾਈਨ ਪ੍ਰਦਾਨ/ਵਿਛਾਉਣ ਦਾ ਕੰਮ ਕੀਤਾ ਜਾਵੇਗਾ ਅਤੇ ਨਾਲ ਹੀ ਸਲੂਇਸ ਵਾਲਵ ਹੌਡੀਜ਼ ਦਾ ਨਿਰਮਾਣ, ਘਰ ਦੇ ਕੁਨੈਕਸ਼ਨ ਸਮੇਤ ਫਾਇਰ ਹਾਈਡ੍ਰੈਂਟਸ ਅਤੇ ਇਸ ਨਾਲ ਸਬੰਧਤ ਹੋਰ ਕੰਮ ਕੀਤੇ ਜਾਣਗੇ, ਜਿਸ ‘ਤੇ ਅੰਦਾਜ਼ਨ 6.34 ਕਰੋੜ ਰੁਪਏ ਖਰਚ ਕੀਤੇ ਜਾਣਗੇ।ਕੈਬਨਿਟ ਮੰਤਰੀ ਡਾ.ਨਿੱਜਰ ਨੇ ਦੱਸਿਆ ਕਿ ਇਸੇ ਤਰ੍ਹਾਂ ਜਲੰਧਰ ਦੇ ਫਿਲੌਰ ਵਿਖੇ ਵਾਰਡ ਨੰਬਰ 8 ਅਤੇ 9 ਵਿਖੇ ਵਾਟਰ ਸਪਲਾਈ ਦੀ ਜੀ.ਆਈ ਪਾਈਪ ਲਾਈਨ ਅਤੇ ਸੀਵਰੇਜ ਲਾਈਨ ਵਿਛਾਉਣ ‘ਤੇ ਲਗਭਗ 26.93 ਲੱਖ ਰੁਪਏ ਖਰਚ ਕੀਤੇ ਜਾਣਗੇ।
ਸਥਾਨਕ ਸਰਕਾਰਾਂ ਮੰਤਰੀ ਡਾ. ਨਿੱਜਰ ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਜਲੰਧਰ ਸ਼ਹਿਰ ਵਿਖੇ ਵੱਖ- ਵੱਖ ਪਾਰਕਾਂ ਦਾ ਵਿਕਾਸ ਕੀਤਾ ਜਾਵੇਗਾ ਅਤੇ ਨਾਲ ਹੀ ਨਗਰ ਸੁਧਾਰ ਟਰੱਸਟ ਜਲੰਧਰ ਵੱਲੋਂ ਨਗਰ ਸੁਧਾਰ ਟਰੱਸਟ ਦੇ ਕੰਮਾਂ ਅਤੇ ਸ਼ਹਿਰ ਦੀ ਸਾਫ ਸਫਾਈ ਦੇ ਕੰਮਾਂ ਨੂੰ ਨਿਰਵਿਘਨ ਚਲਾਉਣ ਲਈ ਵੱਖ-ਵੱਖ ਅਸਾਮੀਆਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ, ਜਿਹਨਾਂ ‘ਤੇ ਤਕਰੀਬਨ 68.29 ਲੱਖ ਰੁਪਏ ਖਰਚ ਕੀਤੇ ਜਾਣਗੇ।
ਮੰਤਰੀ ਨੇ ਅੱਗੇ ਦੱਸਿਆ ਕਿ ਜਲੰਧਰ ਸ਼ਹਿਰ ਦੀ ਜਲ ਸਪਲਾਈ ਅਤੇ ਸੀਵਰੇਜ ਵਿਵਸਥਾ ਵਿਚ ਸੁਧਾਰ ਲਿਆਉਣ ਲਈ ਵਿਭਾਗ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਕੈਬਨਿਟ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਅਤੇ ਸਾਫ ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣ ਲਈ ਮੁੱਖ ਤਰਜੀਹ ਦੇ ਰਹੀ ਹੈ।ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਕੀਤੇ ਜਾਣ ਵਾਲੇ ਕੰਮਾਂ ਵਿਚ ਪਾਰਦਰਸ਼ਤਾ ਅਤੇ ਗੁਣਵੱਤਾ ਲਿਆਉਣੀ ਯਕੀਨੀ ਬਣਾਈ ਜਾਵੇ ਤਾਂ ਜੋ ਸੂਬੇ ਦੇ ਵਾਸੀਆਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਮੁਹੱਈਆ ਕਰਵਾਉਣ ਦਾ ਮਾਨ ਸਰਕਾਰ ਦਾ ਸੁਪਨਾ ਸਾਕਾਰ ਹੋ ਸਕੇ।